Friday, September 18, 2009

ਦਰਵੇਸ਼ – ਜ਼ਿੰਦਗੀ ‘ਚ ਦੋ ਇਸ਼ਕ ਨਸੀਬ ਹੋਣਾ ਥੋੜ੍ਹੀ ਗੱਲ ਹੈ? - ਅੰਮ੍ਰਿਤਾ ਪ੍ਰੀਤਮ

ਮੈਗਜ਼ੀਨ ਸਾਰਿਕਾ ਦੇ ਸੰਪਾਦਕ ਕਨ੍ਹਈਆ ਲਾਲ ਨੰਦਨ ਨੇ ਅਜੀਤ ਕੌਰ ਨੂੰ ਅੰਮ੍ਰਿਤਾ ਪ੍ਰੀਤਮ ਦੀ ਇੰਟਰਵਿਊ ਲੈਣ ਲਈ ਭੇਜਿਆ। ਨਾਲ਼ ਹੀ ਉਹਨਾਂ ਆਖਿਆ ਅੰਮ੍ਰਿਤਾ ਨੇ ਰਸੀਦੀ ਟਿਕਟ ਵਿਚ ਆਪਣੇ ਸਿਰਫ਼ ਦੋ ਇਸ਼ਕ ਲਿਖੇ ਹਨ, ਇਹ ਘੱਟ ਜਾਪਦੇ ਹਨ, ਤੂੰ ਪੁੱਛ ਕੇ ਬਾਕੀ ਵੀ ਲਿਖ ਲਿਆਵੀਂ।

.......

ਅਜੀਤ ਕੌਰ ਨੇ ਆਉਂਦਿਆਂ ਨੰਦਨ ਦੀ ਜ਼ੁਬਾਨੀ ਇਹੀ ਪਹਿਲਾ ਸਵਾਲ ਕੀਤਾ, ਤਾਂ ਅੰਮ੍ਰਿਤਾ ਨੇ ਕਿਹਾ, ਫੇਰ ਲਿਖ.... ਕਿ ਨੰਦਨ ਨੂੰ ਤਾਂ ਜ਼ਿੰਦਗੀ ਚ ਇੱਕ ਇਸ਼ਕ ਵੀ ਨਸੀਬ ਨਹੀਂ ਹੋਇਆ, ਮੈਨੂੰ ਤਾਂ ਦੋ ਨਸੀਬ ਹੋ ਗਏ ਨੇ, ਕੀ ਇਹ ਥੋੜ੍ਹੀ ਗੱਲ ਹੈ?
Wednesday, September 9, 2009

ਬਲਵੰਤ ਗਾਰਗੀ – “ਦੋ ਅੰਨ੍ਹੇ – ਕਰਤਾਰ ਸਿੰਘ ਦੁੱਗਲ ਤੇ...?”

ਰੇਡਿਓ ਲਈ ਲੋਹਾ ਕੁੱਟ ਨਾਟਕ ਤਿਆਰ ਕਰਨ ਤੋਂ ਬਾਅਦ ਮੇਰੇ ਅਤੇ ਕਰਤਾਰ ਸਿੰਘ ਦੁੱਗਲ ਚ ਖਹਿਬੜ ਨਾਲ਼ ਸਾਡੇ ਰਿਸ਼ਤੇ ਵਿਚ ਇੱਕ ਗੰਢ ਪੈ ਗਈ! ਪਿਆਰ ਅਤੇ ਦੋਸਤੀ ਦੀ ਗੰਢ ਨਹੀਂ, ਅਕਸਰ ਸਮਝ ਦੀ ਗੰਢ ਨਹੀਂ, ਸਗੋਂ ਰੜਕ ਦੀ ਗੰਢ।

----

ਇਸ ਪਿੱਛੋਂ ਮੈਂ ਨਾਟਕ ਕੁਆਰੀ ਟੀਸੀ ਲਿਖਿਆ। ਦੁੱਗਲ ਨੇ ਪੜ੍ਹ ਕੇ ਮੋੜ ਦਿੱਤਾ। ਅੱਠ ਮਹੀਨੇ ਨਾ ਮੈਂ ਕੋਈ ਨਾਟਕ ਲਿਖਿਆ ਨਾ ਦੁੱਗਲ ਨੇ ਮੇਰਾ ਕੋਈ ਨਾਟਕ ਬਰੌਡਕਾਸਟ ਕੀਤਾ।

.......

ਇੱਕ ਦਿਨ ਉਸਨੇ ਆਖਿਆ, ਨਾਟਕ ਲਿਖਣਾ ਭੁੱਲ ਗਿਐਂ ਨਾ? ਕੋਈ ਲਿਖਿਆ ਈ ਨੀ ਨਾਟਕ?

.......

ਨਹੀਂ।

.........

ਫਿਰ ਤੂੰ ਨਾਟਕਕਾਰ ਹੀ ਨਹੀਂ। ਜਿਹੜੇ ਕਿਸੇ ਇੱਕ ਨਾਟਕ ਦੇ ਭੈੜਾ ਆਖੇ ਜਾਣ ਉੱਤੇ ਨਾਟਕ ਲਿਖਣੇ ਬੰਦ ਕਰ ਦੇਵੇ, ਉਸ ਨੂੰ ਕੌਣ ਕਲਾਕਾਰ ਮੰਨੇਗਾ? ਲੋਕ ਮੇਰੀਆਂ ਕਹਾਣੀਆਂ ਨੂੰ ਭੈੜਾ ਆਖਦੇ ਨੇ, ਫੇਰ ਵੀ ਮੈਂ ਲਿਖਦਾਂ--

...........

ਗੱਲ ਠੀਕ ਸੀ। ਮੈਨੂੰ ਗ਼ੁੱਸਾ ਕਿਸ ਉੱਤੇ? ਦੁੱਗਲ ਉੱਤੇ ਕਿ ਨਾਟਕ ਉੱਤੇ?

------

ਇਹਨੀਂ ਦਿਨੀਂ ਮੈਂ ਇੱਕ ਨਿੱਕਾ ਜਿਹਾ ਨਾਟਕ ਲਿਖਿਆ: ਦੋ ਅੰਨ੍ਹੇ। ਦੁੱਗਲ ਨੇ ਉਸ ਨੂੰ ਪ੍ਰੋਡਿਊਸ ਕੀਤਾ। ਅਖ਼ਬਾਰ ਨੇ ਇਸ ਤਰ੍ਹਾਂ ਛਾਪਿਆ: ਦੋ ਅੰਨ੍ਹੇ --- ਲੇਖਕ ਗਾਰਗੀ, ਨਿਰਦੇਸ਼ਕ ਦੁੱਗਲ।

...........

ਰੇਡਿਓ ਸਟੇਸ਼ਨ ਵਿਚ ਮਖੌਲ ਮਸ਼ਹੂਰ ਹੋ ਗਿਆ। ਦੋ ਅੰਨ੍ਹੇ ਕਰਤਾਰ ਸਿੰਘ ਦੁੱਗਲ ਤੇ ਬਲਵੰਤ ਗਾਰਗੀ।Saturday, September 5, 2009

ਹਰਿਭਜਨ ਸਿੱਧੂ ਮਾਨਸਾ – 'ਸ਼ਰਬਤ-ਏ-ਦੀਦਾਰ' ਦਾ ਮੁੱਲ – ਸ਼ੁਕਲ

ਆਚਾਰੀਆ ਰਾਮ ਚੰਦਰ ਸ਼ੁਕਲ ਇੱਕ ਵਾਰ ਲਾਲਾ ਭਗਵਾਨ ਦੀਨ ਅਤੇ ਬਾਬੂ ਰਾਮ ਚੰਦਰ ਵਰਮਾ ਜੀ ਨਾਲ਼ ਜੇਠ ਮਹੀਨੇ ਦੀ ਭਿਅੰਕਰ ਗਰਮੀ ਦੌਰਾਨ ਲਖਨਊ ਦੇ ਅਮੀਨਾ ਬਾਜ਼ਾਰ ਪਾਰਕ ਵਿਚ ਇੱਕ ਸ਼ਰਬਤ ਵਾਲ਼ੀ ਦੀ ਦੁਕਾਨ ਤੇ ਗਏ। ਸ਼ਰਬਤ ਇੱਕ ਬਦਸੂਰਤ, ਕਾਲ਼ੀ-ਕਲੂਟੀ ਜਿਹੀ ਅਧਖੜ੍ਹ ਉਮਰ ਦੀ ਸੁਆਣੀ ਬਣਾ ਕੇ ਦੇ ਰਹੀ ਸੀ। ਸ਼ਰਬਤ ਦੇ ਪੈਸੇ ਵੀ ਉਸਨੇ ਜ਼ਿਆਦਾ ਹੀ ਮੰਗ ਲਏ। ਲਾਲਾ ਜੀ ਤੇ ਵਰਮਾ ਜੀ ਨੇ ਏਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

................

ਏਸੇ ਗੱਲ ਤੇ ਆਪਣੀਆਂ ਮੁੱਛਾਂ ਵਿਚੋਂ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦੇ ਹੋਏ ਸ਼ੁਕਲ ਜੀ ਬੋਲੇ, ਦੇ ਦਿਓ! ਦੇ ਦਿਓ ਉਸਨੂੰ ਪੈਸੇ, ਇਹ ਏਨੇ ਬਹੁਤੇ ਨਹੀਂ ਲੱਗਦੇ, ਤੇ ਨਾਲ਼ੇ ਇਹਨਾਂ ਵਿਚ ਤਾਂ 'ਸ਼ਰਬਤ-ਏ-ਦੀਦਾਰ' ਦੇ ਪੈਸੇ ਵੀ ਤਾਂ ਸ਼ਾਮਲ ਹਨ।

...............

ਅਨਪੜ੍ਹ ਔਰਤ ਤਾਂ ਭਲਾ ਕੀ ਸਮਝਦੀ, ਲਾਲਾ ਜੀ ਤੇ ਵਰਮਾ ਜੀ ਹੱਸ-ਹੱਸ ਲੋਟ-ਪੋਟ ਹੋ ਗਏ।Wednesday, September 2, 2009

ਗੁਰਮੇਲ ਬਦੇਸ਼ਾ - ਬੀਵੀ ਜੀ! ਆਖ਼ਿਰ ਵਿਕਿਆ ਕੌਣ? - ਸ਼ੇਖ਼ ਸਾਅਦੀ

ਈਰਾਨ ਦੇ ਸੁਪ੍ਰਸਿੱਧ ਲੇਖਕ ਸ਼ੇਖ਼ ਸਾਅਦੀ ਇੱਕ ਵਾਰ ਇਕਾਂਤ-ਵੱਸ ਹੋਕੇ ਮਾਰੂਥਲ ਵੱਲ ਨੂੰ ਹੋ ਤੁਰੇ ।
ਰਸਤੇ ਵਿੱਚ ਇਸਾਈ ਕਾਮੇ ਇੱਕ ਖਾਲ਼ੀ (ਮੋਰਚਾ) ਪੁੱਟ ਰਹੇ ਸਨ । ਉਨ੍ਹਾਂ ਨੇ ਸਾਅਦੀ ਸਾਹਿਬ ਨੁੰ ਫੜ ਕੇ ਕੈਦੀਆਂ ਨਾਲ ਮੋਰਚਾ ਪੁੱਟਣ ਲਾ ਲਿਆ । ਥੋੜੇ ਚਿਰ ਬਾਅਦ ਸਾਅਦੀ ਸਾਹਿਬ ਦਾ ਇੱਕ ਪੁਰਾਣਾ ਮਿੱਤਰ ਉੱਥੇ ਆ ਗਿਆ । ਸ਼ੇਖ਼ ਸਾਹਿਬ ਨੇ ਆਪਣੀ ਕਹਾਣੀ ਉਸ ਨੂੰ ਦੱਸੀ ।
----
ਅੰਤ ਮਿੱਤਰ ਨੇ ਈਸਾਈਆਂ ਨੂੰ ਦਸ ਦਿਨਾਰ ਦੇ ਕੇ ਉਸ ਨੂੰ ਉਨ੍ਹਾਂ ਤੋਂ ਛੁਡਾ ਲਿਆ, ਅਤੇ ਆਪਣੇ ਘਰੇ ਲੈ ਆਇਆ । ਉਸ ਤੋਂ ਪ੍ਰਭਾਵਿਤ ਹੋ ਕੇ ਆਪਣੀ ਲੜਕੀ ਦਾ ਨਿਕਾਹ ਸ਼ੇਖ ਸਾਅਦੀ ਸਾਹਿਬ ਨਾਲ ਕਰ ਦਿੱਤਾ ਅਤੇ ਨਾਲ ਹੀ ਇੱਕ ਸੌ ਦੀਨਾਰ ਦੇ ਦਿੱਤਾ । ----
ਪਰ ਮਿੱਤਰ ਦੀ ਲੜਕੀ - ਜੋ ਸਾਅਦੀ ਸਾਹਿਬ ਦੀ ਪਤਨੀ ਬਣ ਚੁੱਕੀ ਸੀ, ਬੜੀ ਮੂੰਹ ਜ਼ੋਰ ਸੀ ।

ਇੱਕ ਦਿਨ ਸਾਅਦੀ ਉੱਪਰ ਮਿਹਣਾ ਕਸਦਿਆਂ ਕਹਿਣ ਲੱਗੀ, 'ਤੁਸੀਂ ਉਹੋ ਹੀ ਹੋ ਨਾ , ਜਿਸ ਨੂੰ ਮੇਰੇ ਪਿਤਾ ਨੇ ਦਸ ਦੀਨਾਰ ਦੇ ਕੇ ਖ੍ਰੀਦਿਆ ਸੀ !'
----
ਅੱਗੋਂ ਸਾਅਦੀ ਸਾਹਿਬ ਕਿਹੜਾ ਘੱਟ ਸਨ । ਉਨ੍ਹਾਂ ਨੇ ਤੁਰੰਤ ਮੋੜਵਾਂ ਜੁਆਬ ਦਿੰਦਿਆਂ ਕਿਹਾ, 'ਹਾਂ ! ਮੈਂ ਉਹੀ ਹਾਂ ! ..ਜਿਸ ਨੂੰ ਤੇਰੇ ਬਾਪ ਨੇ ਦਸ ਦੀਨਾਰ ਵਿੱਚ ਖਰੀਦਿਆ ਸੀ , 'ਤੇ ਸੌ ਦੀਨਾਰ ਵਿੱਚ ਤੇਰੇ ਕੋਲ਼ ਵੇਚ ਦਿੱਤਾ..!'