ਖ਼ੁਸ਼ਵੰਤ ਸਿੰਘ ਦੇ ਭੋਲ਼ੇਪਣ ਤੇ ਮੈਨੂੰ ਲਾਡ ਆਉਂਦਾ ਏ। ਕਨਾਟ ਪਲੇਸ ਵਿਚ ਵੀ ਕਾਫ਼ੀ ਜਾਇਦਾਦ ਦਾ ਮਾਲਕ ਏ ਉਹ। ਤੇ ਉਹਨੂੰ ਪਤਾ ਈ ਨਹੀਂ ਕਿ ਉਸਦੀ ਸ਼ਹਿਨਸ਼ਾਹੀਅਤ ਦੀ ਐਸ ਵੇਲ਼ੇ ਕਿੰਨੀ ਕੁ ਕੀਮਤ ਏ। ਅਲਬੱਤਾ ਨਿੱਕੀਆਂ ਗੱਲਾਂ ਦੀ, ਆਪਣੇ ਪਰਸ ਵਿਚ ਪਏ ਚਾਲ੍ਹੀ-ਪੰਜਾਹ ਰੁਪਈਆਂ ਦੀ ਉਹਨੂੰ ਬਹੁਤ ਫ਼ਿਕਰ ਹੁੰਦੀ ਏ। ਮਸਲਨ, ਇੱਕ ਵਾਰ ਅਸੀਂ ਗੇਲਾਰਡ ਵਿਚ ਚਾਹ ਪੀਣ ਗਏ। ਇੱਕ-ਇੱਕ ਸੈਂਡਵਿਚ ਖਾਧੀ ਤੇ ਚਾਹ ਦਾ ਇੱਕ-ਇੱਕ ਪਿਆਲਾ ਪੀਤਾ।ਬਿਲ ਆਇਆ, ਅਠਾਰਾਂ ਰੁਪਏ। ਦਸ-ਦਸ ਦੇ ਦੋ ਨੋਟ ਬੈਰੇ ਦੀ ਪਲੇਟ ‘ਚ ਧਰਨ ਲੱਗਿਆ ਉਹਨੂੰ ਵਾਕਈ ਤਕਲੀਫ਼ ਹੋ ਰਹੀ ਸੀ। ਕਹਿਣ ਲੱਗਾ, “ ਇੱਕ-ਇੱਕ ਪਿਆਲਾ ਚਾਹ ਦਾ ਪੀਤਾ ਏ ਤੇ ਇੱਕ-ਇੱਕ ਬੁਰਕੀ ਦੀ ਸੈਂਡਵਿਚ। ਤੇ ਅਠਾਰਾਂ ਰੁਪਏ...! ਹੈ ਨਾ ਲੁੱਟ?”
ਇੱਕ ਵਾਰੀ ਉਹਨੇ ਰਾਮਾਕ੍ਰਿਸ਼ਨਾ ਤੋਂ ਇੱਕ ਕਿਤਾਬ ਖਰੀਦੀ। ਤਿੰਨ ਸੌ ਦੇ ਕਰੀਬ ਸੀ। ਬਿਲ ‘ਤੇ ਉਹਨੇ ਸਾਈਨ ਕੀਤੇ। ਬਿਲ ਵਿੱਚੋਂ ਉਹਦਾ ਖ਼ਾਸ ਡਿਸਕਾਊਂਟ ਵੀ ਕੱਟਿਆ ਹੋਇਆ ਸੀ..ਤਾਂ ਵੀ ਉਹਨੂੰ ਤਕਲੀਫ਼ ਹੋਈ।
“ਦੱਸੋ ਹੁਣ ਅੱਧੇ ਮਹੀਨੇ ਦੀ ਮੇਰੀ ਤਨਖ਼ਾਹ ਤਾਂ ਗਈ !” ਉਹ ਐਕਟਿੰਗ ਨਹੀਂ ਸੀ ਕਰ ਰਿਹਾ, ਵਾਕਈ ਪਰੇਸ਼ਾਨ ਸੀ। ਫੇਰ ਕਿਤਾਬ ਨੂੰ ਉਹਨੇ ਉਲਟ-ਪੁਲਟ ਕੇ ਵੇਖਿਆ, “ਹੈਂ! ਇਹ ਆਕਸਫੋਰਡ ਯੂਨੀਵਰਸਿਟੀ ਦੀ ਪ੍ਰੈਸ ਦੀ ਏ? ਲਓ! ਮੈਂ ਤੇ ਆਪਣਾ ਨੁਕਸਾਨ ਕਰਵਾ ਲਿਆ। ਓਥੇ ਮੇਰੇ ਜਵਾਈ ਨੇ ਤਾਂ ਮੈਨੂੰ ਚਾਲ੍ਹੀ-ਪੰਜਾਹ ਰੁਪਏ ਹੋਰ ਡਿਸਕਾਊਂਟ ਲੈ ਦੇਣਾ ਸੀ...!”





No comments:
Post a Comment