ਇਸ 20 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਆਡੀਟੋਰੀਅਮ ਵਿਚ ਭਾਸ਼ਾ ਵਿਭਾਗ ਦਾ ਇਸ ਸਾਲ ਦਾ ਇਨਾਮ ਵੰਡ ਸਮਾਗਮ ਹੋਇਆ। ਇਸ ਵਿੱਚ ਰਘਬੀਰ ਸਿੰਘ ਸਿਰਜਣਾ ਨੂੰ ਇਸ ਸਾਲ ਦਾ ਸ਼ਿਰੋਮਣੀ ਸਾਹਿਤਕ ਪੱਤਰਕਾਰ ਦਾ ਇਨਾਮ ਮਿਲਿਆ। ਇਸ ਨਾਲ ਉਹ ਇਕ ਗੋਲਡ ਮੈਡਲ ਤੇ ਢਾਈ ਲੱਖ ਰੁਪਿਆ ਲੈ ਕੇ ਅਮੀਰ ਹੋਏ। ਪਰ ਉਨ੍ਹਾਂ ਜ਼ਿੰਦ ਵਿੱਚ ਸ਼ਾਇਦ ਕਦੇ ਪੁੰਨ-ਦਾਨ ਨਹੀਂ ਕੀਤਾ, ਇਸ ਲਈ ਬੁਰੀ ਨਜ਼ਰ ਤੋਂ ਨਹੀਂ ਬਚ ਸਕੇ।
------
ਹੋਇਆ ਇਸ ਤਰਾਂ ਕਿ 22 ਮਈ ਨੂੰ ਦੁਪਹਿਰ ਦੇ ਬਾਰਾਂ ਕੁ ਵਜੇ(ਸਰਦਾਰਾਂ ਦੇ ਬਾਰਾਂ ਵਜੇ ਵਾਲੀ ਗੱਲ ਵੱਲ ਕੋਈ ਸੰਕੇਤ ਨਹੀ) ਉਹ ਖ਼ੁਸ਼ਹਾਲੀ ਦੇ ਰੌਅ ਵਿੱਚ ਚੰਡੀਗੜ੍ਹ ਦੇ 22 ਸੈਕਟਰ ਵਿੱਚ ਜਾ ਕੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਬਜਾਜੀ ਦੀ ਦੁਕਾਨ ਤੋਂ ਸੂਟ ਪੜਵਾਉਣ ਲੱਗ ਪਏ। ਬਾਅਦ ਵਿੱਚ ਲੂਣ, ਤੇਲ ਤੇ ਲੱਕੜੀਆਂ: 43 ਸੈਕਟਰ ਵਿੱਚ ਲਗਦੀ ਸਬਜ਼ੀ ਮਾਰਕਿਟ ਤੋਂ ਸਸਤੀ ਤੇ ਤਾਜ਼ੀ ਸਬਜ਼ੀ ਖਰੀਦਣ ਚਲੇ ਗਏ। ਉਹ ਸਬਜ਼ੀ ਦੀ ਚੋਣ ਕਰ ਰਹੇ ਸਨ ਕਿ ਗੁਆਂਢੀਆਂ ਵਲੋਂ ਸੈੱਲ ਫੋਨ ਖੜਕਿਆ ਕਿ ਉਨ੍ਹਾਂ ਦੇ ਘਰ ਦੇ ਬਾਰ ਖਿੜਕੀਆਂ ਚਪੱਟ ਖੁੱਲ੍ਹੇ ਹਨ, ਕੋਈ ਭਾਣਾ ਵਰਤ ਗਿਆ ਹੈ।
-----
ਰਘਬੀਰ ਸਿੰਘ ਹੁਰੀਂ ਘਬਰਾਏ ਹੋਏ ਉਨੀਂ ਪੈਰੀਂ ਘਰ ਪਰਤ ਆਏ। ਉਨ੍ਹਾਂ ਦੀ ਮਾਰੂਤੀ ਪਿਛਲੇ ਸਾਲ ਚੋਰੀ ਹੋ ਗਈ ਸੀ। ਘਰ ਜਾ ਕੇ ਦੇਖਿਆ, ਸਮਾਨ ਦੀ ਚੱਕ ਥੱਲ ਕੀਤੀ ਪਈ ਸੀ; ਬਿਸਤਰੇ ਖ਼ੂਬ ਫਰੋਲੇ ਪਏ ਸਨ। ਚੋਰਾਂ ਨੇ ਸਮਝਿਆ ਹੋਣਾ ਕਿ ਡਾਕਟਰ ਸਾਹਿਬ ਢਾਈ ਲੱਖ ਰੁਪਏ ਦੇ ਨੋਟ ਬਿਸਤਰੇ ਹੇਠਾਂ ਵਿਛਾ ਕੇ ਉਪਰ ਸੌਂਦੇ ਹੋਣਗੇ। ਪਰ ਜੋ ਅਸਲ ਵਿੱਚ ਚੋਰੀ ਹੋਇਆ ਉਹ ਸੀ ਦੋ ਘੜੀਆਂ, ਕੁਝ ਬਨਾਉਟੀ ਚਾਂਦੀ ਦੇ ਗਹਿਣੇ, ਤੇ ਸੋਨੇ ਦੀ ਝਾਲ ਫਿਰਿਆ ਮੈਡਲ। ਉਨ੍ਹਾਂ ਸ਼ੁਕਰ ਕੀਤਾ ਕਿ ਚਲੋ ਬਚਾਅ ਹੋ ਗਿਆ, ਬਹਤਾ ਹਰਜਾ ਨਹੀਂ ਹੋਇਆ। ਬਹੁਤੇ ਝੰਜਟ ਚ ਪੈਣ ਦੇ ਡਰੋਂ ਉਨ੍ਹਾਂ ਪੁਲਸ ਕੋਲ ਐਫ.ਆਈ.ਆਰ. ਵੀ ਦਰਜ ਨਾ ਕਰਾਈ, ਬੱਸ ਡੀ.ਡੀ.ਆਰ. ਨਾਲ ਹੀ ਗ਼ੁਜ਼ਾਰਾ ਕਰ ਲਿਆ। ਪਰ ਜਦ ਘਰ ਆ ਕੇ ਹੋਰ ਫੋਲਾ-ਫਾਲੀ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਨਵਾਂ ਖ਼ਰੀਦਿਆ ਲੈਪਟੌਪ ਵੀ ਚੋਰੀ ਹੋ ਚੁੱਕਾ ਸੀ। ਖ਼ੈਰ ਫਿਰ ਵੀ ਉਨ੍ਹਾਂ ਸੀ ਨਾ ਕੀਤੀ।
-----

No comments:
Post a Comment