Tuesday, June 9, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਨਾਲ਼ ਪਹਿਲੀ ਮੁਲਾਕਾਤ - ਨ੍ਹਾਤੇ ਧੋਤੇ ਰਹਿ ਗਏ......

ਬਹੁਤ ਪੁਰਾਣੀ 1956 ਦੀ ਗੱਲ ਹੈ ਮੈਂ ਓਦੋਂ ਦਿੱਲੀ ਸੈਨੇਟਰੀ ਇਨਸਪੈਕਟਰ ਦਾ ਕੋਰਸ ਕਰ ਰਿਹਾ ਸਾਂ ਤੇ ਓਸ ਵੇਲੇ ਤੱਕ ਕੁਝ ਕਹਾਣੀਆਂ ਲਿਖ ਤੇ ਓਸ ਵੇਲੇ ਦੇ ਮਸ਼ਹੂਰ ਰਸਾਲਿਆਂ ਵਿਚ ਛਪਵਾ ਕੇ ਆਪਣੇ ਨਾਂ ਦੂਜਿਆਂ ਤੀਕ ਪੁਚਾਉਂਣ ਦਾ ਉਪਰਾਲਾ ਕਰ ਚੁੱਕਾ ਸਾਂਕਦੀ ਕਦੀ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਜੋ ਸੁਰਗਵਾਸੀ ਲੇਖਕ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਹੀ ਰਹਿੰਦੇ ਪਿਆਰਾ ਸਿੰਘ ਐਮ. ਏ. ਦੇ ਘਰ ਲੱਗਦੀ ਹੁੰਦੀ ਸੀ, ਵਿਚ ਜਾਇਆ ਕਰਦਾ ਸਾਂਲੇਖਕਾਂ ਨੂੰ ਮਿਲਣ ਦਾ ਮੇਰੇ ਅੰਦਰ ਸ਼ੁਦਾਅ ਦੀ ਹੱਦ ਤੀਕ ਸ਼ੌਂਕ ਸੀ ਜਿਵੇਂ ਇਹ ਕੋਈ ਬੰਦੇ ਨਾ ਹੋਣ, ਸਗੋਂ ਦੇਵਤੇ ਹੋਣਏਥੇ ਹੀ ਮੈਨੂੰ ਓਸ ਵੇਲੇ ਦੇ ਬਹੁਤ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖ਼ਸ਼ੀ, ਵੇਦ ਪ੍ਰਕਾਸ. ਸ਼ਰਮਾ, ਬਿਸ਼ਨ ਸਿੰਘ ਉਪਾਸ਼ਕ, ਮਹਿੰਦਰ ਸਿੰਘ ਸਰਨਾ ਆਦਿਇਹਨਾਂ ਵਿਚੋਂ ਬਹੁਤ ਹੁਣ ਇਸ ਦੁਨੀਆ ਵਿਚ ਨਹੀਂ ਰਹੇ

---

ਅੰਮ੍ਰਿਤਾ ਪ੍ਰੀਤਮ ਜੋ ਉਹਨੀਂ ਦਿੱਲੀ ਰੇਡੀਓ ਸਟੇਸ਼ਨ ਤੋਂ ਪੰਜਾਬੀ ਪਰੋਗਰਾਮ ਪੇਸ਼ ਕਰਦੀ ਸੀ, ਕਦੀ ਸਭਾ ਦੀ ਮੀਟਿੰਗ ਵਿਚ ਨਹੀਂ ਆਉਂਦੀ ਸੀਬਾਕੀਆਂ ਦਾ ਵੀ ਬੜਾ ਨਾਂ ਸੀ ਤੇ ਇਹਨਾਂ ਵਿਚੋਂ ਬਹੁਤੇ ਸਰਕਾਰੀ ਨੌਕਰੀਆਂ ਵਿਚ ਸਨ ਤੇ ਇਹਨਾਂ ਨੂੰ ਰਹਿਣ ਲਈ ਸਰਕਾਰੀ ਘਰ ਮਿਲੇ ਹੋਏ ਸਨਸਟੂਡੈਂਟ ਹੋਣ ਕਰ ਕੇ ਮੈਂ ਇਹਨਾਂ ਵਿਚ ਆਪਣੇ ਆਪ ਨੂੰ ਬਹੁਤ ਗਰੀਬ ਜਿਹਾ ਹੀ ਸਮਝਦਾ ਸਾਂ ਪਰ ਇਕ ਗੱਲੋਂ ਮੇਰੀ ਵੀ ਝੰਡੀ ਸੀਰਾਸ਼ਟਰਪਤੀ ਭਵਨ ਅਤੇ ਤੀਨ ਮੂਰਤੀ ਜਿਥੇ ਪਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਰਹਿੰਦੇ ਸਨ, ਦੇ ਐਨ ਵਿਚਕਾਰ ਸਾਊਥ ਐਵੇਨਿਊ ਵਿਚ ਇਕ ਮੈਂਬਰ ਪਾਰਲੀਮੈਂਟ ਤੋਂ ਮੈਂ ਇਕ ਬੈਡ ਰੂਮ ਤੇ ਕਿਚਨ ਵਾਲਾ ਕੁਆਰਟਰ 10 ਰੁਪੈ ਮਹੀਨੇ ਤੇ ਲਿਆ ਹੋਇਆ ਸੀਪ੍ਰਸ਼ਾਸਨਕ ਮਹੱਤਤਾ ਪੱਖੋਂ ਸਾਰੇ ਹਿੰਦੋਸਤਾਨ ਵਿਚ ਇਹ ਬੜੀ ਅਹਿਮੀਅਤ ਵਾਲੀ ਸੁਰੱਖਿਅਤ ਥਾਂ ਸੀ ਜਿਥੇ ਭਾਰਤ ਦੇ ਮੈਂਬਰ ਪਾਰਲੀਮੈਂਟਸ ਦੇ ਬੰਗਲੇ ਸਨ

---

ਇਹਨਾਂ ਵਿਚੋਂ ਕਈ ਲੇਖਕ ਘਰ ਵਾਲੀਆਂ ਤੋਂ ਡਰਦੇ ਮੇਰੇ ਇਸ ਛੋਟੇ ਜਿਹੇ ਕੁਆਰਟਰ ਨੂੰ ਸ਼ਰਾਬ ਪੀਣ ਦੇ ਅਡੇ ਵਜੋਂ ਵਰਤਦੇ ਸਨ ਤੇ ਛੋਟਾ ਹੋਣ ਕਾਰਨ ਮੈਨੂੰ ਨੌਕਰ ਹੀ ਸਮਝਦੇ ਸਨ100 ਬੇਅਰਡ ਰੋਡ ਦੇ ਠੇਕੇ ਤੋਂ ਬੋਤਲ ਲੈਣ ਲਈ ਮੈਨੂੰ ਸਾਈਕਲ ਤੇ ਭਜਾਈ ਰੱਖਦੇਦੇਵਿੰਦਰ ਸਤਿਆਰਥੀ ਵੀ ਓਦੋਂ ਬੇਅਰਡ ਰੋਡ ਤੇ ਹੀ ਰਹਿੰਦਾ ਸੀ

---

ਮੈਂ ਇਕ ਦਿਨ ਉਪਾਸ਼ਕ ਨੂੰ ਕਿਹਾ ਕਿ ਅਗੋਂ ਤੋਂ ਮੈ ਬੋਤਲ ਲੈਣ ਤਾਂ ਜਾਵਾਂਗਾ ਜੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਦਰਸ਼ਨ ਕਰਾਓਗੇ

ਅੰਮ੍ਰਿਤਾ ਉਹਨੀਂ ਦਿਨੀਂ ਪਟੇਲ ਨਗਰ ਰਹਿੰਦੀ ਸੀਜਦੋਂ ਮੈਂ ਤੇ ਉਪਾਸ਼ਕ ਮਿਲਣ ਗਏ ਤਾਂ ਉਸ ਦਾ ਘਰ ਵਾਲਾ ਪ੍ਰੀਤਮ ਸਿੰਘ ਕਹਿਣ ਲੱਗਾ, "ਅਸਾਂ ਇਕ ਮਰਗ ਤੇ ਜਾਣਾ ਹੈ, ਅੰਮ੍ਰਿਤਾ ਜੀ ਤਿਆਰ ਹੋ ਰਹੇ ਹਨ, ਤੁਸੀ ਡਰਾਇੰਗ ਰੂਮ ਵਿਚ ਇੰਤਜ਼ਾਰ ਕਰੋ।" ਅਸੀਂ ਕਾਫੀ ਚਿਰ ਇੰਤਜ਼ਾਰ ਕਰਦੇ ਰਹੇ ਤੇ ਏਸ ਸਾਰੇ ਸਮੇਂ ਅੰਮ੍ਰਿਤਾ ਜੀ ਦੇ ਇਕ ਨਿੱਕੇ ਜਹੇ ਚਿਟੇ ਰੰਗ ਦੇ ਕੁਤੇ ਨੇ ਦਰਜਨਾਂ ਵਾਰ ਸਾਡਾ ਮੂੰਹ ਚੁੰਮਿਆ ਤੇ ਜਿੰਨਾ ਅਸੀਂ ਹਟਾਈਏ, ਉਹ ਓਨਾ ਹੀ ਵਧੀ ਜਾਵੇ

----

ਆਖ਼ਰ ਅੰਮ੍ਰਿਤਾ ਜੀ ਜਲਵਾਗਰ ਹੋਏਜਿਸ ਤਰ੍ਹਾਂ ਉਹਨਾਂ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੋਇਆ ਸੀ, ਓਸ ਤੋਂ ਦੋ ਗੱਲਾਂ ਦਾ ਪਤਾ ਲੱਗਦਾ ਸੀ ਕਿ ਇਕ ਤਾਂ ਅੰਮ੍ਰਿਤਾ ਜੀ ਕਿਸੇ ਵੀ ਫਿਲਮੀ ਐਕਟਰੈਸ ਜਿਵੇਂ ਨਰਗਸ, ਸੁਰੱਈਆ ਜਾਂ ਮਧੂ ਬਾਲਾ ਤੋਂ ਘੱਟ ਖ਼ੂਬਸੂਰਤ ਨਹੀਂ ਸਨਉਹਨਾਂ ਦੇ ਮਸਤ ਨੈਣਾਂ ਦੇ ਤੀਰਾਂ ਦੀ ਮਾਰ ਝੱਲਣੀ ਬੜੀ ਔਖੀ ਸੀਦੂਜਾ ਇਹ ਕਿ ਉਹ ਕਿਸੇ ਮਰਗ ਤੇ ਨਹੀਂ, ਸਗੋਂ ਕਿਸੇ ਫਿਲਮ ਦੀ ਸ਼ੂਟਿੰਗ ਤੇ ਜਾ ਰਹੇ ਹੋਣ

..........

ਮੈਨੂੰ ਮਿਲਣ ਆਉਂਣ ਤੋਂ ਪਹਿਲਾਂ ਫੋਨ ਕਰਨਾ ਸੀ ਉਪਾਸ਼ਕ ਜੀ,” ਅੰਮ੍ਰਿਤਾ ਦੇ ਮੂੰਹੋਂ ਇਹ ਬਚਨ ਸੁਣ ਅਸੀਂ ਬਾਹਰ ਆ ਗਏ ਪਰ ਮੈਨੂੰ ਅੰਮ੍ਰਿਤਾ ਦੇ ਉਹਨਾਂ ਦਿਨਾਂ ਦੇ ਹੁਸਨ ਦੀ ਝਲਕ ਕਈ ਸਾਲ ਤੱਕ ਨਾ ਭੁੱਲ ਸਕੀ


No comments: