Showing posts with label ਬਲਜੀਤ ਬਾਸੀ. Show all posts
Showing posts with label ਬਲਜੀਤ ਬਾਸੀ. Show all posts

Thursday, May 27, 2010

ਬਲਜੀਤ ਬਾਸੀ - ਚੋਰੀ ਨੇ ਕਰਵਾਈ ਮਸ਼ਹੂਰੀ - ਰਘਬੀਰ ਸਿੰਘ ਸਿਰਜਣਾ

ਇਸ 20 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਆਡੀਟੋਰੀਅਮ ਵਿਚ ਭਾਸ਼ਾ ਵਿਭਾਗ ਦਾ ਇਸ ਸਾਲ ਦਾ ਇਨਾਮ ਵੰਡ ਸਮਾਗਮ ਹੋਇਆ। ਇਸ ਵਿੱਚ ਰਘਬੀਰ ਸਿੰਘ ਸਿਰਜਣਾ ਨੂੰ ਇਸ ਸਾਲ ਦਾ ਸ਼ਿਰੋਮਣੀ ਸਾਹਿਤਕ ਪੱਤਰਕਾਰ ਦਾ ਇਨਾਮ ਮਿਲਿਆ। ਇਸ ਨਾਲ ਉਹ ਇਕ ਗੋਲਡ ਮੈਡਲ ਤੇ ਢਾਈ ਲੱਖ ਰੁਪਿਆ ਲੈ ਕੇ ਅਮੀਰ ਹੋਏ। ਪਰ ਉਨ੍ਹਾਂ ਜ਼ਿੰਦ ਵਿੱਚ ਸ਼ਾਇਦ ਕਦੇ ਪੁੰਨ-ਦਾਨ ਨਹੀਂ ਕੀਤਾ, ਇਸ ਲਈ ਬੁਰੀ ਨਜ਼ਰ ਤੋਂ ਨਹੀਂ ਬਚ ਸਕੇ।

------

ਹੋਇਆ ਇਸ ਤਰਾਂ ਕਿ 22 ਮਈ ਨੂੰ ਦੁਪਹਿਰ ਦੇ ਬਾਰਾਂ ਕੁ ਵਜੇ(ਸਰਦਾਰਾਂ ਦੇ ਬਾਰਾਂ ਵਜੇ ਵਾਲੀ ਗੱਲ ਵੱਲ ਕੋਈ ਸੰਕੇਤ ਨਹੀ) ਉਹ ਖ਼ੁਸ਼ਹਾਲੀ ਦੇ ਰੌਅ ਵਿੱਚ ਚੰਡੀਗੜ੍ਹ ਦੇ 22 ਸੈਕਟਰ ਵਿੱਚ ਜਾ ਕੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਬਜਾਜੀ ਦੀ ਦੁਕਾਨ ਤੋਂ ਸੂਟ ਪੜਵਾਉਣ ਲੱਗ ਪਏ। ਬਾਅਦ ਵਿੱਚ ਲੂਣ, ਤੇਲ ਤੇ ਲੱਕੜੀਆਂ: 43 ਸੈਕਟਰ ਵਿੱਚ ਲਗਦੀ ਸਬਜ਼ੀ ਮਾਰਕਿਟ ਤੋਂ ਸਸਤੀ ਤੇ ਤਾਜ਼ੀ ਸਬਜ਼ੀ ਖਰੀਦਣ ਚਲੇ ਗਏ। ਉਹ ਸਬਜ਼ੀ ਦੀ ਚੋਣ ਕਰ ਰਹੇ ਸਨ ਕਿ ਗੁਆਂਢੀਆਂ ਵਲੋਂ ਸੈੱਲ ਫੋਨ ਖੜਕਿਆ ਕਿ ਉਨ੍ਹਾਂ ਦੇ ਘਰ ਦੇ ਬਾਰ ਖਿੜਕੀਆਂ ਚਪੱਟ ਖੁੱਲ੍ਹੇ ਹਨ, ਕੋਈ ਭਾਣਾ ਵਰਤ ਗਿਆ ਹੈ।

-----

ਰਘਬੀਰ ਸਿੰਘ ਹੁਰੀਂ ਘਬਰਾਏ ਹੋਏ ਉਨੀਂ ਪੈਰੀਂ ਘਰ ਪਰਤ ਆਏ। ਉਨ੍ਹਾਂ ਦੀ ਮਾਰੂਤੀ ਪਿਛਲੇ ਸਾਲ ਚੋਰੀ ਹੋ ਗਈ ਸੀ। ਘਰ ਜਾ ਕੇ ਦੇਖਿਆ, ਸਮਾਨ ਦੀ ਚੱਕ ਥੱਲ ਕੀਤੀ ਪਈ ਸੀ; ਬਿਸਤਰੇ ਖ਼ੂਬ ਫਰੋਲੇ ਪਏ ਸਨ। ਚੋਰਾਂ ਨੇ ਸਮਝਿਆ ਹੋਣਾ ਕਿ ਡਾਕਟਰ ਸਾਹਿਬ ਢਾਈ ਲੱਖ ਰੁਪਏ ਦੇ ਨੋਟ ਬਿਸਤਰੇ ਹੇਠਾਂ ਵਿਛਾ ਕੇ ਉਪਰ ਸੌਂਦੇ ਹੋਣਗੇ। ਪਰ ਜੋ ਅਸਲ ਵਿੱਚ ਚੋਰੀ ਹੋਇਆ ਉਹ ਸੀ ਦੋ ਘੜੀਆਂ, ਕੁਝ ਬਨਾਉਟੀ ਚਾਂਦੀ ਦੇ ਗਹਿਣੇ, ਤੇ ਸੋਨੇ ਦੀ ਝਾਲ ਫਿਰਿਆ ਮੈਡਲ। ਉਨ੍ਹਾਂ ਸ਼ੁਕਰ ਕੀਤਾ ਕਿ ਚਲੋ ਬਚਾਅ ਹੋ ਗਿਆ, ਬਹਤਾ ਹਰਜਾ ਨਹੀਂ ਹੋਇਆ। ਬਹੁਤੇ ਝੰਜਟ ਚ ਪੈਣ ਦੇ ਡਰੋਂ ਉਨ੍ਹਾਂ ਪੁਲਸ ਕੋਲ ਐਫ.ਆਈ.ਆਰ. ਵੀ ਦਰਜ ਨਾ ਕਰਾਈ, ਬੱਸ ਡੀ.ਡੀ.ਆਰ. ਨਾਲ ਹੀ ਗ਼ੁਜ਼ਾਰਾ ਕਰ ਲਿਆ। ਪਰ ਜਦ ਘਰ ਆ ਕੇ ਹੋਰ ਫੋਲਾ-ਫਾਲੀ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਨਵਾਂ ਖ਼ਰੀਦਿਆ ਲੈਪਟੌਪ ਵੀ ਚੋਰੀ ਹੋ ਚੁੱਕਾ ਸੀ। ਖ਼ੈਰ ਫਿਰ ਵੀ ਉਨ੍ਹਾਂ ਸੀ ਨਾ ਕੀਤੀ।

-----

ਪਰ ਅਗਲੀ ਗੱਲ ਇਹ ਹੋਈ ਕਿ ਪ੍ਰੈੱਸ, ਜਿਸ ਨੇ ਪਹਿਲਾਂ ਇਨਾਮ ਦੀ ਖ਼ਬਰ ਏਨੀ ਚੁੱਕ ਕੇ ਨਹੀਂ ਸੀ ਪ੍ਰਕਾਸ਼ਿਤ ਕੀਤੀ, ਚੋਰੀ ਦੀ ਖ਼ਬਰ ਨਾਲ ਬਹੁਤ ਉਤੇਜਿਤ ਹੋ ਉੱਠੀ। ਰਾਸ਼ਟਰੀ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰਾਂ ਦਾ ਉਨ੍ਹਾ ਦੇ ਘਰ ਤਾਂਤਾ ਲੱਗਾ ਰਿਹਾ। ਚੋਰੀ ਦੀ ਖ਼ਬਰ ਖ਼ੂਬ ਉਛਾਲੀ ਗਈ ਤੇ ਉਨ੍ਹਾਂ ਦੀਆਂ ਮੂਰਤਾਂ ਛਪੀਆਂ। ਰਘਬੀਰ ਸਿੰਘ ਹੁਰੀਂ ਅੰਦਰੋਂ ਖ਼ੁਸ਼ ਸਨ ਕਿ ਜੇ ਏਨੀ ਕੁ ਚੋਰੀ ਨਾਲ ਏਨੀ ਪਬਲਿਸਿਟੀ ਮਿਲਦੀ ਹੈ ਤਾਂ ਕੋਈ ਘਾਟੇ ਵਾਲਾ ਸੌਦਾ ਨਹੀਂ, ਸਮੇਂ ਸਮੇਂ ਤੇ ਇਹ ਭਾਣਾ ਵਰਤ ਜਾਣਾ ਜਾਣਾ ਚਾਹੀਦਾ ਹੈ। ਲੋਕ ਪਬਲੀਸਿਟੀ ਕਰਵਾਉਣ ਲਈ ਕਿੰਨੇ ਪੈਸੇ ਲੁਟਾ ਦਿੰਦੇ ਹਨ।


Thursday, February 4, 2010

ਬਲਜੀਤ ਬਾਸੀ – “ਠਹਿਰੋ! ਮੈਂ ਜ਼ਰਾ ਬੇਗਮ ਨੂੰ ਵੀ ਲੈ ਆਵਾਂ” - ਡਾ: ਰਘਬੀਰ ਸਿੰਘ ( ਸਿਰਜਣਾ )

ਪੰਜਾਬੀ ਸਾਹਿਤਕ ਤ੍ਰੈਮਾਸਿਕ ਮੈਗਜ਼ੀਨ ‘ਸਿਰਜਣਾ’ ਦੇ ਸੰਪਾਦਕ ਡਾ: ਰਘਬੀਰ ਸਿੰਘ ਜਿਨ੍ਹਾਂ ਨੂੰ ਹੁਣੇ ਜਿਹੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਸ਼ਿਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਹੋਣ ਦਾ ਪ੍ਰਥਮ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ, ਸੁਭਾਅ ਦੇ ਬੜੇ ਸ਼ਰਮੀਲੇ ਅਤੇ ਸਰਲ ਵਿਅਕਤੀ ਹਨ। ਇਕ ਵਾਰੀ ਜਦ ਉਹ ਪਹਿਲੀ ਵਾਰੀ ਅਮਰੀਕਾ ਦੇ ਦੌਰੇ ਤੇ ਆਏ ਤਾਂ ਉਨ੍ਹਾਂ ਦਾ ਲਾਸ ਐਂਜਲਸ ਰਹਿੰਦਾ ਦੋਸਤ ਉਨ੍ਹਾਂ ਨੂੰ ਹਾਲੀਵੁੱਡ ਦੀ ਇਕ ਬੜੀ ਮਹਿੰਗੀ ਸ਼ਾਪਿੰਗ ਮਾਲ ਦਿਖਾਉਣ ਲੈ ਗਿਆ। ਇਸ ਮਾਲ ਵਿੱਚ ਹਾਲੀਵੁੱਡ ਦੇ ਐਕਟਰ, ਅਰਬ ਦੇ ਸ਼ੇਖ਼ ਅਤੇ ਹੋਰ ਅਮੀਰ ਹੀ ਖ਼ਰੀਦਾਰੀ ਕਰਨ ਆਉਂਦੇ ਹਨ। ਉਹ ਇਕ ਜਗ੍ਹਾ ਖੜ੍ਹੇ ਹੋ ਕੇ ਸੁਭਾਵਕ ਹੀ ਇਕ ਸੋਨੇ ਦੀ ਤਲਵਾਰ ਬਾਰੇ ਜਾਣਕਾਰੀ ਲੈਣ ਲੱਗ ਪਏ।

............

ਉਨ੍ਹਾਂ ਜਗਿਆਸਾਵੱਸ ਪੁੱਛਿਆ ਕਿ ਇਸ ਤਲਵਾਰ ਨੂੰ ਸ਼ਿੱਪ ਕਰਨ ਦੀ ਕੀ ਵਿਧੀ ਹੈ, ਕੀ ਇਸ ਤੇ ਕੋਈ ਕਸਟਮ ਵਗੈਰਾ ਲਗਦਾ ਹੈ? ਉਥੇ ਦੇ ਮੁਲਾਜ਼ਮਾਂ ਮਹਿਸੂਸ ਕੀਤਾ ਕਿ ਕੋਈ ਬਹੁਤ ਵੱਡਾ ਸ਼ੇਖ਼ ਆ ਗਿਆ ਹੈ ਤੇ ਉਨ੍ਹਾਂ ਤੋਂ ਗੁਸਤਾਖ਼ੀ ਹੋ ਗਈ ਹੈ। ਜਿਵੇਂ ਉਹ ਸ਼ੇਖ਼ਾਂ ਦੇ ਆਇਆਂ ਤੇ ਕਰਦੇ ਹਨ, ਉਨ੍ਹਾਂ ਆਦਰ-ਮਾਣ ਵਜੋਂ ਮਾਲ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਤਾਂ ਕਿ 'ਸ਼ੇਖ਼ ਸਾਹਿਬ' ਨਿਰਵਿਘਨ ਤੇ ਨਿਸਚਿੰਤ ਹੋ ਕੇ ਹੀਰੇ ਜਵਾਹਰਾਤ ਪਸੰਦ ਕਰ ਲੈਣ ਤੇ ਉਨ੍ਹਾਂ ਦੀ ਮਾਲ ਮਾਲਾ-ਮਾਲ ਹੋ ਜਾਵੇ।

............

ਹੁਣ ਰਘਬੀਰ ਸਿੰਘ ਨੇ ਮਹਿਸੂਸ ਕਰ ਲਿਆ ਕਿ ਬੜੀ ਵੱਡੀ ਗ਼ਲਤ ਫਹਿਮੀ ਹੋ ਗਈ ਹੈ, ਉਹ ਇਸ ਕੁੜਿੱਕੀ ਚੋਂ ਛੁਟਕਾਰਾ ਪਾਉਣ ਦੀ ਸਕੀਮ ਲੜਾਉਣ ਲੱਗ ਪਏ। ਉਨ੍ਹਾਂ ਰਾਹਤ ਲਈ ਆਪਣੇ ਦੋਸਤ ਵੱਲ ਝਾਕਿਆ ਪਰ ਉਹ ਪਹਿਲਾਂ ਹੀ ਬਾਥ ਰੂਮ ਵੱਲ ਟਿੱਬ ਚੁੱਕਾ ਸੀ।

...............

ਉਨ੍ਹਾਂ ਨੂੰ ਇਕ ਤਰਕੀਬ ਸੁੱਝੀ, ਉਹ ਬੋਲੇ, "ਇਸ ਮਾਲ ਵਿੱਚ ਤਾਂ ਬੜੀਆਂ ਵਧੀਆ ਮੇਰੀ ਪਸੰਦ ਦੀਆਂ ਚੀਜ਼ਾਂ ਹਨ, ਇੰਝ ਕਰੋ, ਇਸ ਤਲਵਾਰ ਨੂੰ ਤਾਂ ਸੇਵ ਕਰ ਲਓ, ਮੈਂ ਹੋਟਲ ਤੋਂ ਆਪਣੀ ਸਾਹਿਬਾ ਨੂੰ ਨਾਲ ਲੈ ਆਵਾਂ, ਉਸਨੇ ਵੀ ਬੜਾ ਕੁਝ ਖ਼ਰੀਦਣਾ ਹੈ।"

...................

ਸਾਰਾ ਅਮਲਾ-ਫੈਲਾ ਬੜਾ ਖ਼ੁਸ਼ ਹੋਇਆ । ਉਹ ਸਾਰੇ "ਨੋ ਪਰੋਬਲਮ" ਕਹਿੰਦਿਆਂ ਬੂਹੇ ਖੋਲ੍ਹ ਕੇ ਉਨ੍ਹਾਂ ਨੂੰ ਬਾਹਰ ਪਾਰਕ ਤੱਕ ਛੱਡਣ ਆਏ।

.............

ਮੂੰਹ ਲਟਕਾਈ ਦੋਸਤ ਵੀ ਨਾਲ ਆ ਰਲ਼ਿਆ। ਰਾਹ 'ਚ ਉਹ ਉਸ ਨੂੰ ਛੇੜਨ ਲੱਗੇ, "ਲੈ ਕੇ ਦੇਹ ਹੁਣ ਮੈਨੂੰ ਸੋਨੇ ਦੀ ਤਲਵਾਰ, ਤੂੰ ਹੀ ਲੈ ਕੇ ਆਇਆ ਸੀ।


Sunday, January 3, 2010

ਬਲਜੀਤ ਬਾਸੀ - ਜੇ ਤੂੰ ਰਾਜੇਸ਼ ਖੰਨਾ ਹੈਂ ਤਾਂ ਮੈਂ ਵੀ.... – ਕੇਵਲ ਸੂਦ

ਇਕ ਜ਼ਮਾਨੇ ਵਿਚ ਪੰਜਾਬੀ ਦੇ ਇਕ ਵਧੀਆ ਕਹਾਣੀਕਾਰ ਸਨ, ਕੇਵਲ ਸੂਦ । ਉਹ ਦਿੱਲੀ ਦੇ ਸੋਵੀਅਤ ਦੂਤਾਵਾਸ ਵਿਚ ਕੰਮ ਕਰਦੇ ਸਨ ਤੇ ਹਰ ਰੋਜ਼ ਸਵੇਰੇ ਬੱਸ ਫੜ ਕੇ ਕੰਮ ਤੇ ਜਾਂਦੇ ਸਨ। ਇਕ ਵਾਰੀ ਉਨ੍ਹਾਂ ਤੋਂ ਬੱਸ ਮਿੱਸ ਹੋ ਗਈ ਤਾਂ ਅਚਾਨਕ ਇਕ ਕਾਰ ਆਈ ਜੋ ਉਨ੍ਹਾਂ ਦੇ ਅੰਗੂਠਾ ਦਿਖਾਉਣ ਤੇ ਰੁਕ ਗਈ। ਕਾਰ ਦੀ ਚਾਲਕ ਇਕ ਮਹਿਲਾ ਸੀ। ਉਸਨੇ ਖ਼ੁਸ਼ੀ ਖ਼ੁਸ਼ੀ ਰਾਈਡ ਦੇਣਾ ਸਵੀਕਾਰ ਕਰ ਲਿਆ। ਰਾਹ ਵਿੱਚ ਖ਼ੁਸ਼ਗਵਾਰ ਗੱਲਾਂ ਹੋਈਆਂ।

..........

ਮੰਜ਼ਿਲ ਪਹੁੰਚਣ ਤੇ ਉਤਰਨ ਲੱਗਿਆਂ ਕੇਵਲ ਸੂਦ ਨੇ ਕੁੜੀ ਤੋਂ ਪੁੱਛਿਆ ,"ਤੁਹਾਡਾ ਨਾਂ ਕੀ ਹੈ?"

...........

ਕੁੜੀ ਨੇ ਆਪਣੇ ਮਾਪਿਆਂ ਦਾ ਧਰਿਆ ਨਾਂ ਦੱਸ ਦਿੱਤਾ," ਰਾਜੇਸ਼ ਖੰਨਾ!"

..............

ਕੇਵਲ ਸੂਦ ਹੇਠ ਉਤਾਂਹ ਦੇਖੇ ਕਿ ਕੁੜੀ ਉਸ ਨਾਲ ਮਖੌਲ ਕਰ ਗਈ, ਐਵੇਂ ਐਕਟਰ ਦਾ ਨਾਂ ਦੱਸ ਗਈ।

.............

ਜਾਂਦੇ ਜਾਂਦੇ ਕੁੜੀ ਨੇ ਕੇਵਲ ਸੂਦ ਤੋਂ ਪੁਛਿਆ,"ਤੇ ਤੁਹਾਡਾ ਨਾਂ"?

..............

ਕੇਵਲ ਸੂਦ ਨੂੰ ਮੌਕਾ ਮਿਲ ਗਿਆ ਬਦਲਾ ਲੈਣ ਦਾ, ਉਸਨੇ ਝੱਟ ਦੇ ਕੇ ਕਿਹਾ, "ਵਹੀਦਾ ਰਹਿਮਾਨ!"