Showing posts with label ਸੁਰਿੰਦਰ ਸੋਹਲ. Show all posts
Showing posts with label ਸੁਰਿੰਦਰ ਸੋਹਲ. Show all posts

Wednesday, December 2, 2009

ਸੁਰਿੰਦਰ ਸੋਹਲ – ਤੋਰੀਆਂ ‘ਚ ਦਿਲ ਵਸਦਾ – ਸ਼ੇਰ ਸਿੰਘ ਕੰਵਲ

ਨਿਊਯਾਰਕ ਤੋਂ ਸੁਰਿੰਦਰ ਸੋਹਲ, ਰਣਧੀਰ ਸਿੰਘ ਨਿਊਯਾਰਕ, ਕੇ ਐਲ ਗਰਗ ਅਤੇ ਬਲਦੇਵ ਗਰੇਵਾਲ ਨਿਆਗਰਾ ਫਾਲਜ਼ ਵਿਚ ਰਹਿੰਦੇ ਪੰਜਾਬੀ ਸ਼ਾਇਰ ਪ੍ਰੋ. ਸ਼ੇਰ ਸਿੰਘ ਕੰਵਲ ਨੂੰ ਮਿਲਣ ਗਏ। ਉਦੋਂ ਪ੍ਰੋ. ਸ਼ੇਰ ਸਿੰਘ ਕੰਵਲ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਣ ਦੇ ਨਾਲ ਨਾਲ, ਸਭ ਤੋਂ ਲੰਮੀਆਂ ਤੋਰੀਆਂ (ਡਾਨੀਆਂ) ਪੈਦਾ ਕਰਕੇ ਆਪਣਾ ਨਾਂ ਦੋ ਵਾਰ ਗਿਨੀਜ਼ ਬੁੱਕ ਵਿਚ ਦਰਜ ਕਰਵਾ ਚੁੱਕਾ ਸੀ। ਜਿਹੜੀਆਂ ਤੋਰੀਆਂ ਦੋ-ਢਾਈ ਫੁੱਟ ਤੱਕ ਲੰਮੀਆਂ ਹੁੰਦੀਆਂ ਹਨ, ਉਸ ਦੇ ਘਰ ਤੋਰੀਆਂ ਦੀ ਲੰਬਾਈ 57 ਇੰਚ, ਫਿਰ 76 ਇੰਚ ਤੇ ਮਗਰੋਂ ਜਾ ਕੇ 84 ਇੰਚ ਵੀ ਹੋ ਗਈ ਸੀ।

ਉਂਕਾਰਪ੍ਰੀਤ ਟੋਰਾਂਟੋ ਤੋਂ ਨਿਆਗਰਾ ਫਾਲਜ਼ ਆ ਗਿਆ ਸੀ।

ਸਾਰੀ ਰਾਤ ਖ਼ੂਬ ਖੱਪ ਪਾਉਂਦੇ ਰਹੇ।

ਦੂਜੇ ਦਿਨ ਸਵਰੇ ਉੱਠ ਕੇ ਨਾਸ਼ਤਾ ਕੀਤਾ। ਵਾਪਸੀ ਵੇਲੇ ਸਾਰੇ ਜਣੇ ਤੋਰੀਆਂ ਕੋਲ਼ ਖੜ੍ਹੇ ਸਨ।

........

ਸੁਰਿੰਦਰ ਸੋਹਲ ਨੇ ਪੁੱਛਿਆ,‘ਕੰਵਲ ਸਾਹਿਬ ਤੁਸੀਂ ਜਦੋਂ ਕਦੇ ਤੋਰੀਆਂ ਦੀ ਸਬਜ਼ੀ ਬਣਾਉਣ ਲਈ ਕੋਈ ਤੋਰੀ ਤੋੜਦੇ ਹੋ ਤਾਂ ਤੁਹਾਨੂੰ ਏਦਾਂ ਨਹੀਂ ਲੱਗਦਾ ਕਿ ਕਿਤੇ ਇਸਨੇ ਹੀ ਸਭ ਤੋਂ ਲੰਬੀ ਨਾ ਹੋ ਜਾਣਾ ਹੋਵੇ।’

........

ਪ੍ਰੋ. ਸ਼ੇਰ ਸਿੰਘ ਕੰਵਲ ਨੇ ਕਿਹਾ,‘ਨਹੀਂ, ਹਰ ਤੋਰੀ ਦੀ ਬਣਤਰ ਦੇਖ ਕੇ ਪਤਾ ਲੱਗਾ ਜਾਂਦੈ ਕਿ ਕਿਹੜੀ ਨੇ ਵੱਡੀ ਹੋਣੈ।’

........

ਰਣਧੀਰ ਸਿੰਘ ਨਿਊਯਾਰਕ ਨੇ ਕਿਹਾ, ‘ਸਾਨੂੰ ਇਕ ਤੋਰੀ ਦੇ ਦਿਉ, ਅਸੀਂ ਜਾ ਕੇ ਬਣਾਵਾਂਗੇ ਤੇ ਤੁਹਾਨੂੰ ਯਾਦ ਕਰਾਂਗੇ।’

ਪ੍ਰੋ. ਕੰਵਲ ਕੈਂਚੀ ਲੈ ਆਇਆ। ਉਸਨੇ ਬੜੇ ਗ਼ੌਰ ਨਾਲ ਤੋਰੀਆਂ ਨੂੰ ਦੇਖਿਆ ਤੇ ਇਕ ਤੋਰੀ ਕੱਟ ਦਿੱਤੀ।

ਸਭ ਆਪੋ ਆਪਣੇ ਘਰਾਂ ਨੂੰ ਤੁਰ ਪਏ।

.............

ਕੁਝ ਦਿਨਾਂ ਬਾਅਦ ਉਂਕਾਰਪ੍ਰੀਤ ਟੋਰਾਂਟੋ ਤੋਂ ਪ੍ਰੋ. ਕੰਵਲ ਦਾ ਕੰਪਿਊਟਰ ਠੀਕ ਕਰਨ ਆਇਆ।

ਉਸਨੇ ਪੁੱਛਿਆ, ‘ਕੰਵਲ ਸਾਹਿਬ, ਤੁਸੀਂ ਤੋਰੀਆਂ ਦੀ ਸਬਜ਼ੀ ਵੀ ਬਣਾਉਂਦੇ ਓ?’

...........

ਪ੍ਰੋ. ਕੰਵਲ ਨੇ ਕਿਹਾ,‘ਨਹੀਂ, ਕੀ ਪਤਾ ਹੁੰਦਾ ਕਿਹੜੀ ਤੋਰੀ ਨੇ ਲੰਬੀ ਹੋ ਜਾਣੈਂ।’

...........

ਉਂਕਾਰਪ੍ਰੀਤ ਨੇ ਕਿਹਾ,‘ਪਰ ਉਸ ਦਿਨ ਰਣਧੀਰ ਸਿੰਘ ਦੇ ਕਹਿਣ ’ਤੇ ਤੁਸੀਂ ਇਕਦਮ ਤੋਰੀ ਕੱਟ ਕੇ ਦੇ ਦਿੱਤੀ ਸੀ।’

.............

ਪ੍ਰੋ. ਕੰਵਲ ਬੋਲਿਆ, ‘ਉਂਕਾਰ, ਦੇਖ ਬੰਦੇ ਕਿੱਡੀ ਦੂਰੋਂ ਆਏ ਸੀ, ਇਸ ਕਰਕੇ ਉਹਨਾਂ ਨੂੰ ਮੈਂ ਤੋਰੀ ਦੇ ਦਿੱਤੀ। ਪਰ ਜਦੋਂ ਮੈਂ ਕੈਂਚੀ ਨਾਲ ਤੋਰੀ ਕੱਟ ਰਿਹਾ ਸੀ, ਉਦੋਂ ਆਪਣੇ ਦਿਲ ਦੀ ਹਾਲਤ ਜਾਂ ਮੈਂ ਜਾਣਦਾ ਸੀ, ਜਾਂ ਰੱਬ ਜਾਣਦਾ ਹੋਊ...।’






Saturday, April 4, 2009

ਸੁਰਿੰਦਰ ਸੋਹਲ - ਪਰਦੇ 'ਤੇ ਧਰਮਿੰਦਰ ਕਿ ਵੀਹਾਂ ਦਾ ਨੋਟ..??

ਆਪਣੇ ਵੇਲੇ ਦੇ ਚਰਚਿਤ ਸ਼ਾਇਰ, ਪੱਤਰਕਾਰ ਅਤੇ ਦੇਸ਼-ਭਗਤ ਜਰਨੈਲ ਸਿੰਘ ਅਰਸ਼ੀ ਦੀ ਅਖ਼ਬਾਰ ‘ਲਲਕਾਰ’ ਦਾ ਦਫ਼ਤਰ ਲੁਧਿਆਣੇ ਵਿਚ ਸੀ। ਦਫ਼ਤਰ ਦੇ ਨਾਲ ਹੀ ਨੌਲੱਖਾ ਸਿਨਮਾ ਸੀ। ਇਕ ਵਾਰ ਪੰਦਰਾਂ ਦੋਸਤ ਇਕੱਠ ਹੋ ਕੇ ਆ ਗਏ।
ਇੱਕ ਨੇ ਕਿਹਾ,‘ਅਰਸ਼ੀ, ਅਸੀਂ ਫਿਲਮ ਦੇਖਣੀ ਆਂ। ਦੇਖਣੀ ਤੇਰੇ ਸਿਰੋਂ ਆਂ। ਸਾਨੂੰ ਪੈਸੇ ਦੇ।’

ਇੱਕ ਰੁਪਇਆ ਪੰਜ ਪੈਸੇ ਦੀ ਟਿਕਟ ਸੀ। ਅਰਸ਼ੀ ਨੇ ਵੀਹਾਂ ਦਾ ਨੋਟ ਕੱਢ ਕੇ ਫੜ੍ਹਾ ਦਿੱਤਾ। ਇਕ ਜਣਾ ਗਿਆ। ਸੋਲ਼ਾਂ ਟਿਕਟਾਂ ਲੈ ਆਇਆ। ਅਰਸ਼ੀ ਨੇ ਪੁੱਛਿਆ,‘ਤੁਸੀਂ ਪੰਦਰਾਂ ਜਣੇ ਓਂ, ਸੋਲ਼ਾਂ ਟਿਕਟਾਂ ਕੀ ਕਰਨੀਆਂ ਸੀ?’


ਉਹ ਬੰਦਾ ਕਹਿਣ ਲੱਗਾ,‘ਅਰਸ਼ੀ ਤੂੰ ਵੀ ਸਾਡੇ ਨਾਲ ਫ਼ਿਲਮ ਦੇਖੇਂਗਾ।’


ਅਰਸ਼ੀ ਆਪਣੀ ਸਦਾ-ਬਹਾਰ ਸੁਰ ਵਿਚ ਬੋਲਿਆ, ‘ਸਾਲਿਓ, ਮੈਨੂੰ ਫ਼ਿਲਮ ਸੁਝਣੀ ਆਂ, ਅੰਦਰ ਬੈਠੇ ਨੂੰ ਮੈਨੂੰ ਤਾਂ ਪਰਦੇ ‘ਤੇ ਵੀਹਾਂ ਦਾ ਨੋਟ ਹੀ ਦਿਸੀ ਜਾਣੈਂ।’

(ਗੁਰਚਰਨ ਰਾਮਪੁਰੀ ਦੀ ਜ਼ਬਾਨੀ)




Sunday, March 22, 2009

ਸੁਰਿੰਦਰ ਸੋਹਲ – ਕੌਣ ਸਹੀ, ਕੌਣ .........!

ਸਵ. ਪੰਜਾਬੀ ਸ਼ਾਇਰ ਤੇ ਪੱਤਰਕਾਰ ਜਰਨੈਲ ਸਿੰਘ ਅਰਸ਼ੀ ਆਪਣੇ ਸਾਥੀਆਂ ਸੂਬਾ ਸਿੰਘ ਅਤੇ ਸੁਰਜੀਤ ਰਾਮਪੁਰੀ ਨਾਲ, ਲੁਧਿਆਣੇ ਚੌੜਾ ਬਾਜ਼ਾਰ ਵਿਚ ਤੁਰਿਆ ਆ ਰਿਹਾ ਸੀ। ਅੱਗਿਓਂ ਇੱਕ ਬੰਦਾ ਆਇਆ ਤੇ ਉਹਨਾਂ ਨੂੰ ਰੋਕ ਕੇ ਗ਼ੁੱਸੇ-ਗਿਲੇ ਨਾਲ਼ ਬੋਲਿਆ,

‘ਗੱਲ ਸੁਣ ਉਏ ਅਰਸ਼ੀ, ਮੈਂ ਤੈਨੂੰ ਬੇੱਹਦ ਸਿਆਣਾ, ਸੁਘੜ ਤੇ ਅਕਲਮੰਦ ਬੰਦਾ ਸਮਝਦੈਂ, ਪਰ ਮੈਨੂੰ ਪਤਾ ਲੱਗੈ, ਤੂੰ ਮੈਨੂੰ ਬੇਵਕੂਫ਼ ਈ ਸਮਝ ਰਿਹੈਂ।’

ਅਰਸ਼ੀ ਨੇ ਉਸਨੂੰ ਜੱਫ਼ੀ ਪਾ ਕੇ ਪਿੱਠ ਥਾਪੜਦੇ ਹੋਏ ਹੌਸਲਾ ਦੇ ਕੇ ਕਿਹਾ, ‘ਤੂੰ ਚਿੰਤਾ ਨਾ ਕਰ ਆਪਾਂ ਇਕ ਦੂਜੇ ਨੂੰ ਬਿਲਕੁਲ ਸਹੀ ਸਮਝਦੇ ਆਂ।’

‘ਫਿਰ ਠੀਕ ਐ,’ ਕਹਿ ਕੇ ਗ਼ੁੱਸੇ ਵਿਚ ਆਇਆ ਬੰਦਾ ਠੰਢਾ ਹੋ ਕੇ ਚਲਾ ਗਿਆ।

(ਜਰਨੈਲ ਸਿੰਘ ਅਰਸ਼ੀ ਦੇ ਛੋਟੇ ਭਰਾ ਡਾ. ਪ੍ਰੀਤਮ ਸਿੰਘ ਥਿੰਦ ਦੀ ਜ਼ਬਾਨੀ)




Friday, March 6, 2009

ਸੁਰਿੰਦਰ ਸੋਹਲ - ਉਮਰ ਦਾ ਲਿਹਾਜ਼ ਕਿ ਭੁਲੱਕੜ?

ਪੰਜਾਬੀ ਸ਼ਾਇਰ ਗੁਰਚਰਨ ਰਾਮਪੁਰੀ 80 ਸਾਲਾਂ ਦਾ ਹੋ ਗਿਆ। ਇਹ ਗੱਲ ਕੁਝ ਸਾਲ ਪਹਿਲਾਂ ਦੀ ਹੈ। ਇਕ ਦਿਨ ਉਸਦੇ ਘਰ ਕੋਈ ਮਹਿਮਾਨ ਆਇਆ। ਉਹ ਗੱਲਾਂ ਕਰਦੇ ਰਹੇ ਤੇ ਮਹਿਮਾਨ ਨੇ ਕਿਹਾ,”ਰਾਮਪੁਰੀ ਸਾਹਿਬ, ਕੋਈ ਕਵਿਤਾ ਸੁਣਾਓ।”

ਰਾਮਪੁਰੀ ਨੇ ਕਿਹਾ, “ਮੈਂ ਰਤਾ ਕਿਤਾਬ ਲੈ ਲਵਾਂ। ਉਮਰ ਦਾ ਲਿਹਾਜ਼ ਹੈ, ਚੀਜ਼ਾਂ ਭੁੱਲ ਜਾਂਦੀਆਂ ਨੇ।”

ਕੋਲ ਬੈਠੀ ਪਤਨੀ ਨੇ ਟੂਣਾ ਲਾਇਆ, “ਰਹਿਣ ਦਿਓ ਜੀ, ਮੈਂ ਤੁਹਾਡੀ ਯਾਦਾਸ਼ਤ ਪੱਚੀ ਸਾਲ ਦੀ ਉਮਰ ਵਿਚ ਵੀ ਦੇਖੀ ਐ।”

(ਗੁਰਚਰਨ ਰਾਮਪੁਰੀ ਦੀ ਜ਼ੁਬਾਨੀ)