Showing posts with label ਬਲਬੀਰ ਸਿੰਘ ਮੋਮੀ. Show all posts
Showing posts with label ਬਲਬੀਰ ਸਿੰਘ ਮੋਮੀ. Show all posts

Tuesday, June 9, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਨਾਲ਼ ਪਹਿਲੀ ਮੁਲਾਕਾਤ - ਨ੍ਹਾਤੇ ਧੋਤੇ ਰਹਿ ਗਏ......

ਬਹੁਤ ਪੁਰਾਣੀ 1956 ਦੀ ਗੱਲ ਹੈ ਮੈਂ ਓਦੋਂ ਦਿੱਲੀ ਸੈਨੇਟਰੀ ਇਨਸਪੈਕਟਰ ਦਾ ਕੋਰਸ ਕਰ ਰਿਹਾ ਸਾਂ ਤੇ ਓਸ ਵੇਲੇ ਤੱਕ ਕੁਝ ਕਹਾਣੀਆਂ ਲਿਖ ਤੇ ਓਸ ਵੇਲੇ ਦੇ ਮਸ਼ਹੂਰ ਰਸਾਲਿਆਂ ਵਿਚ ਛਪਵਾ ਕੇ ਆਪਣੇ ਨਾਂ ਦੂਜਿਆਂ ਤੀਕ ਪੁਚਾਉਂਣ ਦਾ ਉਪਰਾਲਾ ਕਰ ਚੁੱਕਾ ਸਾਂ। ਕਦੀ ਕਦੀ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਜੋ ਸੁਰਗਵਾਸੀ ਲੇਖਕ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਹੀ ਰਹਿੰਦੇ ਪਿਆਰਾ ਸਿੰਘ ਐਮ. ਏ. ਦੇ ਘਰ ਲੱਗਦੀ ਹੁੰਦੀ ਸੀ, ਵਿਚ ਜਾਇਆ ਕਰਦਾ ਸਾਂ। ਲੇਖਕਾਂ ਨੂੰ ਮਿਲਣ ਦਾ ਮੇਰੇ ਅੰਦਰ ਸ਼ੁਦਾਅ ਦੀ ਹੱਦ ਤੀਕ ਸ਼ੌਂਕ ਸੀ ਜਿਵੇਂ ਇਹ ਕੋਈ ਬੰਦੇ ਨਾ ਹੋਣ, ਸਗੋਂ ਦੇਵਤੇ ਹੋਣ। ਏਥੇ ਹੀ ਮੈਨੂੰ ਓਸ ਵੇਲੇ ਦੇ ਬਹੁਤ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖ਼ਸ਼ੀ, ਵੇਦ ਪ੍ਰਕਾਸ. ਸ਼ਰਮਾ, ਬਿਸ਼ਨ ਸਿੰਘ ਉਪਾਸ਼ਕ, ਮਹਿੰਦਰ ਸਿੰਘ ਸਰਨਾ ਆਦਿ। ਇਹਨਾਂ ਵਿਚੋਂ ਬਹੁਤ ਹੁਣ ਇਸ ਦੁਨੀਆ ਵਿਚ ਨਹੀਂ ਰਹੇ।

---

ਅੰਮ੍ਰਿਤਾ ਪ੍ਰੀਤਮ ਜੋ ਉਹਨੀਂ ਦਿੱਲੀ ਰੇਡੀਓ ਸਟੇਸ਼ਨ ਤੋਂ ਪੰਜਾਬੀ ਪਰੋਗਰਾਮ ਪੇਸ਼ ਕਰਦੀ ਸੀ, ਕਦੀ ਸਭਾ ਦੀ ਮੀਟਿੰਗ ਵਿਚ ਨਹੀਂ ਆਉਂਦੀ ਸੀ। ਬਾਕੀਆਂ ਦਾ ਵੀ ਬੜਾ ਨਾਂ ਸੀ ਤੇ ਇਹਨਾਂ ਵਿਚੋਂ ਬਹੁਤੇ ਸਰਕਾਰੀ ਨੌਕਰੀਆਂ ਵਿਚ ਸਨ ਤੇ ਇਹਨਾਂ ਨੂੰ ਰਹਿਣ ਲਈ ਸਰਕਾਰੀ ਘਰ ਮਿਲੇ ਹੋਏ ਸਨ। ਸਟੂਡੈਂਟ ਹੋਣ ਕਰ ਕੇ ਮੈਂ ਇਹਨਾਂ ਵਿਚ ਆਪਣੇ ਆਪ ਨੂੰ ਬਹੁਤ ਗਰੀਬ ਜਿਹਾ ਹੀ ਸਮਝਦਾ ਸਾਂ ਪਰ ਇਕ ਗੱਲੋਂ ਮੇਰੀ ਵੀ ਝੰਡੀ ਸੀ। ਰਾਸ਼ਟਰਪਤੀ ਭਵਨ ਅਤੇ ਤੀਨ ਮੂਰਤੀ ਜਿਥੇ ਪਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਰਹਿੰਦੇ ਸਨ, ਦੇ ਐਨ ਵਿਚਕਾਰ ਸਾਊਥ ਐਵੇਨਿਊ ਵਿਚ ਇਕ ਮੈਂਬਰ ਪਾਰਲੀਮੈਂਟ ਤੋਂ ਮੈਂ ਇਕ ਬੈਡ ਰੂਮ ਤੇ ਕਿਚਨ ਵਾਲਾ ਕੁਆਰਟਰ 10 ਰੁਪੈ ਮਹੀਨੇ ਤੇ ਲਿਆ ਹੋਇਆ ਸੀ। ਪ੍ਰਸ਼ਾਸਨਕ ਮਹੱਤਤਾ ਪੱਖੋਂ ਸਾਰੇ ਹਿੰਦੋਸਤਾਨ ਵਿਚ ਇਹ ਬੜੀ ਅਹਿਮੀਅਤ ਵਾਲੀ ਸੁਰੱਖਿਅਤ ਥਾਂ ਸੀ ਜਿਥੇ ਭਾਰਤ ਦੇ ਮੈਂਬਰ ਪਾਰਲੀਮੈਂਟਸ ਦੇ ਬੰਗਲੇ ਸਨ।

---

ਇਹਨਾਂ ਵਿਚੋਂ ਕਈ ਲੇਖਕ ਘਰ ਵਾਲੀਆਂ ਤੋਂ ਡਰਦੇ ਮੇਰੇ ਇਸ ਛੋਟੇ ਜਿਹੇ ਕੁਆਰਟਰ ਨੂੰ ਸ਼ਰਾਬ ਪੀਣ ਦੇ ਅਡੇ ਵਜੋਂ ਵਰਤਦੇ ਸਨ ਤੇ ਛੋਟਾ ਹੋਣ ਕਾਰਨ ਮੈਨੂੰ ਨੌਕਰ ਹੀ ਸਮਝਦੇ ਸਨ। 100 ਬੇਅਰਡ ਰੋਡ ਦੇ ਠੇਕੇ ਤੋਂ ਬੋਤਲ ਲੈਣ ਲਈ ਮੈਨੂੰ ਸਾਈਕਲ ਤੇ ਭਜਾਈ ਰੱਖਦੇ। ਦੇਵਿੰਦਰ ਸਤਿਆਰਥੀ ਵੀ ਓਦੋਂ ਬੇਅਰਡ ਰੋਡ ਤੇ ਹੀ ਰਹਿੰਦਾ ਸੀ।

---

ਮੈਂ ਇਕ ਦਿਨ ਉਪਾਸ਼ਕ ਨੂੰ ਕਿਹਾ ਕਿ ਅਗੋਂ ਤੋਂ ਮੈ ਬੋਤਲ ਲੈਣ ਤਾਂ ਜਾਵਾਂਗਾ ਜੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਦਰਸ਼ਨ ਕਰਾਓਗੇ।

ਅੰਮ੍ਰਿਤਾ ਉਹਨੀਂ ਦਿਨੀਂ ਪਟੇਲ ਨਗਰ ਰਹਿੰਦੀ ਸੀ। ਜਦੋਂ ਮੈਂ ਤੇ ਉਪਾਸ਼ਕ ਮਿਲਣ ਗਏ ਤਾਂ ਉਸ ਦਾ ਘਰ ਵਾਲਾ ਪ੍ਰੀਤਮ ਸਿੰਘ ਕਹਿਣ ਲੱਗਾ, "ਅਸਾਂ ਇਕ ਮਰਗ ਤੇ ਜਾਣਾ ਹੈ, ਅੰਮ੍ਰਿਤਾ ਜੀ ਤਿਆਰ ਹੋ ਰਹੇ ਹਨ, ਤੁਸੀ ਡਰਾਇੰਗ ਰੂਮ ਵਿਚ ਇੰਤਜ਼ਾਰ ਕਰੋ।" ਅਸੀਂ ਕਾਫੀ ਚਿਰ ਇੰਤਜ਼ਾਰ ਕਰਦੇ ਰਹੇ ਤੇ ਏਸ ਸਾਰੇ ਸਮੇਂ ਅੰਮ੍ਰਿਤਾ ਜੀ ਦੇ ਇਕ ਨਿੱਕੇ ਜਹੇ ਚਿਟੇ ਰੰਗ ਦੇ ਕੁਤੇ ਨੇ ਦਰਜਨਾਂ ਵਾਰ ਸਾਡਾ ਮੂੰਹ ਚੁੰਮਿਆ ਤੇ ਜਿੰਨਾ ਅਸੀਂ ਹਟਾਈਏ, ਉਹ ਓਨਾ ਹੀ ਵਧੀ ਜਾਵੇ।

----

ਆਖ਼ਰ ਅੰਮ੍ਰਿਤਾ ਜੀ ਜਲਵਾਗਰ ਹੋਏ। ਜਿਸ ਤਰ੍ਹਾਂ ਉਹਨਾਂ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੋਇਆ ਸੀ, ਓਸ ਤੋਂ ਦੋ ਗੱਲਾਂ ਦਾ ਪਤਾ ਲੱਗਦਾ ਸੀ ਕਿ ਇਕ ਤਾਂ ਅੰਮ੍ਰਿਤਾ ਜੀ ਕਿਸੇ ਵੀ ਫਿਲਮੀ ਐਕਟਰੈਸ ਜਿਵੇਂ ਨਰਗਸ, ਸੁਰੱਈਆ ਜਾਂ ਮਧੂ ਬਾਲਾ ਤੋਂ ਘੱਟ ਖ਼ੂਬਸੂਰਤ ਨਹੀਂ ਸਨ। ਉਹਨਾਂ ਦੇ ਮਸਤ ਨੈਣਾਂ ਦੇ ਤੀਰਾਂ ਦੀ ਮਾਰ ਝੱਲਣੀ ਬੜੀ ਔਖੀ ਸੀ। ਦੂਜਾ ਇਹ ਕਿ ਉਹ ਕਿਸੇ ਮਰਗ ਤੇ ਨਹੀਂ, ਸਗੋਂ ਕਿਸੇ ਫਿਲਮ ਦੀ ਸ਼ੂਟਿੰਗ ਤੇ ਜਾ ਰਹੇ ਹੋਣ।

..........

“ਮੈਨੂੰ ਮਿਲਣ ਆਉਂਣ ਤੋਂ ਪਹਿਲਾਂ ਫੋਨ ਕਰਨਾ ਸੀ ਉਪਾਸ਼ਕ ਜੀ,” ਅੰਮ੍ਰਿਤਾ ਦੇ ਮੂੰਹੋਂ ਇਹ ਬਚਨ ਸੁਣ ਅਸੀਂ ਬਾਹਰ ਆ ਗਏ ਪਰ ਮੈਨੂੰ ਅੰਮ੍ਰਿਤਾ ਦੇ ਉਹਨਾਂ ਦਿਨਾਂ ਦੇ ਹੁਸਨ ਦੀ ਝਲਕ ਕਈ ਸਾਲ ਤੱਕ ਨਾ ਭੁੱਲ ਸਕੀ।


Wednesday, May 20, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਪ੍ਰੀਤਮ – ਸ਼ੱਮਾਅ ਇੱਕ ਤੇ ਪਰਵਾਨੇ......??

ਬਿਸ਼ਨ ਸਿੰਘ ਉਪਾਸ਼ਕ ਨਾਲ ਮੇਰੀ ਪਹਿਲੀ ਮੁਲਾਕਾਤ 1956 ਵਿਚ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਇਕ ਮੀਟਿੰਗ ਵਿਚ ਹੋਈ। ਇਹ ਮੀਟਿੰਗਾਂ ਆਮ ਤੌਰ ਤੇ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਦੇ ਬਲਾਕ ਵਿਚ ਰਹਿੰਦੇ ਪਿਆਰਾ ਸਿੰਘ ਐਮ. ਏ. ਜਾਂ ਵੇਦ ਪ੍ਰਕਾਸ਼ ਸ਼ਰਮਾ ਸ਼ਿਮਲਵੀ ਦੇ ਘਰ ਹੋਇਆ ਕਰਦੀਆਂ ਸਨ। ਮੈਂ ਉਹਨੀਂ ਦਿਨੀਂ ਦਿੱਲੀ ਵਿਚ ਸੈਨਟਰੀ ਇਨਸਪੈਕਟਰ ਦਾ ਡਿਪਲੋਮਾ ਕਰ ਰਿਹਾ ਸਾਂ ਤੇ ਸ਼ੁਦਾਅ ਦੀ ਹੱਦ ਤੀਕ ਪੰਜਾਬੀ ਲਿਖਾਰੀਆਂ ਨੂੰ ਮਿਲਣ ਦਾ ਮੂਰਖ ਜਜ਼ਬਾ ਲੈ ਕੇ ਹਰ ਮੀਟਿੰਗ ਵਿਚ ਜਾਂਦਾ ਜਿਵੇਂ ਇਹ ਲੋਕ ਲਿਖਾਰੀ ਨਹੀਂ, ਸਗੋਂ ਕੋਈ ਰੱਬ ਹੋਣ। ਜੋ ਲਿਖਾਰੀ ਇਹਨਾਂ ਮੀਟਿੰਗਾਂ ਵਿਚ ਨਹੀਂ ਆਂਦੇ ਸਨ, ਉਹਨਾਂ ਨੂੰ ਉਹਨਾਂ ਦੇ ਘਰਾਂ ਜਾਂ ਦਫਤਰਾਂ ਵਿਚ ਮਿਲਣ ਦੀ ਕੋਸ਼ਿਸ਼ ਕਰਦਾ। ਇਕ ਮੁੰਡਾ ਖੁੰਡਾ ਸਮਝ ਅਤੇ ਕਈ ਕਿਤਾਬ ਨਾ ਛਪੀ ਹੋਣ ਕਾਰਨ ਇਹ ਮੈਨੂੰ ਘੱਟ ਹੀ ਜਾਣਦੇ ਸਨ। ਓਸ ਵੇਲੇ ਤਕ ਸਿਰਫ਼ ਮੇਰੀਆਂ ਕੁਝ ਕਹਾਣੀਆਂ ਈ ਕੁਝ ਰਸਾਲਿਆਂ ਵਿਚ ਛਪੀਆਂ ਸਨ ਤੇ ਦਿੱਲੀ ਦੇ ਸਥਾਪਤ ਲੇਖਕਾਂ ਨੂੰ ਪ੍ਰਭਾਵਤ ਕਰਨ ਲਈ ਇਹ ਕੁਝ ਵੀ ਨਹੀਂ ਸਨ। ਫਿਰ ਵੀ ਆਪਣੇ ਜਜ਼ਬੇ ਦੀ ਹਉਮੇ ਨੂੰ ਪੱਠੇ ਪੌਣ ਲਈ ਮੈਂ ਤਦ ਤੱਕ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਮਹਿੰਦਰ ਸਿੰਘ ਸਰਨਾ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖਸ਼ੀ, ਠਾਕਰ ਪੰਛੀ, ਸਲਾਮ ਮਛਲੀ ਸ਼ਹਿਰੀ, ਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਦਾਤਾ ਆਦਿ ਨੂੰ ਮਿਲ ਚੁੱਕਾ ਸਾਂ। ਇਹਨਾਂ ਵੱਡੇ ਨਾਵਾਂ ਵਾਲੇ ਲੇਖਕਾਂ ਚੋਂ ਕਈ ਸਭਾ ਦੀ ਮੀਟਿੰਗ ਵਿਚ ਕਦੇ ਵੀ ਨਹੀਂ ਆਉਂਦੇ ਸਨ।

----

ਇਕ ਮੀਟਿੰਗ ਵਿਚ ਬਿਸ਼ਨ ਸਿੰਘ ਉਪਾਸ਼ਕ ਨਾਲ ਮੁਲਾਕਾਤ ਹੋਈ। ਆਸ਼ਕ ਮਜਾਜ਼, ਛੜਾ ਛਾਂਟ, ਛੀਂਟ ਦੀ ਪੱਗ, ਮਧਰਾ ਪਰ ਗੱਠਿਆ ਸਰੀਰ, ਸਟੇਜੀ ਕਵਿਤਾ ਦਾ ਮਾਹਰ ਤੇ ਦਿੱਲੀ ਦੀਆਂ ਗਲੀਆਂ ਚੋਂ ਦੇਸੀ ਘਰ ਦੀ ਕੱਢੀ ਸ਼ਰਾਬ ਤੇ ਅੰਡਿਆਂ ਦਾ ਜਾਣਕਾਰ ਮੈਨੂੰ ਪਹਾੜ ਗੰਜ ਜਗਤ ਪ੍ਰੈੱਸ ਤੇ ਲੈ ਗਿਆ ਜਿਥੇ ਉਹ ਨੌਕਰੀ ਕਰਦਾ ਸੀ। ਰਹਿੰਦਾ ਉਹ ਅਨੰਦ ਪਰਬਤ ਸੀ ਤੇ ਓਸ ਥਾਂ ਤੋਂ ਪਰ੍ਹਾਂ ਲਾਗੇ ਹੀ ਪਟੇਲ ਨਗਰ ਵਿਚ ਉਹਨੀਂ ਦਿਨੀਂ ਅੰਮ੍ਰਿਤਾ ਪ੍ਰੀਤਮ ਰਹਿੰਦੀ ਸੀ। ਓਸ ਦਿਨ ਉਹਦੀ ਜੇਬ ਵਿਚ ਪੈਸੇ ਸਨ। ਇਸ ਲਈ ਘਰ ਦੀ ਕੱਢੀ ਲੱਭਣ ਦੀ ਲੋੜ ਨਾ ਪਈ। ਮੈਂ ਓਦੋਂ ਸ਼ਰਾਬ ਨਹੀਂ ਪੀਂਦਾ ਸਾਂ ਕਿਉਂਕਿ ਹਾਲੇ ਜ਼ਿੰਦਗੀ ਦੇ ਗ਼ਮ ਸ਼ੁਰੂ ਨਹੀਂ ਹੋਏ ਸਨ ਪਰ ਉਪਾਸ਼ਕ ਕਹਿਣ ਲਗਾ ਕਿ ਜੇ ਤੂੰ ਲੇਖਕ ਬਣਨਾ ਹੈ ਤਾਂ ਨੱਕ ਘੁੱਟ ਕੇ ਸਿੱਧੀ ਅੰਦਰ ਸੁੱਟ ਲਾ ਨਹੀਂ ਤਾਂ ਅਸੀਂ ਤੈਨੂੰ ਢਾਹ ਕੇ ਵੀ ਪਿਆ ਦਿਆਂਗੇ। ਮੈਂ ਬਥੇਰਾ ਕਿਹਾ ਕਿ ਮੈਂ ਤਾਂ ਇਕ ਸਟੂਡੈਂਟ ਹਾਂ ਤੇ ਇਸ ਬਾਰੇ ਅਨਜਾਣ ਹਾਂ ਪਰ ਉਹ ਨਾ ਮੰਨਿਆ।

----

ਜਦੋਂ ਅਰਧ ਸ਼ਰਾਬੀ ਹੋ ਗਏ ਤਾਂ ਓਸ ਜੇਬ ਵਿਚੋਂ ਇਕ ਚਿੱਠੀ ਕੱਢੀ, ਲਿਫਾਫੇ ਵਿਚ ਬੰਦ ਕੀਤੀ ਤੇ ਉਹ ਲਿਫਾਫਾ ਮੇਰੇ ਅੱਗੇ ਰੱਖ ਦਿਤਾ ਤੇ ਕਹਿਣ ਲੱਗਾ ਕਿ ਇਸ ਉਤੇ ਖ਼ੂਬਸੂਰਤ ਅੰਗਰੇਜ਼ੀ ਅੱਖਰਾਂ ਵਿਚ ਅੰਮ੍ਰਿਤਾ ਪ੍ਰੀਤਮ ਦਾ ਨਾਂ ਪਤਾ ਲਿਖ ਦੇ। ਮੈਂ ਲਿਖ ਦਿੱਤਾ ਤਾਂ ਓਹ ਕਿੰਨਾ ਚਿਰ ਘੂਰ ਕੇ ਲਿਫਾਫੇ ਵੱਲ ਵਿੰਹਦਾ ਰਿਹਾ ਤੇ ਫਿਰ ਪੈਰ ਚੋਂ ਜੁੱਤੀ ਲਾਹ ਕੇ ਸੱਤ ਵਾਰ ਲਿਫਾਫੇ ਉਤੇ ਮਾਰ ਕੇ ਲਿਫਾਫਾ ਪਾੜ ਕੇ ਟੁਕੜੇ ਟੁਕੜੇ ਕਰ ਦਿਤਾ ਤੇ ਮੈਨੂੰ ਕਹਿਣ ਲੱਗਾ ਜਾ ਭੱਜ ਜਾ.... ਕੱਲ੍ਹ ਨੂੰ ਮਿਲਾਂਗੇ।

----

ਕੁਝ ਸਾਲਾਂ ਬਾਅਦ ਉਪਾਸ਼ਕ ਦੀ ਦਿੱਲੀ ਦੀਆਂ ਸੜਕਾਂ ਉਤੇ ਸਾਈਕਲ ਚਲਾਉਂਦਿਆਂ ਐਕਸੀਡੈਂਟ ਵਿਚ ਮੌਤ ਹੋਣ ਤੋਂ ਬਾਅਦ ਉਸਦੀ ਸ਼ਨਾਖ਼ਤ ਲਈ ਜਦ ਪੁਲਸ ਨੇ ਉਹਦਾ ਬਟੂਆ ਖੋਲ੍ਹਿਆ ਤਾਂ ਉਸ ਵਿਚ ਅੰਮ੍ਰਿਤਾ ਪ੍ਰੀਤਮ ਦਾ ਪਤਾ ਤੇ ਫੋਨ ਨੰਬਰ ਸੀ। ਪੁਲਸ ਵੱਲੋਂ ਅੰਮ੍ਰਿਤਾ ਨੂੰ ਫੋਨ ਤੇ ਉਪਾਸ਼ਕ ਬਾਰੇ ਪੁੱਛਿਆ ਤਾਂ ਉਸ ਕਿਹਾ ਕਿ ਮੈਂ ਤਾਂ ਇਸ ਸ਼ਖ਼ਸ ਨੂੰ ਜਾਣਦੀ ਤੱਕ ਨਹੀਂ।



Monday, April 20, 2009

ਬਲਬੀਰ ਸਿੰਘ ਮੋਮੀ – ਅਸਲੀ ਲਾੜਾ ਕੌਣ ?

ਸੁਰਗਵਾਸੀ ਪੰਜਾਬੀ ਲੇਖਕ ਹਰਪਾਲਜੀਤ ਪਾਲੀ ਨੇ ਯਤਨ ਤਾਂ ਬੜੇ ਕੀਤੇ, ਆਪਣੀ ਫੋਟੋ ਸਮੇਤ ਵਿਆਹ ਲਈ ਇਸ਼ਤਿਹਾਰ ਵੀ ਦਿੱਤੇ ਪਰ ਕੋਈ ਕੁੜੀ ਉਹਦੇ ਨਾਲ ਵਿਆਹ ਕਰਾਉਂਣ ਲਈ ਤਿਆਰ ਨਾ ਹੋਈ। ਆਖਰ ਜਿਥੇ ਉਹਦੀ ਗੱਲ ਬਣੀ, ਓਥੇ ਸ਼ਰਤ ਸੀ ਕਿ ਜੰਜ ਬੱਸ ਤੇ ਆਵੇ। ਪਾਲੀ ਕੋਲ ਏਨੇ ਪੈਸੇ ਨਹੀਂ ਸਨ ਪਰ ਮਰਦਾ ਕੀ ਨਾ ਕਰਦਾ ਵਾਲੀ ਗੱਲ ਸੀ। ਆਖਰ ਜੋ ਬੱਸ ਮਿਲੀ, ਉਹਦਾ ਡਰਾਈਵਰ ਰੱਜ ਕੇ ਅੜਬ ਤੇ ਸ਼ਰਾਬੀ ਸੀ। ਬੋਤਲ ਪੀਤੇ ਬਿਨਾ ਉਹ ਬੱਸ ਚਲਾਉਂਣ ਲਈ ਤਿਆਰ ਈ ਨਾ ਹੋਇਆ।

----

ਰਾਹ ਵਿਚ ਜਦੋਂ ਦਾਰੂ ਚੜ੍ਹ ਗਈ ਤਾਂ ਬੱਸ ਖਲ੍ਹਾਰ ਕੇ ਇਕ ਰੁੱਖ ਥੱਲੇ ਲੰਮਾ ਪੈ ਗਿਆ ਕਿ ਨਸ਼ਾ ਉਤਰੂ ਤਾਂ ਤੁਰੂੰ। ਸ਼ਰਾਬੀ ਹੋਇਆਂ ਹੋਰ ਕੋਈ ਜਾਹ ਜਾਂਦੀਏ ਹੋ ਜੇ। ਓਧਰ ਜੰਜ ਲੇਟ ਹੋਈ ਜਾਵੇ। ਬੜੀ ਮੁਸ਼ਕਲ ਨਾਲ ਉਠਾਇਆ ਤਾਂ ਇਕ ਅੰਗਰੇਜ਼ੀ ਦੇ ਠੇਕੇ ਮੂਹਰੇ ਫੇਰ ਬੱਸ ਰੋਕ ਕੇ ਕਹਿੰਦਾ, “ਨਸ਼ਾ ਟੁੱਟ ਗਿਆ, ਲਿਆਓ ਬੋਤਲ, ਤਾਂ ਅਗੇ ਚੱਲੂੰ ।”

----

ਜੰਜ ਤਾਂ ਲੇਟ ਹੋਣੀ ਈ ਸੀ। ਰਾਤੀਂ ਹੋਰ ਪੀ ਕੇ ਉਲਟੀਆਂ ਕਰਦਾ ਰਿਹਾ ਤੇ ਅਗਲੇ ਦਿਨ ਤੁਰਨ ਤੋਂ ਪਹਿਲਾਂ ਕਹਿੰਦਾ, “ਮੈਂ ਤਾਂ ਸੌ ਦਾ ਨੋਟ ਦੇਵੋਗੇ ਤਾਂ ਉਠਾਂਗਾ, ਹਾਲੇ ਮੈਂ ਹੋਰ ਸੌਣਾ ਹੈ।”

ਪਾਲੀ ਕਹਿਣ ਲੱਗਾ, “ ਯਾਰੋ! ਜੰਜ ਦਾ ਲਾੜਾ ਮੈਂ ਕਾਹਦਾ ਹੋਇਆ, ਲਾੜਾ ਤਾਂ ਇਹ ਡਰਾਈਵਰ ਈ ਹੋਇਆ।”


Monday, March 30, 2009

ਬਲਬੀਰ ਸਿੰਘ ਮੋਮੀ – ਕਬਾੜਖ਼ਾਨਾ ਕਿ ਲਾਇਬ੍ਰੇਰੀ..??

1966 ਵਿਚ ਮੇਰੀਆਂ 18 ਕਹਾਣੀਆਂ ਦੀ ਕਿਤਾਬ ‘ਜੇ ਮੈਂ ਮਰ ਜਾਵਾਂ’ ਸ਼ਿਵ ਕੁਮਾਰ ਬਟਾਲਵੀ ਨੇ ਐਡਿਟ ਕੀਤੀ ਅਤੇ ਨਿਊ ਬੁੱਕ ਕੰਪਨੀ ਜਲੰਧਰ ਨੇ ਬੜੀ ਖ਼ੂਬਸੂਰਤ ਜਿਲਦ ਵਿਚ ਛਾਪੀ ਤੇ ਉਸ ਜ਼ਮਾਨੇ ਦੇ ਰੇਟਾਂ ਅਨੁਸਾਰ ਇਸ ਦੀ ਕੀਮਤ 6 ਰੁਪਏ ਰੱਖੀ ਸੀ। ਸ਼ਿਵ ਕੁਮਾਰ ਨੇ ਇਸ ਕਿਤਾਬ ਦਾ ਬਹੁਤ ਦਿਲਕਸ਼ ਸੰਪਾਦਕੀ ਨੋਟ ਕਵਿਤਾ ਵਰਗੀ ਵਾਰਤਕ ਵਿਚ ਲਿਖਿਆ ਸੀ। ਕਿਤਾਬ ਦੀ ਰਾਇਲਟੀ ਵਜੋਂ ਮੈਨੂੰ ਡੇਢ ਸੌ ਕਿਤਾਬ ਪ੍ਰਕਾਸ਼ਕ ਕੋਲੋਂ ਮਿਲੀ। ਮੈਂ ਕੁਝ ਕਿਤਾਬਾਂ ਸਕੂਲਾਂ ਵਿਚ ਦੇ ਦਿੱਤੀਆਂ ਤੇ ਬਾਕੀ ਦੀਆਂ ਦੋਸਤਾਂ, ਸਾਹਿਤਕਾਰਾਂ, ਆਲੋਚਕਾਂ ਆਦਿ ਨੂੰ ਵੰਡ ਦਿਤੀਆਂ।

ਸੰਨ 1975 ਵਿਚ ਜਾ ਕੇ ਮੈਨੂੰ ਇਕ ਕਾਪੀ ਦੀ ਲੋੜ ਪਈ ਕਿਓਂਕਿ ਮੇਰੇ ਕੋਲ਼ ਇਸ ਕਿਤਾਬ ਦੀ ਕੋਈ ਕਾਪੀ ਨਹੀਂ ਬਚੀ ਸੀ। ਮੈਂ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਦੇ ਇਕ ਕਬਾੜੀਏ ਕੋਲ ਗਿਆ ਤੇ ਕਿਤਾਬ ਦੀ ਮੰਗ ਕੀਤੀ। ਓਸ ਨੇ ਝੱਟ ਕਬਾੜਖ਼ਾਨੇ ਵਿਚੋਂ ਕਿਤਾਬ ਲੱਭ ਲਿਆਂਦੀ ਤੇ ਕਹਿਣ ਲੱਗਾ ਨੌਂ ਰੁਪੈ ਦਿਓ। ਮੈਂ ਕਿਹਾ ਕਿ ਕਿਤਾਬ ਦੀ ਕੀਮਤ ਛੇ ਰੁਪੈ ਹੈ ਅਤੇ ਤੁਸੀਂ ਨੌਂ ਰੁਪੈ ਕਿਓਂ ਮੰਗ ਰਹੇ ਹੋ।

ਕਬਾੜੀਆ ਹੱਸ ਕੇ ਕਹਿਣ ਲੱਗਾ, “ਕਿਉਂਕਿ ਤੁਸੀਂ ਇਸ ਕਿਤਾਬ ਦੇ ਲੇਖਕ ਹੋ।”

ਮੈਂ ਪੁੱਛਿਆ ਤੁਹਾਨੂੰ ਕਿਵੇਂ ਪਤਾ ਕਿ ਮੈਂ ਇਸ ਕਿਤਾਬ ਦਾ ਲੇਖਕ ਹਾਂ। ਓਸ ਜਵਾਬ ਦਿੱਤਾ ਕਿ ਸਾਡੀ ਦੁਕਾਨ ਤੇ ਰੋਜ਼ ਲੇਖਕ ਹੀ ਆਪਣੀਆਂ ਪੁਰਾਣੀਆਂ ਛਪੀਆਂ ਕਿਤਾਬਾਂ ਦੀ ਕਾਪੀ ਖਰੀਦਣ ਆਉਂਦੇ ਹਨ।




Monday, March 9, 2009

ਬਲਬੀਰ ਸਿੰਘ ਮੋਮੀ - ਮਲਵਈ ਜੱਟ ਸ਼ਾਇਰ

ਫਿਰੋਜ਼ਪੁਰ ਜ਼ਿਲੇ ਵੱਲ ਦਾ ਇਕ ਹਿੰਸਕ ਮਲਵਈ ਜੱਟ ਪੰਜਾਬੀ ਸ਼ਾਇਰ ਗਵਰਧਨ ਸਿੰਘ ਮੁਕਤਸਰੀਆ ਇਕ ਵਾਰ ਅੰਮ੍ਰਿਤਸਰ ਪੰਜਾਬੀ ਮੁਸ਼ਾਇਰੇ 'ਚ ਹਿੱਸਾ ਲੈਣ ਗਿਆ ਤਾਂ ਓਥੋਂ ਦੇ ਪ੍ਰਬੰਧਕਾਂ ਨਾਲ ਸ਼ਰਾਬ ਪੀ ਕੇ ਲੜ ਪਿਆ। ਕੁੱਟ ਮਾਰ ਵਿਚ ਚਾਰਜ ਹੋ ਅੰਦਰ ਹੋ ਗਿਆ ਤੇ ਬੜੀ ਭੱਜ ਨੱਠ ਬਾਅਦ ਜ਼ਮਾਨਤ ਤੇ ਬਾਹਰ ਆ ਕੇ ਜਦ ਪਹਿਲੀ ਪੇਸ਼ੀ ਭੁਗਤਣ ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿਚ ਆਇਆ ਤਾਂ ਇਹਤਿਆਤਨ ਆਪਣੇ ਨਾਲ ਮੁਕਤਸਰ ਵੱਲ ਦੇ ਇਕ ਲੈਂਡ-ਲਾਰਡ ਨੂੰ ਵੀ ਲੈ ਆਇਆ।

ਕੋਰਟ ਵੱਲੋਂ ਅਗਲੀ ਤਾਰੀਖ ਪੈਣ ਤੇ ਕਚਹਿਰੀਆਂ ਦੇ ਬਾਹਰ ਬਣੇ ਢਾਬੇ ਤੇ ਚਾਹ ਪੀਂਦਿਆਂ ਮੁਕਤਸਰੀਆ ਸਰਦਾਰ ਮੁੱਛਾਂ ਨੂੰ ਵੱਟ ਚਾੜ੍ਹਦੇ ਖੂੰਡੇ ਵਾਲੇ ਮਝੈਲਾਂ ਨਾਲ਼ ਫੇਰ ਬਹਿਸ ਪਿਆ, “ਤੁਸੀਂ ਕਿੱਧਰ ਦੇ ਸਰਦਾਰ ਓਏ! ਪੰਜ-ਪੰਜ ਘੁਮਾਂ ਦੇ ਮਾਲਕ, ਮੇਰੀ ਪੰਜ ਸੌ ਵਿੱਘੇ ਜ਼ਮੀਨ ਆ।”


ਮਝੈਲ ਕਹਿਣ ਲੱਗਾ, "ਉਏ ਮਲਵਈਆ! ਸਾਨੂੰ ਪਤਾ ਤੇਰੀ ਪੰਜ ਸੌ ਵਿੱਘੇ ਅੱਕ, ਬੂਈਆਂ, ਭੱਖੜੇ ਤੇ ਪੋਹਲੀ ਵਾਲੀ ਬਰਾਨੀ ਜ਼ਮੀਨ ਦਾ। ਸਾਡੇ ਤਾਂ ‘ਫੀਮ ਦੇ ਟਰੱਕ ਚੱਲਦੇ ਆ, ਇਹ ਪੰਜ ਏਕੜ ਤਾਂ ਅਸਾਂ ਜ਼ਮਾਨਤਾਂ ਲਈ ਰੱਖੀ ਹੋਈ ਆ।”




Thursday, March 5, 2009

ਬਲਬੀਰ ਸਿੰਘ ਮੋਮੀ - ਵੱਡਾ ਠੱਗ ਕੌਣ?

ਸੁਰਗਵਾਸੀ ਐਕਟਰ ਤੇ ਲੇਖਕ ਬਲਰਾਜ ਸਾਹਨੀ ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਆਇਆ ਤੇ ਮੈਂ ਵੀ ਫਿਰੋਜ਼ਪੁਰੋਂ ਉਹਨੂੰ ਮਿਲਣ ਚਲਾ ਗਿਆ।

ਕੰਵਲ ਕਹਿਣ ਲੱਗਾ, “ਬਲਰਾਜ ਸਾਹਨੀ ਡੰਗਰ ਚਾਰਨ ਖੇਤਾਂ ਨੂੰ ਗਿਆ ਹੋਇਆ, ਬੱਸ ਆਉਂਣ ਈ ਵਾਲਾ। ਜੇ ਬਹੁਤਾ ਕਾਹਲਾ ਏਂ ਤਾਂ ਚੜ੍ਹਦੇ ਵਾਲੇ ਪਾਸੇ ਚਲਾ ਜਾ, ਸਿਆਣ ਲਏਂ ਤਾਂ ਮੰਨ ਜਾਂ ‘ਗੇ।”

ਸ਼ਾਮ ਹੋ ਰਹੀ ਸੀ। ਪਹੇ ਦੀ ਧੂੜ ਵਿਚ ਵਾਗੀ ਮਾਲ ਡੰਗਰ ਲਈਂ ਘਰਾਂ ਨੂੰ ਪਰਤ ਰਹੇ ਸਨ। ਨਾਲ ਲੱਗਦੇ ਰੁੱਖਾਂ ਚੋਂ ਬਿੰਡਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਕ ਵੱਗ ਮਗਰ ਪਸ਼ੌਰੀ ਚੱਪਲਾਂ ਪਾਈਂ ਤੇ ਉੱਚੀ ਤਹਿਮਤ ਬੰਨ੍ਹੀਂ ਮੂੰਹ-ਸਿਰ ਲਪੇਟ ਹੱਥ ਵਿਚ ਸੋਟੀ ਫੜੀ ਬਲਰਾਜ ਸਾਹਨੀ ਟੁਰਿਆ ਆ ਰਿਹਾ ਸੀ। ਮੈਂ ਪਛਾਣ ਲਿਆ ਤਾਂ ਕਹਿਣ ਲੱਗਾ ਕਿ ਕਿਵੇਂ ਪਤਾ ਲੱਗਾ ਤੈਨੂੰ?

“....ਤੇਰੀਆਂ ਗੋਰੀਆਂ ਲੱਤਾਂ ਤੇ ਪਸ਼ੌਰੀ ਚੱਪਲਾਂ ਤੋਂ। ਰੋਜ਼ ਮਾਲ ਡੰਗਰ ਚਾਰਨ ਵਾਲੇ ਵਾਗੀਆਂ ਦੀਆਂ ਖੁੱਚਾਂ ਏਨੀਆਂ ਗੋਰੀਆਂ ਨਹੀਂ ਹੁੰਦੀਆਂ।”

ਕੰਵਲ ਦੇ ਘਰ ਆ ਕੇ ਮੈਂ ਆਪਣੀ ਉਹਨੀਂ ਦਿਨੀਂ ਛਪੀ ਕਹਾਣੀਆਂ ਦੀ ਦੂਸਰੀ ਕਿਤਾਬ ‘ਜੇ ਮੈਂ ਮਰ ਜਾਵਾਂ’ ਬਲਰਾਜ ਸਾਹਨੀ ਨੂੰ ਪੇਸ਼ ਕੀਤੀ ਤੇ ਫਿਰ ਪਹਿਲੇ ਤੋੜ ਦੀ ਕੰਗਣੀ ਪੈਂਦੀ ਦੇਸੀ ਦੇ ਦੋ ਦੋ ਹਾੜੇ ਲਾ ਕੇ ਜਦੋਂ ਕੰਵਲ ਤੇ ਸਾਹਨੀ ਮੈਨੂੰ ਬੱਸ ਚੜ੍ਹਾਉਂਣ ਅੱਡੇ ਤੇ ਆਏ ਤਾਂ ਬਲਰਾਜ ਸਾਹਨੀ ਨੂੰ ਵੇਖਣ ਵਾਲਿਆਂ ਦਾ ਇਕੱਠ ਬੱਝ ਗਿਆ।

ਕੰਵਲ ਆਪਣੇ ਜਟਕੇ ਅੰਦਾਜ਼ ਤੇ ਟਿੱਚਰੀ ਸੁਭਾਅ 'ਚ ਕਹਿਣ ਲੱਗਾ, "ਉਏ! ਕੀ ਵਿੰਹਦੇ ਓ, ਇਹ ਬਲਰਾਜ ਸਾਹਨੀ ਵੱਡਾ ਠੱਗ ਆ, ਮੈਂ ਤੇ ਮੋਮੀ ਛੋਟੇ ਠੱਗ ਆਂ। ਇਹ ਐਕਟਰ, ਲਿਖਾਰੀ, ਸ਼ਾਇਰ, ਕਵੀਸ਼ਰ ਤੇ ਗਾਉਂਣ ਵਜਾਉਂਣ ਵਾਲੇ ਸਭ ਠੱਗ ਹੀ ਹੁੰਦੇ ਨੇ।”1966 ਦੇ ਉਸ ਜ਼ਮਾਨੇ ਵਿਚ ਢੁੱਡੀਕੇ ਦੇ ਅਨਪੜ੍ਹ ਤੇ ਅਧਖੜ੍ਹ ਜੱਟਾਂ ਵਿਚੋਂ ਕੰਵਲ ਦੇ ਇਸ ਸੰਕੇਤ ਨੂੰ ਕਿਸੇ ਸਮਝਿਆ ਤੇ ਕਿਸੇ ਨਾ।