ਦੋਸਤੋ! ਡੇਢ-ਦੋ ਕੁ ਸਾਲ ਦੀ ਗੱਲ ਹੈ। ਮੈਨੂੰ ਯੂ.ਐੱਸ.ਏ. ਤੋਂ ਹਰਜਿੰਦਰ ਕੰਗ ਸਾਹਿਬ ਦਾ ਫ਼ੋਨ ਆਇਆ। ਗੱਲਾਂ ਚੱਲ ਰਹੀਆਂ ਸਨ ਤਾਂ ਕਿਸੇ ਮੀਆਂ-ਬੀਵੀ ਦੋਵਾਂ ਦੇ ਲੇਖਕ ਹੋਣ ਦਾ ਜ਼ਿਕਰ ਛਿੜ ਪਿਆ:ਮੈਂ ਕਿਹਾ: “ ਕੰਗ ਸਾਹਿਬ! ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਜੀਵਨ-ਸਾਥੀ ਦੋਵੇਂ ਲਿਖਦੇ ਹੋਣ, ਇਕ ਦੂਜੇ ਨਾਲ਼ ਲਿਖਤਾਂ ਬਾਰੇ ਸਲਾਹ ਕਰ ਸਕਦੇ ਹਨ, ਇਕ ਦੂਜੇ ਨੂੰ ਸੁਝਾਅ ਦੇ ਸਕਦੇ ਹਨ।”
ਮੇਰੇ ਏਨਾ ਆਖਣ ਦੀ ਦੇਰ ਸੀ ਕਿ ਕੰਗ ਸਾਹਿਬ ਕਹਿਣ ਲੱਗੇ: “ ਇਹ ਖ਼ਿਆਲ ਕਦੇ ਭੁੱਲ ਕੇ ਵੀ ਦਿਮਾਗ਼ ਵਿਚ ਨਾ ਲਿਆਈਂ ਕਿ ਜੀਵਨ-ਸਾਥੀ ਲੇਖਕ ਹੋਣਾ ਚਾਹੀਦਾ ਹੈ।”
ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ: “ ਕਿਉਂ ਕੰਗ ਸਾਹਿਬ?”




