Tuesday, June 23, 2009

ਤਨਦੀਪ ਤਮੰਨਾ - ਪੰਜਾਬੀ ਲੇਖਕ ਦੀ ਰਾਜਸੀ ਠਾਠ-ਬਾਠ ਦਾ ਰਾਜ਼

ਕਿਸੇ ਨੂੰ ਹਸਾਉਂਣਾ, ਹਲਕੇ-ਫੁਲਕੇ ਵਿਅੰਗ ਨਾਲ਼ ਤਰੋ-ਤਾਜ਼ਾ ਕਰ ਦੇਣਾ ਵੀ ਇੱਕ ਕਲਾ ਹੈ। ਪੰਜਾਬੀ ਸੱਥ ਵਾਲ਼ੇ ਮੋਤਾ ਸਿੰਘ ਸਰਾਏ ਸਾਹਿਬ ਇਸ ਕਲਾ ਚ ਨਿਪੁੰਨ ਹਨ। ਬਰਮਿੰਘਮ, ਯੂ.ਕੇ.ਵਸਦੇ ਮੇਰੇ ਇੱਕ ਹੋਰ ਅਜ਼ੀਜ਼ ਦੋਸਤ ਰਾਜ ਨੂੰ ਵੀ ਉਦਾਸੇ ਚਿਹਰਿਆਂ ਤੇ ਮੁਸਕਰਾਹਟ ਲਿਆਉਂਣ ਦਾ ਵੱਲ ਬਾਖ਼ੂਬੀ ਆਉਂਦਾ ਹੈ। ਉਸਨੇ ਪੰਜਾਬੀ ਲੇਖਕ ਦੀ ਇੰਟਰਵਿਊ ਤੇ ਇੱਕ ਲਤੀਫ਼ਾ ਭੇਜਿਆ ਹੈ, ਜਿਸਨੂੰ ਪੜ੍ਹ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਰਾਹਟ ਆ ਜਾਵੇਗੀ, ਮੇਰਾ ਦਾਅਵਾ ਹੈ।

.....

ਇੱਕ ਵਾਰ ਇੱਕ ਪੰਜਾਬੀ ਲੇਖਕ ਨੂੰ ਇੰਟਰਵਿਊ ਲਈ ਟੀ.ਵੀ. ਸਟੇਸ਼ਨ ਸੱਦਿਆ ਗਿਆ। ਇੰਟਰਵਿਊ ਲੈਣ ਵਾਲ਼ੀ ਬੀਬੀ ਨੇ ਸਵਾਲ ਕੀਤਾ... ਸਰ, ਸਾਹਿਤਕ ਪੱਖ ਨੂੰ ਪਾਸੇ ਰੱਖੀਏ ਤੇ ਹੁਣ ਦੱਸੋ ਕਿ ਕਿਹੋ ਜਿਹੀ ਗੁਜ਼ਰੀ ਤੁਹਾਡੀ ਆਮ ਜ਼ਿੰਦਗੀ?

.....

ਲੇਖਕ ਨੇ ਜਵਾਬ ਦਿੱਤਾ, ਬੀਬਾ ਜੀ! ਬਹੁਤ ਵਧੀਆ ਗੁਜ਼ਰੀ ਹੈ। ਸਾਰੀ ਉਮਰ ਕੁੱਕੜ ਨਾਲ਼ ਰੋਟੀ ਖਾਧੀ।

.....

ਇੰਟਰਵਿਊ ਲੈਣ ਵਾਲ਼ੀ ਬੀਬੀ ਪਰੇਸ਼ਾਨ ਹੋ ਗਈ, ਆਖਣ ਲੱਗੀ, ਸਰ, ਮੈਂ ਤਾਂ ਸੁਣਿਆ ਤੇ ਦੇਖਿਆ ਹੈ ਕਿ ਪੰਜਾਬੀ ਦੇ ਲੇਖਕਾਂ ਕੋਲ਼ ਰੋਟੀ ਖਾਣ ਲਈ ਪੈਸੇ ਵੀ ਨਹੀਂ ਹੁੰਦੇ, ਏਥੋਂ ਤੱਕ ਕਿ ਗਾਰਗੀ ਵਰਗਾ ਲੇਖਕ ਵੀ ਦੋਸਤਾਂ ਤੋਂ ਪੈਸੇ ਮੰਗ ਕੇ ਗੁਜ਼ਾਰਾ ਕਰਦਾ ਰਿਹਾ ਹੈ। ਨਾ ਪੰਜਾਬੀ ਲੋਕ ਕਿਤਾਬਾਂ ਖਰੀਦ ਕੇ ਪੜ੍ਹਦੇ ਨੇ ਤੇ ਨਾ ਹੀ ਪ੍ਰਕਾਸ਼ਕ ਲੇਖਕ ਨੂੰ ਲਿਖਤਾਂ ਬਦਲੇ ਕੁਝ ਦਿੰਦੇ ਨੇ, ਉਲਟਾ, ਉਹ ਕਿਤਾਬ ਛਪਵਾਉਂਣ ਦੇ ਪੈਸੇ ਵੀ ਲੇਖਕ ਕੋਲ਼ੋਂ ਲੈਂਦੇ ਨੇ। ਫੇਰ ਤੁਸੀਂ ਐਨੀ ਮਹਿੰਗਾਈ ਵਿੱਚ ਰਾਜਸੀ ਠਾਠ-ਬਾਠ ਨਾਲ਼ ਜ਼ਿੰਦਗੀ ਕਿਵੇਂ ਕੱਟੀ, ਜ਼ਰਾ ਇਸ ਤੇ ਚਾਨਣਾ ਪਾਓ?

.....

ਲੇਖਕ ਬੋਲਿਆ, ਬੀਬਾ ਜੀ! ਇੱਕ ਬੁਰਕੀ ਆਪ ਖਾਧੀ ਤੇ ਇੱਕ ਕੁੱਕੜ ਨੂੰ ਪਾਈ, ਏਸ ਤਰ੍ਹਾਂ ਸਾਰੀ ਉਮਰ ਕੁੱਕੜ ਨਾਲ਼ ਰੋਟੀ ਖਾਧੀ।

Saturday, June 20, 2009

ਬਲਵੰਤ ਗਾਰਗੀ – ਪ੍ਰਿੰ: ਸੰਤ ਸਿੰਘ ਸੇਖੋਂ ਦੇ ਵੀ ਬੜੇ ਸਾਲ ਮਾਰੇ ਗਏ ਹਨ

ਮੈਂ ਸੰਤ ਸਿੰਘ ਸੇਖੋਂ ਦੀ ਕੋਠੀ ਦੇ ਬਾਗ ਚ ਬੈਠਾ ਸਾਂ। ਅਸੀਂ ਦੋਵੇਂ ਕੁਰਸੀਆਂ ਡਾਹੀ ਨਾਸ਼ਤਾ ਕਰ ਰਹੇ ਸਾਂ। ਇਤਨੇ ਨੂੰ ਇੱਕ ਬੁੱਢਾ ਆਇਆ ਤੇ ਉਸਨੇ ਝੁਕ ਕੇ ਫਤਹਿ ਬੁਲਾਈ ਤੇ ਨੇੜੇ ਹੀ ਭੁੰਜੇ ਬਹਿ ਗਿਆ।

ਸੇਖੋਂ ਨੇ ਪੁੱਛਿਆ, "ਕੀ ਗੱਲ ਐ ਬਾਬਾ?

..........

ਬੁੱਢੇ ਨੇ ਮਿੰਨਤ ਨਾਲ਼ ਆਖਿਆ, ਮਹਾਰਾਜ, ਮੇਰਾ ਮੁੰਡਾ ਇਮਤਿਹਾਨ ਵਿਚ ਨਕਲ ਕਰਦਾ ਫੜਿਆ ਗਿਐ। ਉਸਦੀ ਰਿਪੋਰਟ ਹੋ ਗਈ। ਤੁਸੀਂ ਉਸਨੂੰ ਮਾਫ਼ੀ ਦੇ ਦਿਓ।

................

ਸੇਖੋਂ ਬੋਲਿਆ,: ਇਹ ਮੇਰੇ ਵੱਸ ਦੀ ਗੱਲ ਨਹੀਂ। ਇਹ ਮਾਮਲਾ ਯੂਨੀਵਰਸਿਟੀ ਦਾ ਹੈ। ਉਸਨੇ ਦੋਸ਼ ਕੀਤਾ ਹੈ, ਉਸਨੂੰ ਸਜ਼ਾ ਦੇਣਾ ਉਸ ਲਈ ਫਾਇਦੇਮੰਦ ਹੈ।

...............

ਬੁੱਢਾ: ਉਹ ਫੇਲ੍ਹ ਹੋ ਜਾਵੇਗਾ।

..............

ਸੇਖੋ: ਕੋਈ ਗੱਲ ਨਹੀਂ।

..............

ਬੁੱਢਾ: ਪਿੰਡ ਵਿਚ ਬੜੀ ਬੇਇੱਜ਼ਤੀ ਹੋਵੇਗੀ।

..............

ਸੇਖੋਂ: ਕੋਈ ਬੇਇੱਜ਼ਤੀ ਨਹੀਂ। ਮੇਰੀਆਂ ਧੀਆਂ ਦੋ ਦੋ ਵਾਰ ਫੇਲ੍ਹ ਹੋ ਚੁੱਕੀਆਂ ਹਨ। ਤੂੰ ਆਖ ਦੇਵੀਂ, ਪ੍ਰਿੰਸੀਪਲ ਦੀ ਧੀ ਵੀ ਫੇਲ੍ਹ ਹੋਈ ਹੈ। ਇਸ ਤਰ੍ਹਾਂ ਇੱਜ਼ਤ ਬਚ ਜਾਵੇਗੀ।

...............

ਬੁੱਢਾ: ਜੀ, ਉਸਦਾ ਸਾਲ ਮਾਰਿਆ ਜਾਵੇਗਾ।

..............

ਸੇਖੋਂ: ਕਿਹੜਾ ਉਸਦੀ ਅੱਖ ਜਾਂ ਲੱਤ ਮਾਰੀ ਜਾਵੇਗੀ। ਮੇਰੇ ਵੱਲ ਦੇਖ, ਮੇਰੇ ਕਈ ਸਾਲ ਮਾਰੇ ਗਏ ਹਨ।

ਸੇਖੋਂ ਦੀਆਂ ਗੱਲਾਂ ਸੁਣ ਕੇ ਬੁੱਢਾ ਧੀਰਜ ਨਾਲ਼ ਚਲਾ ਗਿਆ।Thursday, June 11, 2009

ਹਰਿਭਜਨ ਸਿੱਧੂ ਮਾਨਸਾ – ਸਿਗਰੇਟ ਦੀ ਢੁਕਵੀਂ ਪਰਿਭਾਸ਼ਾ ਕਿ ਸਿਗਰੇਟਨੋਸ਼ੀ ਦੀ ਤਸਵੀਰ ??

ਅੰਗਰੇਜ਼ੀ ਦੀ ਪਲੇਠੀ ਡਿਕਸ਼ਨਰੀ ਬਣਾਉਂਣ ਵਾਲ਼ੇ ਡਾ: ਸੈਮੁਅਲ ਜੌਨਸਨ ਨੇ ਸ਼ਬਦਾਂ ਨੂੰ ਆਕਾਰ ਆਦਿ ਤਰਤੀਬ ਸਹਿਤ ਜੋੜਿਆ ਪ੍ਰੰਤੂ ਉਹਨਾਂ ਦੇ ਅਰਥਾਂ ਦੀ ਜਗ੍ਹਾ ਪਰਿਭਾਸ਼ਾਵਾਂ ਲਿਖ ਧਰੀਆਂ:---

ਉਹਨਾਂ ਅਜਿਹਾ ਕਰਨਾ ਸ਼ਾਇਦ ਇਸ ਲਈ ਜ਼ਰੂਰੀ ਸਮਝਿਆ ਕਿ ਸ਼ਬਦ ਦਾ ਅਰਥ ਸਹੀ ਤਰ੍ਹਾਂ ਸਮਝ ਚ ਬੈਠ ਸਕੇ। ਮਿਸਾਲ ਵਜੋਂ ਸਿਗਰੇਟ ਲਫ਼ਜ਼ ਦੀ ਉਹਨਾਂ ਪਰਿਭਾਸ਼ਾ ਇਉਂ ਲਿਖੀ:

ਸਿਗਰੇਟ ਕਾਗਜ਼ ਵਿਚ ਲਵ੍ਹੇਟਿਆ ਹੋਇਆ ਤੰਬਾਕੂ ਹੈ ਜਿਸਦੇ ਇੱਕ ਸਿਰੇ ਤੇ ਧੂੰਆਂ ਹੁੰਦਾ ਹੈ ਤੇ ਦੂਜੇ ਸਿਰੇ ਤੇ ਇੱਕ ਬੇਵਕੂਫ਼ ਚਿੰਬੜਿਆ ਹੁੰਦਾ ਹੈ

( 2009 ਚ ਪ੍ਰਕਾਸ਼ਿਤ ਕਿਤਾਬ: ਹਨੇਰੇ ਤੋਂ ਸਵੇਰੇ ਵੱਲ ਚੋਂ ਧੰਨਵਾਦ ਸਹਿਤ )Tuesday, June 9, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਨਾਲ਼ ਪਹਿਲੀ ਮੁਲਾਕਾਤ - ਨ੍ਹਾਤੇ ਧੋਤੇ ਰਹਿ ਗਏ......

ਬਹੁਤ ਪੁਰਾਣੀ 1956 ਦੀ ਗੱਲ ਹੈ ਮੈਂ ਓਦੋਂ ਦਿੱਲੀ ਸੈਨੇਟਰੀ ਇਨਸਪੈਕਟਰ ਦਾ ਕੋਰਸ ਕਰ ਰਿਹਾ ਸਾਂ ਤੇ ਓਸ ਵੇਲੇ ਤੱਕ ਕੁਝ ਕਹਾਣੀਆਂ ਲਿਖ ਤੇ ਓਸ ਵੇਲੇ ਦੇ ਮਸ਼ਹੂਰ ਰਸਾਲਿਆਂ ਵਿਚ ਛਪਵਾ ਕੇ ਆਪਣੇ ਨਾਂ ਦੂਜਿਆਂ ਤੀਕ ਪੁਚਾਉਂਣ ਦਾ ਉਪਰਾਲਾ ਕਰ ਚੁੱਕਾ ਸਾਂਕਦੀ ਕਦੀ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਜੋ ਸੁਰਗਵਾਸੀ ਲੇਖਕ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਹੀ ਰਹਿੰਦੇ ਪਿਆਰਾ ਸਿੰਘ ਐਮ. ਏ. ਦੇ ਘਰ ਲੱਗਦੀ ਹੁੰਦੀ ਸੀ, ਵਿਚ ਜਾਇਆ ਕਰਦਾ ਸਾਂਲੇਖਕਾਂ ਨੂੰ ਮਿਲਣ ਦਾ ਮੇਰੇ ਅੰਦਰ ਸ਼ੁਦਾਅ ਦੀ ਹੱਦ ਤੀਕ ਸ਼ੌਂਕ ਸੀ ਜਿਵੇਂ ਇਹ ਕੋਈ ਬੰਦੇ ਨਾ ਹੋਣ, ਸਗੋਂ ਦੇਵਤੇ ਹੋਣਏਥੇ ਹੀ ਮੈਨੂੰ ਓਸ ਵੇਲੇ ਦੇ ਬਹੁਤ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖ਼ਸ਼ੀ, ਵੇਦ ਪ੍ਰਕਾਸ. ਸ਼ਰਮਾ, ਬਿਸ਼ਨ ਸਿੰਘ ਉਪਾਸ਼ਕ, ਮਹਿੰਦਰ ਸਿੰਘ ਸਰਨਾ ਆਦਿਇਹਨਾਂ ਵਿਚੋਂ ਬਹੁਤ ਹੁਣ ਇਸ ਦੁਨੀਆ ਵਿਚ ਨਹੀਂ ਰਹੇ

---

ਅੰਮ੍ਰਿਤਾ ਪ੍ਰੀਤਮ ਜੋ ਉਹਨੀਂ ਦਿੱਲੀ ਰੇਡੀਓ ਸਟੇਸ਼ਨ ਤੋਂ ਪੰਜਾਬੀ ਪਰੋਗਰਾਮ ਪੇਸ਼ ਕਰਦੀ ਸੀ, ਕਦੀ ਸਭਾ ਦੀ ਮੀਟਿੰਗ ਵਿਚ ਨਹੀਂ ਆਉਂਦੀ ਸੀਬਾਕੀਆਂ ਦਾ ਵੀ ਬੜਾ ਨਾਂ ਸੀ ਤੇ ਇਹਨਾਂ ਵਿਚੋਂ ਬਹੁਤੇ ਸਰਕਾਰੀ ਨੌਕਰੀਆਂ ਵਿਚ ਸਨ ਤੇ ਇਹਨਾਂ ਨੂੰ ਰਹਿਣ ਲਈ ਸਰਕਾਰੀ ਘਰ ਮਿਲੇ ਹੋਏ ਸਨਸਟੂਡੈਂਟ ਹੋਣ ਕਰ ਕੇ ਮੈਂ ਇਹਨਾਂ ਵਿਚ ਆਪਣੇ ਆਪ ਨੂੰ ਬਹੁਤ ਗਰੀਬ ਜਿਹਾ ਹੀ ਸਮਝਦਾ ਸਾਂ ਪਰ ਇਕ ਗੱਲੋਂ ਮੇਰੀ ਵੀ ਝੰਡੀ ਸੀਰਾਸ਼ਟਰਪਤੀ ਭਵਨ ਅਤੇ ਤੀਨ ਮੂਰਤੀ ਜਿਥੇ ਪਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਰਹਿੰਦੇ ਸਨ, ਦੇ ਐਨ ਵਿਚਕਾਰ ਸਾਊਥ ਐਵੇਨਿਊ ਵਿਚ ਇਕ ਮੈਂਬਰ ਪਾਰਲੀਮੈਂਟ ਤੋਂ ਮੈਂ ਇਕ ਬੈਡ ਰੂਮ ਤੇ ਕਿਚਨ ਵਾਲਾ ਕੁਆਰਟਰ 10 ਰੁਪੈ ਮਹੀਨੇ ਤੇ ਲਿਆ ਹੋਇਆ ਸੀਪ੍ਰਸ਼ਾਸਨਕ ਮਹੱਤਤਾ ਪੱਖੋਂ ਸਾਰੇ ਹਿੰਦੋਸਤਾਨ ਵਿਚ ਇਹ ਬੜੀ ਅਹਿਮੀਅਤ ਵਾਲੀ ਸੁਰੱਖਿਅਤ ਥਾਂ ਸੀ ਜਿਥੇ ਭਾਰਤ ਦੇ ਮੈਂਬਰ ਪਾਰਲੀਮੈਂਟਸ ਦੇ ਬੰਗਲੇ ਸਨ

---

ਇਹਨਾਂ ਵਿਚੋਂ ਕਈ ਲੇਖਕ ਘਰ ਵਾਲੀਆਂ ਤੋਂ ਡਰਦੇ ਮੇਰੇ ਇਸ ਛੋਟੇ ਜਿਹੇ ਕੁਆਰਟਰ ਨੂੰ ਸ਼ਰਾਬ ਪੀਣ ਦੇ ਅਡੇ ਵਜੋਂ ਵਰਤਦੇ ਸਨ ਤੇ ਛੋਟਾ ਹੋਣ ਕਾਰਨ ਮੈਨੂੰ ਨੌਕਰ ਹੀ ਸਮਝਦੇ ਸਨ100 ਬੇਅਰਡ ਰੋਡ ਦੇ ਠੇਕੇ ਤੋਂ ਬੋਤਲ ਲੈਣ ਲਈ ਮੈਨੂੰ ਸਾਈਕਲ ਤੇ ਭਜਾਈ ਰੱਖਦੇਦੇਵਿੰਦਰ ਸਤਿਆਰਥੀ ਵੀ ਓਦੋਂ ਬੇਅਰਡ ਰੋਡ ਤੇ ਹੀ ਰਹਿੰਦਾ ਸੀ

---

ਮੈਂ ਇਕ ਦਿਨ ਉਪਾਸ਼ਕ ਨੂੰ ਕਿਹਾ ਕਿ ਅਗੋਂ ਤੋਂ ਮੈ ਬੋਤਲ ਲੈਣ ਤਾਂ ਜਾਵਾਂਗਾ ਜੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਦਰਸ਼ਨ ਕਰਾਓਗੇ

ਅੰਮ੍ਰਿਤਾ ਉਹਨੀਂ ਦਿਨੀਂ ਪਟੇਲ ਨਗਰ ਰਹਿੰਦੀ ਸੀਜਦੋਂ ਮੈਂ ਤੇ ਉਪਾਸ਼ਕ ਮਿਲਣ ਗਏ ਤਾਂ ਉਸ ਦਾ ਘਰ ਵਾਲਾ ਪ੍ਰੀਤਮ ਸਿੰਘ ਕਹਿਣ ਲੱਗਾ, "ਅਸਾਂ ਇਕ ਮਰਗ ਤੇ ਜਾਣਾ ਹੈ, ਅੰਮ੍ਰਿਤਾ ਜੀ ਤਿਆਰ ਹੋ ਰਹੇ ਹਨ, ਤੁਸੀ ਡਰਾਇੰਗ ਰੂਮ ਵਿਚ ਇੰਤਜ਼ਾਰ ਕਰੋ।" ਅਸੀਂ ਕਾਫੀ ਚਿਰ ਇੰਤਜ਼ਾਰ ਕਰਦੇ ਰਹੇ ਤੇ ਏਸ ਸਾਰੇ ਸਮੇਂ ਅੰਮ੍ਰਿਤਾ ਜੀ ਦੇ ਇਕ ਨਿੱਕੇ ਜਹੇ ਚਿਟੇ ਰੰਗ ਦੇ ਕੁਤੇ ਨੇ ਦਰਜਨਾਂ ਵਾਰ ਸਾਡਾ ਮੂੰਹ ਚੁੰਮਿਆ ਤੇ ਜਿੰਨਾ ਅਸੀਂ ਹਟਾਈਏ, ਉਹ ਓਨਾ ਹੀ ਵਧੀ ਜਾਵੇ

----

ਆਖ਼ਰ ਅੰਮ੍ਰਿਤਾ ਜੀ ਜਲਵਾਗਰ ਹੋਏਜਿਸ ਤਰ੍ਹਾਂ ਉਹਨਾਂ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੋਇਆ ਸੀ, ਓਸ ਤੋਂ ਦੋ ਗੱਲਾਂ ਦਾ ਪਤਾ ਲੱਗਦਾ ਸੀ ਕਿ ਇਕ ਤਾਂ ਅੰਮ੍ਰਿਤਾ ਜੀ ਕਿਸੇ ਵੀ ਫਿਲਮੀ ਐਕਟਰੈਸ ਜਿਵੇਂ ਨਰਗਸ, ਸੁਰੱਈਆ ਜਾਂ ਮਧੂ ਬਾਲਾ ਤੋਂ ਘੱਟ ਖ਼ੂਬਸੂਰਤ ਨਹੀਂ ਸਨਉਹਨਾਂ ਦੇ ਮਸਤ ਨੈਣਾਂ ਦੇ ਤੀਰਾਂ ਦੀ ਮਾਰ ਝੱਲਣੀ ਬੜੀ ਔਖੀ ਸੀਦੂਜਾ ਇਹ ਕਿ ਉਹ ਕਿਸੇ ਮਰਗ ਤੇ ਨਹੀਂ, ਸਗੋਂ ਕਿਸੇ ਫਿਲਮ ਦੀ ਸ਼ੂਟਿੰਗ ਤੇ ਜਾ ਰਹੇ ਹੋਣ

..........

ਮੈਨੂੰ ਮਿਲਣ ਆਉਂਣ ਤੋਂ ਪਹਿਲਾਂ ਫੋਨ ਕਰਨਾ ਸੀ ਉਪਾਸ਼ਕ ਜੀ,” ਅੰਮ੍ਰਿਤਾ ਦੇ ਮੂੰਹੋਂ ਇਹ ਬਚਨ ਸੁਣ ਅਸੀਂ ਬਾਹਰ ਆ ਗਏ ਪਰ ਮੈਨੂੰ ਅੰਮ੍ਰਿਤਾ ਦੇ ਉਹਨਾਂ ਦਿਨਾਂ ਦੇ ਹੁਸਨ ਦੀ ਝਲਕ ਕਈ ਸਾਲ ਤੱਕ ਨਾ ਭੁੱਲ ਸਕੀ