ਸੁਰਗਵਾਸੀ ਪੰਜਾਬੀ ਲੇਖਕ ਹਰਪਾਲਜੀਤ ਪਾਲੀ ਨੇ ਯਤਨ ਤਾਂ ਬੜੇ ਕੀਤੇ, ਆਪਣੀ ਫੋਟੋ ਸਮੇਤ ਵਿਆਹ ਲਈ ਇਸ਼ਤਿਹਾਰ ਵੀ ਦਿੱਤੇ ਪਰ ਕੋਈ ਕੁੜੀ ਉਹਦੇ ਨਾਲ ਵਿਆਹ ਕਰਾਉਂਣ ਲਈ ਤਿਆਰ ਨਾ ਹੋਈ। ਆਖਰ ਜਿਥੇ ਉਹਦੀ ਗੱਲ ਬਣੀ, ਓਥੇ ਸ਼ਰਤ ਸੀ ਕਿ ਜੰਜ ਬੱਸ ਤੇ ਆਵੇ। ਪਾਲੀ ਕੋਲ ਏਨੇ ਪੈਸੇ ਨਹੀਂ ਸਨ ਪਰ ਮਰਦਾ ਕੀ ਨਾ ਕਰਦਾ ਵਾਲੀ ਗੱਲ ਸੀ। ਆਖਰ ਜੋ ਬੱਸ ਮਿਲੀ, ਉਹਦਾ ਡਰਾਈਵਰ ਰੱਜ ਕੇ ਅੜਬ ਤੇ ਸ਼ਰਾਬੀ ਸੀ। ਬੋਤਲ ਪੀਤੇ ਬਿਨਾ ਉਹ ਬੱਸ ਚਲਾਉਂਣ ਲਈ ਤਿਆਰ ਈ ਨਾ ਹੋਇਆ। ----
ਰਾਹ ਵਿਚ ਜਦੋਂ ਦਾਰੂ ਚੜ੍ਹ ਗਈ ਤਾਂ ਬੱਸ ਖਲ੍ਹਾਰ ਕੇ ਇਕ ਰੁੱਖ ਥੱਲੇ ਲੰਮਾ ਪੈ ਗਿਆ ਕਿ ਨਸ਼ਾ ਉਤਰੂ ਤਾਂ ਤੁਰੂੰ। ਸ਼ਰਾਬੀ ਹੋਇਆਂ ਹੋਰ ਕੋਈ ਜਾਹ ਜਾਂਦੀਏ ਹੋ ਜੇ। ਓਧਰ ਜੰਜ ਲੇਟ ਹੋਈ ਜਾਵੇ। ਬੜੀ ਮੁਸ਼ਕਲ ਨਾਲ ਉਠਾਇਆ ਤਾਂ ਇਕ ਅੰਗਰੇਜ਼ੀ ਦੇ ਠੇਕੇ ਮੂਹਰੇ ਫੇਰ ਬੱਸ ਰੋਕ ਕੇ ਕਹਿੰਦਾ, “ਨਸ਼ਾ ਟੁੱਟ ਗਿਆ, ਲਿਆਓ ਬੋਤਲ, ਤਾਂ ਅਗੇ ਚੱਲੂੰ ।”
----
ਜੰਜ ਤਾਂ ਲੇਟ ਹੋਣੀ ਈ ਸੀ। ਰਾਤੀਂ ਹੋਰ ਪੀ ਕੇ ਉਲਟੀਆਂ ਕਰਦਾ ਰਿਹਾ ਤੇ ਅਗਲੇ ਦਿਨ ਤੁਰਨ ਤੋਂ ਪਹਿਲਾਂ ਕਹਿੰਦਾ, “ਮੈਂ ਤਾਂ ਸੌ ਦਾ ਨੋਟ ਦੇਵੋਗੇ ਤਾਂ ਉਠਾਂਗਾ, ਹਾਲੇ ਮੈਂ ਹੋਰ ਸੌਣਾ ਹੈ।”
ਪਾਲੀ ਕਹਿਣ ਲੱਗਾ, “ ਯਾਰੋ! ਜੰਜ ਦਾ ਲਾੜਾ ਮੈਂ ਕਾਹਦਾ ਹੋਇਆ, ਲਾੜਾ ਤਾਂ ਇਹ ਡਰਾਈਵਰ ਈ ਹੋਇਆ।”





