Monday, March 30, 2009

ਬਲਬੀਰ ਸਿੰਘ ਮੋਮੀ – ਕਬਾੜਖ਼ਾਨਾ ਕਿ ਲਾਇਬ੍ਰੇਰੀ..??

1966 ਵਿਚ ਮੇਰੀਆਂ 18 ਕਹਾਣੀਆਂ ਦੀ ਕਿਤਾਬ ਜੇ ਮੈਂ ਮਰ ਜਾਵਾਂ ਸ਼ਿਵ ਕੁਮਾਰ ਬਟਾਲਵੀ ਨੇ ਐਡਿਟ ਕੀਤੀ ਅਤੇ ਨਿਊ ਬੁੱਕ ਕੰਪਨੀ ਜਲੰਧਰ ਨੇ ਬੜੀ ਖ਼ੂਬਸੂਰਤ ਜਿਲਦ ਵਿਚ ਛਾਪੀ ਤੇ ਉਸ ਜ਼ਮਾਨੇ ਦੇ ਰੇਟਾਂ ਅਨੁਸਾਰ ਇਸ ਦੀ ਕੀਮਤ 6 ਰੁਪਏ ਰੱਖੀ ਸੀਸ਼ਿਵ ਕੁਮਾਰ ਨੇ ਇਸ ਕਿਤਾਬ ਦਾ ਬਹੁਤ ਦਿਲਕਸ਼ ਸੰਪਾਦਕੀ ਨੋਟ ਕਵਿਤਾ ਵਰਗੀ ਵਾਰਤਕ ਵਿਚ ਲਿਖਿਆ ਸੀਕਿਤਾਬ ਦੀ ਰਾਇਲਟੀ ਵਜੋਂ ਮੈਨੂੰ ਡੇਢ ਸੌ ਕਿਤਾਬ ਪ੍ਰਕਾਸ਼ਕ ਕੋਲੋਂ ਮਿਲੀਮੈਂ ਕੁਝ ਕਿਤਾਬਾਂ ਸਕੂਲਾਂ ਵਿਚ ਦੇ ਦਿੱਤੀਆਂ ਤੇ ਬਾਕੀ ਦੀਆਂ ਦੋਸਤਾਂ, ਸਾਹਿਤਕਾਰਾਂ, ਆਲੋਚਕਾਂ ਆਦਿ ਨੂੰ ਵੰਡ ਦਿਤੀਆਂ

ਸੰਨ 1975 ਵਿਚ ਜਾ ਕੇ ਮੈਨੂੰ ਇਕ ਕਾਪੀ ਦੀ ਲੋੜ ਪਈ ਕਿਓਂਕਿ ਮੇਰੇ ਕੋਲ਼ ਇਸ ਕਿਤਾਬ ਦੀ ਕੋਈ ਕਾਪੀ ਨਹੀਂ ਬਚੀ ਸੀਮੈਂ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਦੇ ਇਕ ਕਬਾੜੀਏ ਕੋਲ ਗਿਆ ਤੇ ਕਿਤਾਬ ਦੀ ਮੰਗ ਕੀਤੀਓਸ ਨੇ ਝੱਟ ਕਬਾੜਖ਼ਾਨੇ ਵਿਚੋਂ ਕਿਤਾਬ ਲੱਭ ਲਿਆਂਦੀ ਤੇ ਕਹਿਣ ਲੱਗਾ ਨੌਂ ਰੁਪੈ ਦਿਓਮੈਂ ਕਿਹਾ ਕਿ ਕਿਤਾਬ ਦੀ ਕੀਮਤ ਛੇ ਰੁਪੈ ਹੈ ਅਤੇ ਤੁਸੀਂ ਨੌਂ ਰੁਪੈ ਕਿਓਂ ਮੰਗ ਰਹੇ ਹੋ

ਕਬਾੜੀਆ ਹੱਸ ਕੇ ਕਹਿਣ ਲੱਗਾ, ਕਿਉਂਕਿ ਤੁਸੀਂ ਇਸ ਕਿਤਾਬ ਦੇ ਲੇਖਕ ਹੋ

ਮੈਂ ਪੁੱਛਿਆ ਤੁਹਾਨੂੰ ਕਿਵੇਂ ਪਤਾ ਕਿ ਮੈਂ ਇਸ ਕਿਤਾਬ ਦਾ ਲੇਖਕ ਹਾਂਓਸ ਜਵਾਬ ਦਿੱਤਾ ਕਿ ਸਾਡੀ ਦੁਕਾਨ ਤੇ ਰੋਜ਼ ਲੇਖਕ ਹੀ ਆਪਣੀਆਂ ਪੁਰਾਣੀਆਂ ਛਪੀਆਂ ਕਿਤਾਬਾਂ ਦੀ ਕਾਪੀ ਖਰੀਦਣ ਆਉਂਦੇ ਹਨ।
Sunday, March 22, 2009

ਸੁਰਿੰਦਰ ਸੋਹਲ – ਕੌਣ ਸਹੀ, ਕੌਣ .........!

ਸਵ. ਪੰਜਾਬੀ ਸ਼ਾਇਰ ਤੇ ਪੱਤਰਕਾਰ ਜਰਨੈਲ ਸਿੰਘ ਅਰਸ਼ੀ ਆਪਣੇ ਸਾਥੀਆਂ ਸੂਬਾ ਸਿੰਘ ਅਤੇ ਸੁਰਜੀਤ ਰਾਮਪੁਰੀ ਨਾਲ, ਲੁਧਿਆਣੇ ਚੌੜਾ ਬਾਜ਼ਾਰ ਵਿਚ ਤੁਰਿਆ ਆ ਰਿਹਾ ਸੀਅੱਗਿਓਂ ਇੱਕ ਬੰਦਾ ਆਇਆ ਤੇ ਉਹਨਾਂ ਨੂੰ ਰੋਕ ਕੇ ਗ਼ੁੱਸੇ-ਗਿਲੇ ਨਾਲ਼ ਬੋਲਿਆ,

ਗੱਲ ਸੁਣ ਉਏ ਅਰਸ਼ੀ, ਮੈਂ ਤੈਨੂੰ ਬੇੱਹਦ ਸਿਆਣਾ, ਸੁਘੜ ਤੇ ਅਕਲਮੰਦ ਬੰਦਾ ਸਮਝਦੈਂ, ਪਰ ਮੈਨੂੰ ਪਤਾ ਲੱਗੈ, ਤੂੰ ਮੈਨੂੰ ਬੇਵਕੂਫ਼ ਈ ਸਮਝ ਰਿਹੈਂ

ਅਰਸ਼ੀ ਨੇ ਉਸਨੂੰ ਜੱਫ਼ੀ ਪਾ ਕੇ ਪਿੱਠ ਥਾਪੜਦੇ ਹੋਏ ਹੌਸਲਾ ਦੇ ਕੇ ਕਿਹਾ, ਤੂੰ ਚਿੰਤਾ ਨਾ ਕਰ ਆਪਾਂ ਇਕ ਦੂਜੇ ਨੂੰ ਬਿਲਕੁਲ ਸਹੀ ਸਮਝਦੇ ਆਂ

ਫਿਰ ਠੀਕ ਐ,ਕਹਿ ਕੇ ਗ਼ੁੱਸੇ ਵਿਚ ਆਇਆ ਬੰਦਾ ਠੰਢਾ ਹੋ ਕੇ ਚਲਾ ਗਿਆ

(ਜਰਨੈਲ ਸਿੰਘ ਅਰਸ਼ੀ ਦੇ ਛੋਟੇ ਭਰਾ ਡਾ. ਪ੍ਰੀਤਮ ਸਿੰਘ ਥਿੰਦ ਦੀ ਜ਼ਬਾਨੀ)
Sunday, March 15, 2009

ਸੁਰਿੰਦਰ ਰਾਮਪੁਰੀ – ‘ਪੰਛੀ’ ਭਲਾ ਕਿ ‘ਚਿਤ੍ਰਕਾਰ’?

ਅਜਾਇਬ ਚਿਤ੍ਰਕਾਰ 1934 ਤੋਂ ਲਗਾਤਾਰ ਲਿਖ ਰਿਹਾ ਹੈ। ਉਨ੍ਹਾਂ ਦਿਨਾਂ ਵਿੱਚ ਲਾਹੌਰ ਤੋਂ ਸ਼੍ਰੀ ਹਰਕਿਸ਼ਨ ਸਿੰਘ ਪੰਜਾਬੀ ਸਾਹਿਤ ਪ੍ਰਕਾਸ਼ਿਤ ਕਰਦੇ ਸਨ। ਉਸ ਪਰਚੇ ਵਿੱਚ ਅਜਾਇਬ ਦੀਆਂ ਅਨੇਕ ਰਚਨਾਵਾਂ ਛਪੀਆਂ। 1942 ਦੇ ਵੱਡ-ਅਕਾਰੀ ਸਾਲਾਨਾ ਅੰਕ ਚ ਵੀ ਉਸਦੀ ਨਜ਼ਮ ਛਪੀ। ਉਦੋਂ ਉਹ ਅਜਾਇਬ ਸਿੰਘ ਪੰਛੀ ਦੇ ਨਾਲ ਹੇਠ ਲਿਖਦਾ ਸੀ।

ਇੱਕ ਦਿਨ ਸੰਤੋਖ ਸਿੰਘ ਧੀਰ ਨੇ ਆਪਣੀ ਉਂਗਲ ਹਵਾ ਚ ਲਹਿਰਾਉਂਦਿਆਂ ਕਿਹਾ ਅਜਾਇਬ! ਤੂੰ ਚੰਗਾ ਭਲਾ ਬੰਦਾ ਐਂ, ਜਨੌਰ ਕਿਉਂ ਬਣ ਗਿਐਂ?

ਅਜਾਇਬ ਨੇ ਪਹਿਲਾਂ ਧੀਰ ਦੇ ਮੂੰਹ ਵੱਲ ਵੇਖਿਆ ਫਿਰ ਉਸਦੀ ਉਂਗਲ਼ ਵੱਲ। ਫਿਰ ਕੁੱਝ ਸੋਚਿਆ, ਮਨ ਤੇ ਭਾਰ ਪਾਇਆ, ਫਿਰ ਆਪਣੀਆਂ ਦੋਹਾਂ ਕਲਾਵਾਂ ਦੇ ਸੁਮੇਲ ਦਾ ਪ੍ਰਤੀਕ ਤਖ਼ੱਲਸ ਅਜਾਇਬ ਚਿਤ੍ਰਕਾਰ ਬਣ ਗਿਆ।
Monday, March 9, 2009

ਬਲਬੀਰ ਸਿੰਘ ਮੋਮੀ - ਮਲਵਈ ਜੱਟ ਸ਼ਾਇਰ

ਫਿਰੋਜ਼ਪੁਰ ਜ਼ਿਲੇ ਵੱਲ ਦਾ ਇਕ ਹਿੰਸਕ ਮਲਵਈ ਜੱਟ ਪੰਜਾਬੀ ਸ਼ਾਇਰ ਗਵਰਧਨ ਸਿੰਘ ਮੁਕਤਸਰੀਆ ਇਕ ਵਾਰ ਅੰਮ੍ਰਿਤਸਰ ਪੰਜਾਬੀ ਮੁਸ਼ਾਇਰੇ 'ਚ ਹਿੱਸਾ ਲੈਣ ਗਿਆ ਤਾਂ ਓਥੋਂ ਦੇ ਪ੍ਰਬੰਧਕਾਂ ਨਾਲ ਸ਼ਰਾਬ ਪੀ ਕੇ ਲੜ ਪਿਆਕੁੱਟ ਮਾਰ ਵਿਚ ਚਾਰਜ ਹੋ ਅੰਦਰ ਹੋ ਗਿਆ ਤੇ ਬੜੀ ਭੱਜ ਨੱਠ ਬਾਅਦ ਜ਼ਮਾਨਤ ਤੇ ਬਾਹਰ ਆ ਕੇ ਜਦ ਪਹਿਲੀ ਪੇਸ਼ੀ ਭੁਗਤਣ ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿਚ ਆਇਆ ਤਾਂ ਇਹਤਿਆਤਨ ਆਪਣੇ ਨਾਲ ਮੁਕਤਸਰ ਵੱਲ ਦੇ ਇਕ ਲੈਂਡ-ਲਾਰਡ ਨੂੰ ਵੀ ਲੈ ਆਇਆ

ਕੋਰਟ ਵੱਲੋਂ ਅਗਲੀ ਤਾਰੀਖ ਪੈਣ ਤੇ ਕਚਹਿਰੀਆਂ ਦੇ ਬਾਹਰ ਬਣੇ ਢਾਬੇ ਤੇ ਚਾਹ ਪੀਂਦਿਆਂ ਮੁਕਤਸਰੀਆ ਸਰਦਾਰ ਮੁੱਛਾਂ ਨੂੰ ਵੱਟ ਚਾੜ੍ਹਦੇ ਖੂੰਡੇ ਵਾਲੇ ਮਝੈਲਾਂ ਨਾਲ਼ ਫੇਰ ਬਹਿਸ ਪਿਆ, ਤੁਸੀਂ ਕਿੱਧਰ ਦੇ ਸਰਦਾਰ ਓਏ! ਪੰਜ-ਪੰਜ ਘੁਮਾਂ ਦੇ ਮਾਲਕ, ਮੇਰੀ ਪੰਜ ਸੌ ਵਿੱਘੇ ਜ਼ਮੀਨ ਆ।


ਮਝੈਲ ਕਹਿਣ ਲੱਗਾ, "ਉਏ ਮਲਵਈਆ! ਸਾਨੂੰ ਪਤਾ ਤੇਰੀ ਪੰਜ ਸੌ ਵਿੱਘੇ ਅੱਕ, ਬੂਈਆਂ, ਭੱਖੜੇ ਤੇ ਪੋਹਲੀ ਵਾਲੀ ਬਰਾਨੀ ਜ਼ਮੀਨ ਦਾ ਸਾਡੇ ਤਾਂ ਫੀਮ ਦੇ ਟਰੱਕ ਚੱਲਦੇ ਆ, ਇਹ ਪੰਜ ਏਕੜ ਤਾਂ ਅਸਾਂ ਜ਼ਮਾਨਤਾਂ ਲਈ ਰੱਖੀ ਹੋਈ ਆ।
Saturday, March 7, 2009

ਦਰਸ਼ਨ ਦਰਵੇਸ਼ – ਦਾਰਸ਼ਨਿਕ ਕਿ ਪੱਕੇ ਰਿੰਦ?

ਐਵਾਰਡ ਜੇਤੂ ਦੋ ਦਾਰਸ਼ਨਿਕ ਪੰਜਾਬੀ ਸ਼ਾਇਰ ਮੁਸ਼ਾਇਰਾ ਖ਼ਤਮ ਹੋਣ ਤੋਂ ਬਾਅਦ ਪੈੱਗ ਲਾਉਂਣ ਨੂੰ ਤਿਆਰ ਖੜ੍ਹੇ ਸੀਇੱਕ ਸ਼ਾਇਰ ਦੂਜੇ ਨੂੰ ਕਹਿੰਦਾ : ਆਈਸ ਕਿਊਬ ਪਾ ਯਾਰਾ! ਕਾਹਦਾ ਇੰਤਜ਼ਾਰ ਕਰੀ ਜਾਨੈਂ?”

ਦੂਜਾ ਆਈਸ ਕਿਊਬ ਨੂੰ ਧਿਆਨ ਨਾਲ਼ ਦੇਖਦਾ ਬੋਲਿਆ : ਮੈਂ ਤਾਂ ਯਾਰਾ ਦੇਖ ਰਿਹਾ ਸੀ ਕਿ ਬਈ ਇਹ ਲੀਕ ਕਿੱਥੋਂ ਕਰ ਰਿਹੈ?”Friday, March 6, 2009

ਸੁਰਿੰਦਰ ਸੋਹਲ - ਉਮਰ ਦਾ ਲਿਹਾਜ਼ ਕਿ ਭੁਲੱਕੜ?

ਪੰਜਾਬੀ ਸ਼ਾਇਰ ਗੁਰਚਰਨ ਰਾਮਪੁਰੀ 80 ਸਾਲਾਂ ਦਾ ਹੋ ਗਿਆਇਹ ਗੱਲ ਕੁਝ ਸਾਲ ਪਹਿਲਾਂ ਦੀ ਹੈਇਕ ਦਿਨ ਉਸਦੇ ਘਰ ਕੋਈ ਮਹਿਮਾਨ ਆਇਆਉਹ ਗੱਲਾਂ ਕਰਦੇ ਰਹੇ ਤੇ ਮਹਿਮਾਨ ਨੇ ਕਿਹਾ,ਰਾਮਪੁਰੀ ਸਾਹਿਬ, ਕੋਈ ਕਵਿਤਾ ਸੁਣਾਓ।

ਰਾਮਪੁਰੀ ਨੇ ਕਿਹਾ, ਮੈਂ ਰਤਾ ਕਿਤਾਬ ਲੈ ਲਵਾਂਉਮਰ ਦਾ ਲਿਹਾਜ਼ ਹੈ, ਚੀਜ਼ਾਂ ਭੁੱਲ ਜਾਂਦੀਆਂ ਨੇ।

ਕੋਲ ਬੈਠੀ ਪਤਨੀ ਨੇ ਟੂਣਾ ਲਾਇਆ, ਰਹਿਣ ਦਿਓ ਜੀ, ਮੈਂ ਤੁਹਾਡੀ ਯਾਦਾਸ਼ਤ ਪੱਚੀ ਸਾਲ ਦੀ ਉਮਰ ਵਿਚ ਵੀ ਦੇਖੀ ਐ।

(ਗੁਰਚਰਨ ਰਾਮਪੁਰੀ ਦੀ ਜ਼ੁਬਾਨੀ)
Thursday, March 5, 2009

ਬਲਬੀਰ ਸਿੰਘ ਮੋਮੀ - ਵੱਡਾ ਠੱਗ ਕੌਣ?

ਸੁਰਗਵਾਸੀ ਐਕਟਰ ਤੇ ਲੇਖਕ ਬਲਰਾਜ ਸਾਹਨੀ ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਆਇਆ ਤੇ ਮੈਂ ਵੀ ਫਿਰੋਜ਼ਪੁਰੋਂ ਉਹਨੂੰ ਮਿਲਣ ਚਲਾ ਗਿਆ

ਕੰਵਲ ਕਹਿਣ ਲੱਗਾ, ਬਲਰਾਜ ਸਾਹਨੀ ਡੰਗਰ ਚਾਰਨ ਖੇਤਾਂ ਨੂੰ ਗਿਆ ਹੋਇਆ, ਬੱਸ ਆਉਂਣ ਈ ਵਾਲਾਜੇ ਬਹੁਤਾ ਕਾਹਲਾ ਏਂ ਤਾਂ ਚੜ੍ਹਦੇ ਵਾਲੇ ਪਾਸੇ ਚਲਾ ਜਾ, ਸਿਆਣ ਲਏਂ ਤਾਂ ਮੰਨ ਜਾਂ ਗੇ।

ਸ਼ਾਮ ਹੋ ਰਹੀ ਸੀਪਹੇ ਦੀ ਧੂੜ ਵਿਚ ਵਾਗੀ ਮਾਲ ਡੰਗਰ ਲਈਂ ਘਰਾਂ ਨੂੰ ਪਰਤ ਰਹੇ ਸਨਨਾਲ ਲੱਗਦੇ ਰੁੱਖਾਂ ਚੋਂ ਬਿੰਡਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨਇਕ ਵੱਗ ਮਗਰ ਪਸ਼ੌਰੀ ਚੱਪਲਾਂ ਪਾਈਂ ਤੇ ਉੱਚੀ ਤਹਿਮਤ ਬੰਨ੍ਹੀਂ ਮੂੰਹ-ਸਿਰ ਲਪੇਟ ਹੱਥ ਵਿਚ ਸੋਟੀ ਫੜੀ ਬਲਰਾਜ ਸਾਹਨੀ ਟੁਰਿਆ ਆ ਰਿਹਾ ਸੀਮੈਂ ਪਛਾਣ ਲਿਆ ਤਾਂ ਕਹਿਣ ਲੱਗਾ ਕਿ ਕਿਵੇਂ ਪਤਾ ਲੱਗਾ ਤੈਨੂੰ?

....ਤੇਰੀਆਂ ਗੋਰੀਆਂ ਲੱਤਾਂ ਤੇ ਪਸ਼ੌਰੀ ਚੱਪਲਾਂ ਤੋਂਰੋਜ਼ ਮਾਲ ਡੰਗਰ ਚਾਰਨ ਵਾਲੇ ਵਾਗੀਆਂ ਦੀਆਂ ਖੁੱਚਾਂ ਏਨੀਆਂ ਗੋਰੀਆਂ ਨਹੀਂ ਹੁੰਦੀਆਂ।

ਕੰਵਲ ਦੇ ਘਰ ਆ ਕੇ ਮੈਂ ਆਪਣੀ ਉਹਨੀਂ ਦਿਨੀਂ ਛਪੀ ਕਹਾਣੀਆਂ ਦੀ ਦੂਸਰੀ ਕਿਤਾਬ ਜੇ ਮੈਂ ਮਰ ਜਾਵਾਂ ਬਲਰਾਜ ਸਾਹਨੀ ਨੂੰ ਪੇਸ਼ ਕੀਤੀ ਤੇ ਫਿਰ ਪਹਿਲੇ ਤੋੜ ਦੀ ਕੰਗਣੀ ਪੈਂਦੀ ਦੇਸੀ ਦੇ ਦੋ ਦੋ ਹਾੜੇ ਲਾ ਕੇ ਜਦੋਂ ਕੰਵਲ ਤੇ ਸਾਹਨੀ ਮੈਨੂੰ ਬੱਸ ਚੜ੍ਹਾਉਂਣ ਅੱਡੇ ਤੇ ਆਏ ਤਾਂ ਬਲਰਾਜ ਸਾਹਨੀ ਨੂੰ ਵੇਖਣ ਵਾਲਿਆਂ ਦਾ ਇਕੱਠ ਬੱਝ ਗਿਆ

ਕੰਵਲ ਆਪਣੇ ਜਟਕੇ ਅੰਦਾਜ਼ ਤੇ ਟਿੱਚਰੀ ਸੁਭਾਅ 'ਚ ਕਹਿਣ ਲੱਗਾ, "ਉਏ! ਕੀ ਵਿੰਹਦੇ ਓ, ਇਹ ਬਲਰਾਜ ਸਾਹਨੀ ਵੱਡਾ ਠੱਗ ਆ, ਮੈਂ ਤੇ ਮੋਮੀ ਛੋਟੇ ਠੱਗ ਆਂਇਹ ਐਕਟਰ, ਲਿਖਾਰੀ, ਸ਼ਾਇਰ, ਕਵੀਸ਼ਰ ਤੇ ਗਾਉਂਣ ਵਜਾਉਂਣ ਵਾਲੇ ਸਭ ਠੱਗ ਹੀ ਹੁੰਦੇ ਨੇ।1966 ਦੇ ਉਸ ਜ਼ਮਾਨੇ ਵਿਚ ਢੁੱਡੀਕੇ ਦੇ ਅਨਪੜ੍ਹ ਤੇ ਅਧਖੜ੍ਹ ਜੱਟਾਂ ਵਿਚੋਂ ਕੰਵਲ ਦੇ ਇਸ ਸੰਕੇਤ ਨੂੰ ਕਿਸੇ ਸਮਝਿਆ ਤੇ ਕਿਸੇ ਨਾ
ਅਜੀਤ ਕੌਰ....ਭੋਲ਼ਾ ਬਾਦਸ਼ਾਹ ਜਾਂ ਕੰਜੂਸ??

ਖ਼ੁਸ਼ਵੰਤ ਸਿੰਘ ਦੇ ਭੋਲ਼ੇਪਣ ਤੇ ਮੈਨੂੰ ਲਾਡ ਆਉਂਦਾ ਏ। ਕਨਾਟ ਪਲੇਸ ਵਿਚ ਵੀ ਕਾਫ਼ੀ ਜਾਇਦਾਦ ਦਾ ਮਾਲਕ ਏ ਉਹ। ਤੇ ਉਹਨੂੰ ਪਤਾ ਈ ਨਹੀਂ ਕਿ ਉਸਦੀ ਸ਼ਹਿਨਸ਼ਾਹੀਅਤ ਦੀ ਐਸ ਵੇਲ਼ੇ ਕਿੰਨੀ ਕੁ ਕੀਮਤ ਏ। ਅਲਬੱਤਾ ਨਿੱਕੀਆਂ ਗੱਲਾਂ ਦੀ, ਆਪਣੇ ਪਰਸ ਵਿਚ ਪਏ ਚਾਲ੍ਹੀ-ਪੰਜਾਹ ਰੁਪਈਆਂ ਦੀ ਉਹਨੂੰ ਬਹੁਤ ਫ਼ਿਕਰ ਹੁੰਦੀ ਏ। ਮਸਲਨ, ਇੱਕ ਵਾਰ ਅਸੀਂ ਗੇਲਾਰਡ ਵਿਚ ਚਾਹ ਪੀਣ ਗਏ। ਇੱਕ-ਇੱਕ ਸੈਂਡਵਿਚ ਖਾਧੀ ਤੇ ਚਾਹ ਦਾ ਇੱਕ-ਇੱਕ ਪਿਆਲਾ ਪੀਤਾ।

ਬਿਲ ਆਇਆ, ਅਠਾਰਾਂ ਰੁਪਏ। ਦਸ-ਦਸ ਦੇ ਦੋ ਨੋਟ ਬੈਰੇ ਦੀ ਪਲੇਟ ਚ ਧਰਨ ਲੱਗਿਆ ਉਹਨੂੰ ਵਾਕਈ ਤਕਲੀਫ਼ ਹੋ ਰਹੀ ਸੀ। ਕਹਿਣ ਲੱਗਾ, ਇੱਕ-ਇੱਕ ਪਿਆਲਾ ਚਾਹ ਦਾ ਪੀਤਾ ਏ ਤੇ ਇੱਕ-ਇੱਕ ਬੁਰਕੀ ਦੀ ਸੈਂਡਵਿਚ। ਤੇ ਅਠਾਰਾਂ ਰੁਪਏ...! ਹੈ ਨਾ ਲੁੱਟ?

ਇੱਕ ਵਾਰੀ ਉਹਨੇ ਰਾਮਾਕ੍ਰਿਸ਼ਨਾ ਤੋਂ ਇੱਕ ਕਿਤਾਬ ਖਰੀਦੀ। ਤਿੰਨ ਸੌ ਦੇ ਕਰੀਬ ਸੀ। ਬਿਲ ਤੇ ਉਹਨੇ ਸਾਈਨ ਕੀਤੇ। ਬਿਲ ਵਿੱਚੋਂ ਉਹਦਾ ਖ਼ਾਸ ਡਿਸਕਾਊਂਟ ਵੀ ਕੱਟਿਆ ਹੋਇਆ ਸੀ..ਤਾਂ ਵੀ ਉਹਨੂੰ ਤਕਲੀਫ਼ ਹੋਈ।

ਦੱਸੋ ਹੁਣ ਅੱਧੇ ਮਹੀਨੇ ਦੀ ਮੇਰੀ ਤਨਖ਼ਾਹ ਤਾਂ ਗਈ ! ਉਹ ਐਕਟਿੰਗ ਨਹੀਂ ਸੀ ਕਰ ਰਿਹਾ, ਵਾਕਈ ਪਰੇਸ਼ਾਨ ਸੀ। ਫੇਰ ਕਿਤਾਬ ਨੂੰ ਉਹਨੇ ਉਲਟ-ਪੁਲਟ ਕੇ ਵੇਖਿਆ, ਹੈਂ! ਇਹ ਆਕਸਫੋਰਡ ਯੂਨੀਵਰਸਿਟੀ ਦੀ ਪ੍ਰੈਸ ਦੀ ਏ? ਲਓ! ਮੈਂ ਤੇ ਆਪਣਾ ਨੁਕਸਾਨ ਕਰਵਾ ਲਿਆ। ਓਥੇ ਮੇਰੇ ਜਵਾਈ ਨੇ ਤਾਂ ਮੈਨੂੰ ਚਾਲ੍ਹੀ-ਪੰਜਾਹ ਰੁਪਏ ਹੋਰ ਡਿਸਕਾਊਂਟ ਲੈ ਦੇਣਾ ਸੀ...!


ਹਰਭਜਨ ਮਾਂਗਟ - ਭਿਖਾਰੀ ਕਿ ਲਿਖਾਰੀ?

ਇੱਕ ਵਾਰ ਦੇਵਿੰਦਰ ਸਤਿਆਰਥੀ ਇੱਕ ਕੌਲਾ ਫੜ ਕੇ ਬਜ਼ਾਰੋਂ ਦਹੀਂ ਲੈਣ ਗਿਆ। ਰਾਹ ਵਿਚ ਉਸਨੂੰ ਇੱਕ ਕਹਾਣੀ ਸੁੱਝ ਪਈ ਤੇ ਉਹ ਖੰਭੇ ਨਾਲ਼ ਢੋਅ ਲਾ ਕੇ ਲਿਖਣ ਚ ਏਨਾ ਮਘਨ ਹੋ ਗਿਆ ਕਿ ਕੌਲਾ ਸਾਹਮਣੇ ਰੱਖ ਕੇ ਫ਼ਕੀਰਾਂ ਵਾਲ਼ੇ ਲਿਬਾਸ ਚ ਸ਼ਾਮ ਤੱਕ ਓਥੇ ਬੈਠਾ ਹੀ ਕਹਾਣੀ ਲਿਖਦਾ ਰਿਹਾ ਤੇ ਉਸਦੇ ਸਾਹਮਣੇ ਖਾਲੀ ਕੌਲੇ ਚ ਲੋਕ ਪੈਸੇ ਸੁੱਟਦੇ ਰਹੇ, ਸ਼ਾਮ ਤੱਕ ਕੌਲਾ ਪੈਸਿਆਂ ਨਾਲ਼ ਭਰ ਗਿਆ। ਉਹ ਭੁੱਲ ਹੀ ਗਿਆ ਕਿ ਘਰੋਂ ਕਾਹਦੇ ਲਈ ਆਇਆ ਸੀ, ਕੌਲਾ ਚੁੱਕ ਕੇ ਨਵੀਂ ਕਹਾਣੀ ਨਾਲ਼ ਘਰ ਨੂੰ ਤੁਰ ਪਿਆ।