Wednesday, February 13, 2013

ਤਨਦੀਪ ਤਮੰਨਾ – ਲੇਖਕ ਨੱਥਾ ਸਿੰਘ ਮਸ਼ਹੂਰ ਦੀ ਸਾਹਿਤਕ ਜੀਵਨੀ - ਦਵਿੰਦਰ ਪੂਨੀਆ



ਦੋਸਤੋ! ਇਹ ਲਤੀਫ਼ਾ ਕੱਲ੍ਹ ਮੈਨੂੰ ਵੀਰ ਦਵਿੰਦਰ ਪੂਨੀਆ ਹੁਰਾਂ ਨੇ ਫ਼ੋਨ ਤੇ ਸੁਣਾਇਆ ਸੀ... ਤੁਹਾਡੇ ਨਾਲ਼ ਵੀ ਸਾਂਝਾ ਕਰਨ ਨੂੰ ਮਨ ਕਰ ਆਇਆ..:)
------
ਕੈਨੇਡਾ ਵਸਦੇ ਇਕ ਲੇਖਕ
ਨੱਥਾ ਸਿੰਘ ਮਸ਼ਹੂਰ ਨੂੰ ਉਸਦੇ ਜੀਵਨ ਅਤੇ ਲੇਖਣੀ ਬਾਰੇ ਇਕ ਅਖ਼ਬਾਰ ਦੇ ਪੱਤਰਕਾਰ ਨੇ ਕੁਝ ਸਵਾਲ ਪੁੱਛੇ:
ਪੱਤਰਕਾਰ: -
ਨੱਥਾ ਸਿੰਘ ਜੀ ਤੁਸੀਂ ਲਿਖਣਾ ਕਦੋਂ ਤੇ ਕਿਵੇਂ ਸ਼ੁਰੂ ਕੀਤਾ?
ਨੱਥਾ ਸਿੰਘ  -
ਮੈਨੂੰ ਜੀ...ਲਿਖਣ-ਲੁਖਣ ਬਾਰੇ ਕੀ ਪਤਾ ਸੀ......ਬਸ ਦੋ ਕੁ ਸਾਲ ਪਹਿਲਾਂ ਖੇਤਾਂ ਚ ਬੇਰੀਆਂ ਤੋੜਨ ਤੋਂ ਵਿਹਲਾ ਸੀ ਇਕ ਦਿਨ ਘੁੰਮਦਾ-ਘੁਮਾਉਂਦਾ ਡਾਲਰ ਸਟੋਰ**** ਚ ਚਲਾ ਗਿਆ। ਉੱਥੇ ਹੋਰ ਤਾਂ ਮੇਰੇ ਮਤਲਬ ਦਾ ਕੁਝ ਹੈ ਨਹੀਂ ਸੀ.....ਇਕ ਕਾਪੀ ਖ਼ਰੀਦਣ ਲਈ ਚੁੱਕ ਲਈ। ਕੈਸ਼ੀਅਰ ਕਹਿਣ ਲੱਗਾ..... ਬਾਬਾ ਜੀ! ਕੱਲੀ ਕਾਪੀ ਦਾ ਕੀ ਕਰੋਗੇ....ਆਹ ਪੈੱਨ ਵੀ ਡਾਲਰ ਦਾ ਈ ਆ.....ਲੈ ਜਾਓ......ਮੈਂ ਪੈੱਨ ਵੀ ਲੈ ਆਇਆ.....
.............
ਪੱਤਰਕਾਰ: - ਉਹ ਤਾਂ ਠੀਕ ਆ..ਪਰ ਮੇਰਾ ਸਵਾਲ ਸੀ ਤੁਸੀਂ ਲਿਖਣਾ ਕਿਵੇਂ ਤੇ ਕਦੋਂ ਸ਼ੁਰੂ ਕੀਤਾ?
ਨੱਥਾ ਸਿੰਘ  -
....ਉਹੀ ਤਾਂ ਦੱਸਦਾਂ ਜੀ..... ਹਫ਼ਤਾ ਕੁ ਕਾਪੀ-ਪੈੱਨ ਸਾਹਮਣੇ ਪਏ ਰਹੇ....ਹੋਰ ਕੁਝ ਕਰਨ ਨੂੰ ਹੈ ਨਹੀਂ ਸੀ...ਇਕ ਦਿਨ ਸੋਚਿਆ ਬਈ ਚਲੋ ਚਾਰ ਅੱਖਰ ਝਰੀਟ  ਲੈਂਦੇ ਆਂ.....ਬਸ ਜੀ ਚਾਰ ਅੱਖਰ ਝਰੀਟੇ ਤੇ ਥੋਡੇ ਆਲ਼ੇ ਵਰਗੇ ਵੀਹਾਂ ਅਖ਼ਬਾਰਾਂ ਚ ਧੜਾਧੜ ਛਪਣ ਲੱਗਿਆ..... ਬਸ ਜੀ ਏਦਾਂ ਮੇਰੀ ਲੇਖਣੀ ਦੀ ਸ਼ੁਰੂਆਤ ਡਾਲਰ ਸਟੋਰ ਤੋਂ ਹੋਈ....... ਮੈਂ ਡਾਲਰ ਸਟੋਰ ਵਾਲ਼ਾ ਲੇਖਕ ਆਂ...
********
( **** ਕੈਨੇਡਾ-ਅਮਰੀਕਾ ਦੇ ਡਾਲਰ ਸਟੋਰਾਂ
ਤੇ ਘਰ ਦੀ ਵਰਤੋਂ ਚ ਆਉਣ ਵਾਲ਼ੀਆਂ ਚੀਨ ਦੀਆਂ ਬਣੀਆਂ ਚੀਜ਼ਾਂ ਡਾਲਰ-ਡਾਲਰ ਨੂੰ ਵਿਕਦੀਆਂ ਹਨ....:)

Monday, February 6, 2012

ਦਰਸ਼ਨ ਦਰਵੇਸ਼ – ਇਸ਼ਕ਼ ਨੇ ਇਕੱਲਾ ਗ਼ਾਲਿਬ ਹੀ??? ਨਹੀਂ .......ਚੈਸਟਰਟਨ ਵੀ....

ਦ ਮੈਨ ਹੂ ਵਾੱਜ਼ ਥਰਸਡੇ ਅਤੇ ਨੈਪੋਲੀਅਨ ਆਫ ਨੌਟਿੰਗ ਹਿਲ ਵਰਗੇ ਵਧੀਆ ਨਾਵਲਾਂ ਦੇ ਲੇਖਕ ਗਿਲਬਰਟ ਕੀਥ ਚੈਸਟਰਟਨ ਨੇ ਇਕ ਖ਼ੂਬਸੂਰਤ ਕੁੜੀ ਫ਼ਰਾਂਸਿਸ ਨਾਲ਼ ਆਪਣੇ ਇਸ਼ਕ਼ ਬਾਰੇ ਦਸਦਿਆਂ ਇਕ ਦੋਸਤ ਨੂੰ ਇੰਝ ਲਿਖਿਆ:
.......
.... ਅੱਜ ਸਵੇਰੇ ਉੱਠ ਕੇ ਮੇਂ ਆਪਣੇ ਬੂਟ ਬੜੇ ਧਿਆਨ ਨਾਲ਼ ਗਰਮ ਪਾਣੀ ਨਾਲ਼ ਧੋਤੇ ਤੇ ਆਪਣੇ ਮੂੰਹ ਨੂੰ ਬਹੁਤ ਹੀ ਚੰਗੀ ਤਰ੍ਹਾਂ ਪਾਲਿਸ਼ ਨਾਲ਼ ਕਾਲ਼ਾ ਕੀਤਾ ....ਕੌਫ਼ੀ ਮੱਛੀਆਂ ਤੇ ਪਾ ਦਿੱਤੀ ਤੇ ਆਪਣਾ ਹੈਟ ਅੱਗ ਉੱਤੇ ਉਬਲ਼ਣ ਲਈ ਰੱਖ ਦਿੱਤਾ....ਇਹਨਾਂ ਗੱਲਾਂ ਤੋਂ ਤੈਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੇਰੇ ਮਨ ਦੀ ਹਾਲਤ ਕੀ ਹੈ......:)

























Tuesday, July 5, 2011

ਤਨਦੀਪ ਤਮੰਨਾ – "ਜੇ ਮੀਆਂ-ਬੀਵੀ ਦੋਵੇਂ ਲਿਖਦੇ ਹੋਣ ਤਾਂ..... " – ਹਰਜਿੰਦਰ ਕੰਗ

ਦੋਸਤੋ! ਡੇਢ-ਦੋ ਕੁ ਸਾਲ ਦੀ ਗੱਲ ਹੈ। ਮੈਨੂੰ ਯੂ.ਐੱਸ.ਏ. ਤੋਂ ਹਰਜਿੰਦਰ ਕੰਗ ਸਾਹਿਬ ਦਾ ਫ਼ੋਨ ਆਇਆ। ਗੱਲਾਂ ਚੱਲ ਰਹੀਆਂ ਸਨ ਤਾਂ ਕਿਸੇ ਮੀਆਂ-ਬੀਵੀ ਦੋਵਾਂ ਦੇ ਲੇਖਕ ਹੋਣ ਦਾ ਜ਼ਿਕਰ ਛਿੜ ਪਿਆ:

ਮੈਂ ਕਿਹਾ: ਕੰਗ ਸਾਹਿਬ! ਇਹ ਤਾਂ ਬਹੁਤ ਚੰਗੀ ਗੱਲ ਹੈ ਕਿ ਜੀਵਨ-ਸਾਥੀ ਦੋਵੇਂ ਲਿਖਦੇ ਹੋਣ, ਇਕ ਦੂਜੇ ਨਾਲ਼ ਲਿਖਤਾਂ ਬਾਰੇ ਸਲਾਹ ਕਰ ਸਕਦੇ ਹਨ, ਇਕ ਦੂਜੇ ਨੂੰ ਸੁਝਾਅ ਦੇ ਸਕਦੇ ਹਨ।


ਮੇਰੇ ਏਨਾ ਆਖਣ ਦੀ ਦੇਰ ਸੀ ਕਿ ਕੰਗ ਸਾਹਿਬ ਕਹਿਣ ਲੱਗੇ: ਇਹ ਖ਼ਿਆਲ ਕਦੇ ਭੁੱਲ ਕੇ ਵੀ ਦਿਮਾਗ਼ ਵਿਚ ਨਾ ਲਿਆਈਂ ਕਿ ਜੀਵਨ-ਸਾਥੀ ਲੇਖਕ ਹੋਣਾ ਚਾਹੀਦਾ ਹੈ।


ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਪੁੱਛਿਆ: ਕਿਉਂ ਕੰਗ ਸਾਹਿਬ?

ਉਹ ਭੋਲ਼ਾ ਜਿਹਾ ਮੂੰਹ ਬਣਾ ਕੇ ਬੋਲੇ: ਤਨਦੀਪ, ਜੇ ਘਰ ਵਿਚ ਮੀਆਂ-ਬੀਵੀ ਦੋਵੇਂ ਲੇਖਕ ਹੋਣ ਤਾਂ ਐਬ-ਤਨਾਫ਼ੁਰ ਪੈਦਾ ਹੋ ਜਾਂਦਾ ਹੈ :)









Saturday, May 29, 2010

ਹਰਿਭਜਨ ਸਿੱਧੂ ਮਾਨਸਾ – ਗਿਣਤੀ ਜਾਂ ਨਿਪੁੰਨ ਅਦਾਕਾਰੀ – ਮੈਡਮ ਮੋਜਯੈਸਕਾ

ਪੋਲੈਂਡ ਦੀ ਮਸ਼ਹੂਰ ਥੀਏਟਰ ਐਕਟ੍ਰੈੱਸ ਮੈਡਮ ਮੋਜਯੈਸਕਾ ਇਕ ਵਾਰ ਵਿਦੇਸ਼ ਚ ਕਿਸੇ ਪਾਰਟੀ ਚ ਹਾਜ਼ਰੀ ਭਰ ਰਹੀ ਸੀ।

........

ਹਾਜ਼ਿਰ ਲੋਕਾਂ ਨੇ ਉਸ ਤੋਂ ਕਿਸੇ ਕਾਵਿ-ਨਾਟਕ ਦਾ ਕੋਈ ਅੰਸ਼ ਸੁਣਾਉਣ ਦੀ ਮੰਗ ਕੀਤੀ ਤਾਂ ਮੋਜਯੈਸਕਾ ਨੇ ਕਿਹਾ, ਅਸਲ ਵਿਚ ਮੰਚ, ਰੌਸ਼ਨੀ, ਸੰਗੀਤ ਆਦਿ ਦੀ ਮੱਦਦ ਤੋਂ ਬਗੈਰ, ਪੂਰਾ ਮਾਹੌਲ ਨਾ ਹੋਣ ਸਕਣ ਕਰਕੇ ਡਾਇਲਾਗ ਡਲਿਵਰੀ ਵੇਲ਼ੇ ਮੇਰੀ ਯਾਦਾਸ਼ਤ ਦੀ ਰੇਲ ਪਟੜੀਓਂ ਲਹਿ ਜਾਂਦੀ ਹੈ, ਸੋ ਛੱਡੋ ਪਰੇ, ਐਵੇਂ ਬੇਰਸੀ ਹੋਵੇਗੀ।

........

ਲੋਕ ਨਾ ਹੀ ਮੰਨੇ ਤਾਂ ਉਸਨੇ ਕਿਹਾ, ਠੀਕ ਹੈ ਮੈਂ ਆਪਣੀ ਪੋਲਿਸ਼ ਭਾਸ਼ਾ ਵਿਚ ਹੀ ਕਿਸੇ ਨਾਟਕ ਦਾ ਕੋਈ ਅੰਸ਼ ਸੁਣਾ ਦਿੰਦੀ ਆਂ।

.......

ਜਦੋਂ ਉਹ ਗਾਉਣ ਲੱਗੀ ਤਾਂ ਲੋਕ ਕੀਲੇ ਗਏ, ਸਮਾਪਤੀ ਤੇ ਲੋਕਾਂ ਨੇ ਜ਼ੋਰਦਾਰ ਤਾੜੀਆਂ ਨਾਲ਼ ਹਾਲ ਗੁੰਜਾ ਦਿੱਤਾ। ਹਾਜ਼ਿਰ ਲੋਕਾਂ ਚੋਂ ਕਿਸੇ ਨੇ ਉਸ ਪੋਲਿਸ਼ ਨਾਟਕ ਦਾ ਨਾਂ ਪੁੱਛਿਆ ਜਿਸ ਵਿਚੋਂ ਉਸਨੇ ਅੰਸ਼ ਸੁਣਾਇਆ ਸੀ ਤਾਂ ਮੋਜਯੈਸਕਾ ਨੇ ਮੁਸਕਰਾ ਕੇ ਕਿਹਾ, ਅਸਲ ਵਿਚ ਮੈਂ ਆਪਣੀ ਪੋਲਿਸ਼ ਭਾਸ਼ਾ ਵਿਚ ਸੁਰ, ਤਾਲ ਬੱਧ ਲੈਅ ਵਿਚ ਤੁਹਾਨੂੰ ਇਕ ਤੋਂ ਸੌ ਤੱਕ ਦੀ ਗਿਣਤੀ ਹੀ ਸੁਣਾਈ ਹੈ।

........

ਲੋਕ ਹੈਰਾਨ ਹੋ ਕੇ ਏਧਰ-ਓਧਰ ਝਾਕਣ ਲੱਗੇ।



Thursday, May 27, 2010

ਬਲਜੀਤ ਬਾਸੀ - ਚੋਰੀ ਨੇ ਕਰਵਾਈ ਮਸ਼ਹੂਰੀ - ਰਘਬੀਰ ਸਿੰਘ ਸਿਰਜਣਾ

ਇਸ 20 ਮਈ ਨੂੰ ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਆਡੀਟੋਰੀਅਮ ਵਿਚ ਭਾਸ਼ਾ ਵਿਭਾਗ ਦਾ ਇਸ ਸਾਲ ਦਾ ਇਨਾਮ ਵੰਡ ਸਮਾਗਮ ਹੋਇਆਇਸ ਵਿੱਚ ਰਘਬੀਰ ਸਿੰਘ ਸਿਰਜਣਾ ਨੂੰ ਇਸ ਸਾਲ ਦਾ ਸ਼ਿਰੋਮਣੀ ਸਾਹਿਤਕ ਪੱਤਰਕਾਰ ਦਾ ਇਨਾਮ ਮਿਲਿਆਇਸ ਨਾਲ ਉਹ ਇਕ ਗੋਲਡ ਮੈਡਲ ਤੇ ਢਾਈ ਲੱਖ ਰੁਪਿਆ ਲੈ ਕੇ ਅਮੀਰ ਹੋਏਪਰ ਉਨ੍ਹਾਂ ਜ਼ਿੰਦ ਵਿੱਚ ਸ਼ਾਇਦ ਕਦੇ ਪੁੰਨ-ਦਾਨ ਨਹੀਂ ਕੀਤਾ, ਇਸ ਲਈ ਬੁਰੀ ਨਜ਼ਰ ਤੋਂ ਨਹੀਂ ਬਚ ਸਕੇ

------

ਹੋਇਆ ਇਸ ਤਰਾਂ ਕਿ 22 ਮਈ ਨੂੰ ਦੁਪਹਿਰ ਦੇ ਬਾਰਾਂ ਕੁ ਵਜੇ(ਸਰਦਾਰਾਂ ਦੇ ਬਾਰਾਂ ਵਜੇ ਵਾਲੀ ਗੱਲ ਵੱਲ ਕੋਈ ਸੰਕੇਤ ਨਹੀ) ਉਹ ਖ਼ੁਸ਼ਹਾਲੀ ਦੇ ਰੌਅ ਵਿੱਚ ਚੰਡੀਗੜ੍ਹ ਦੇ 22 ਸੈਕਟਰ ਵਿੱਚ ਜਾ ਕੇ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਬਜਾਜੀ ਦੀ ਦੁਕਾਨ ਤੋਂ ਸੂਟ ਪੜਵਾਉਣ ਲੱਗ ਪਏਬਾਅਦ ਵਿੱਚ ਲੂਣ, ਤੇਲ ਤੇ ਲੱਕੜੀਆਂ: 43 ਸੈਕਟਰ ਵਿੱਚ ਲਗਦੀ ਸਬਜ਼ੀ ਮਾਰਕਿਟ ਤੋਂ ਸਸਤੀ ਤੇ ਤਾਜ਼ੀ ਸਬਜ਼ੀ ਖਰੀਦਣ ਚਲੇ ਗਏਉਹ ਸਬਜ਼ੀ ਦੀ ਚੋਣ ਕਰ ਰਹੇ ਸਨ ਕਿ ਗੁਆਂਢੀਆਂ ਵਲੋਂ ਸੈੱਲ ਫੋਨ ਖੜਕਿਆ ਕਿ ਉਨ੍ਹਾਂ ਦੇ ਘਰ ਦੇ ਬਾਰ ਖਿੜਕੀਆਂ ਚਪੱਟ ਖੁੱਲ੍ਹੇ ਹਨ, ਕੋਈ ਭਾਣਾ ਵਰਤ ਗਿਆ ਹੈ

-----

ਰਘਬੀਰ ਸਿੰਘ ਹੁਰੀਂ ਘਬਰਾਏ ਹੋਏ ਉਨੀਂ ਪੈਰੀਂ ਘਰ ਪਰਤ ਆਏਉਨ੍ਹਾਂ ਦੀ ਮਾਰੂਤੀ ਪਿਛਲੇ ਸਾਲ ਚੋਰੀ ਹੋ ਗਈ ਸੀਘਰ ਜਾ ਕੇ ਦੇਖਿਆ, ਸਮਾਨ ਦੀ ਚੱਕ ਥੱਲ ਕੀਤੀ ਪਈ ਸੀ; ਬਿਸਤਰੇ ਖ਼ੂਬ ਫਰੋਲੇ ਪਏ ਸਨਚੋਰਾਂ ਨੇ ਸਮਝਿਆ ਹੋਣਾ ਕਿ ਡਾਕਟਰ ਸਾਹਿਬ ਢਾਈ ਲੱਖ ਰੁਪਏ ਦੇ ਨੋਟ ਬਿਸਤਰੇ ਹੇਠਾਂ ਵਿਛਾ ਕੇ ਉਪਰ ਸੌਂਦੇ ਹੋਣਗੇਪਰ ਜੋ ਅਸਲ ਵਿੱਚ ਚੋਰੀ ਹੋਇਆ ਉਹ ਸੀ ਦੋ ਘੜੀਆਂ, ਕੁਝ ਬਨਾਉਟੀ ਚਾਂਦੀ ਦੇ ਗਹਿਣੇ, ਤੇ ਸੋਨੇ ਦੀ ਝਾਲ ਫਿਰਿਆ ਮੈਡਲਉਨ੍ਹਾਂ ਸ਼ੁਕਰ ਕੀਤਾ ਕਿ ਚਲੋ ਬਚਾਅ ਹੋ ਗਿਆ, ਬਹਤਾ ਹਰਜਾ ਨਹੀਂ ਹੋਇਆਬਹੁਤੇ ਝੰਜਟ ਚ ਪੈਣ ਦੇ ਡਰੋਂ ਉਨ੍ਹਾਂ ਪੁਲਸ ਕੋਲ ਐਫ.ਆਈ.ਆਰ. ਵੀ ਦਰਜ ਨਾ ਕਰਾਈ, ਬੱਸ ਡੀ.ਡੀ.ਆਰ. ਨਾਲ ਹੀ ਗ਼ੁਜ਼ਾਰਾ ਕਰ ਲਿਆਪਰ ਜਦ ਘਰ ਆ ਕੇ ਹੋਰ ਫੋਲਾ-ਫਾਲੀ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਨਵਾਂ ਖ਼ਰੀਦਿਆ ਲੈਪਟੌਪ ਵੀ ਚੋਰੀ ਹੋ ਚੁੱਕਾ ਸੀਖ਼ੈਰ ਫਿਰ ਵੀ ਉਨ੍ਹਾਂ ਸੀ ਨਾ ਕੀਤੀ

-----

ਪਰ ਅਗਲੀ ਗੱਲ ਇਹ ਹੋਈ ਕਿ ਪ੍ਰੈੱਸ, ਜਿਸ ਨੇ ਪਹਿਲਾਂ ਇਨਾਮ ਦੀ ਖ਼ਬਰ ਏਨੀ ਚੁੱਕ ਕੇ ਨਹੀਂ ਸੀ ਪ੍ਰਕਾਸ਼ਿਤ ਕੀਤੀ, ਚੋਰੀ ਦੀ ਖ਼ਬਰ ਨਾਲ ਬਹੁਤ ਉਤੇਜਿਤ ਹੋ ਉੱਠੀਰਾਸ਼ਟਰੀ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੇ ਪੱਤਰਕਾਰਾਂ ਦਾ ਉਨ੍ਹਾ ਦੇ ਘਰ ਤਾਂਤਾ ਲੱਗਾ ਰਿਹਾਚੋਰੀ ਦੀ ਖ਼ਬਰ ਖ਼ੂਬ ਉਛਾਲੀ ਗਈ ਤੇ ਉਨ੍ਹਾਂ ਦੀਆਂ ਮੂਰਤਾਂ ਛਪੀਆਂਰਘਬੀਰ ਸਿੰਘ ਹੁਰੀਂ ਅੰਦਰੋਂ ਖ਼ੁਸ਼ ਸਨ ਕਿ ਜੇ ਏਨੀ ਕੁ ਚੋਰੀ ਨਾਲ ਏਨੀ ਪਬਲਿਸਿਟੀ ਮਿਲਦੀ ਹੈ ਤਾਂ ਕੋਈ ਘਾਟੇ ਵਾਲਾ ਸੌਦਾ ਨਹੀਂ, ਸਮੇਂ ਸਮੇਂ ਤੇ ਇਹ ਭਾਣਾ ਵਰਤ ਜਾਣਾ ਜਾਣਾ ਚਾਹੀਦਾ ਹੈਲੋਕ ਪਬਲੀਸਿਟੀ ਕਰਵਾਉਣ ਲਈ ਕਿੰਨੇ ਪੈਸੇ ਲੁਟਾ ਦਿੰਦੇ ਹਨ


Monday, April 26, 2010

ਤਨਦੀਪ ਤਮੰਨਾ – ਮਰਸੀਆ ਬਨਾਮ ਕਸੀਦਾ – ਅੱਖਰ-ਅੱਖਰ ਸੱਚ

ਕੱਲ੍ਹ ਸਰੀ 'ਚ ਉਰਦੂ ਲੇਖਕਾਂ ਦੀ ਐਸੋਸੀਏਸ਼ਨ ਦੀ ਮੀਟਿੰਗ 'ਚ ਜਾਣ ਦਾ ਮੌਕਾ ਮਿਲ਼ਿਆ, ਇੰਝ ਕਹਿ ਲਓ ਮੈਂ ਡੈਡੀ ਜੀ ਬਾਦਲ ਸਾਹਿਬ ਨਾਲ਼ ਕੀਤਾ ਵਾਅਦਾ ਪੁਗਾਇਆ ਕਿ ਵਾਰੀ-ਵਾਰੀ ਸਰੀ ਚ ਹੁੰਦੀਆਂ ਸਾਰੀਆਂ ਅਦਬੀ ਮੀਟਿੰਗਾਂ ਘੱਟੋ-ਘੱਟ ਇਕ-ਇਕ ਵਾਰੀ ਤਾਂ ਜ਼ਰੂਰ ਅਟੈਂਡ ਕਰਾਂਗੀਰੈਸਟੋਰੈਂਟ 'ਚ ਦਾਖ਼ਿਲ ਹੁੰਦਿਆਂ ਡਾਇਰੈਕਟਰਜ਼ ਦੀ ਮੀਟਿੰਗ ਚੱਲ ਰਹੀ ਸੀਅਸੀਂ ਚੁੱਪ-ਚਾਪ ਦੂਸਰੇ ਟੇਬਲ 'ਤੇ ਬੈਠ ਗਏ ਕਿ ਇਸ ਮੀਟਿੰਗ 'ਚ ਕੋਈ ਵਿਘਨ ਨਾ ਪਵੇਮੀਟਿੰਗ ਤੋਂ ਬਾਅਦ ਲੇਖਣੀ ਦੀਆਂ ਵੱਖ-ਵੱਖ ਸਿਨਫ਼ਾਂ 'ਤੇ ਵਰਕਸ਼ਾਪ ਸ਼ੁਰੂ ਹੋਣੀ ਸੀ

-----

ਕੋਈ ਗੱਲ ਚੱਲੀ ਤਾਂ ਅਚਾਨਕ ਡਾਇਰੈਕਟਰ ਦੇ ਅਹੁਦੇ 'ਤੇ ਸੁਸ਼ੋਭਿਤ ਇਕ ਬੀਬੀ ਪੰਜਾਬੀ 'ਚ ਬੋਲੀ; " ਹਾਂ ਜੀ ਮੈਨੂੰ ਪਤੈ ਕਿ ਮਰਸੀਆ, ਕਿਸੇ ਦੀ ਤਾਰੀਫ਼ ਕਰਨ ਲਈ ਲਿਖਿਆ ਜਾਂਦਾ ਹੈਹੈ ਨਾ?"

..........

ਮੇਰਾ ਦਿਲ ਤਾਂ ਕੀਤਾ ਸੀ ਕਿ ਪੁੱਛਾਂ ਕਿ .. ਬੀਬੀ ਜੀ! ਜੇ ਮਰਸੀਆ ਤਾਰੀਫ਼ ਕਰਨ ਲਈ ਲਿਖਿਆ ਜਾਂਦੈ ਤਾਂ ਕਸੀਦਾ ਕਦੋਂ ਲਿਖਿਆ ਜਾਂਦੈ..?? ਪਰ ਜਵਾਬ ਮੈਨੂੰ ਪਤਾ ਸੀ ਏਸੇ ਕਰਕੇ ਚੁੱਪ ਰਹੀ। ਡਾਇਰੈਕਟਰ ਬੀਬੀ ਜੀ ਨੇ ਹੈਰਾਨ ਹੋ ਕੇ ਆਖਣਾ ਸੀ... ਕੁੜੀਏ! ਹੋਸ਼ ਕਰ ਕਸੀਦਾ ਲਿਖਿਆ ਨਹੀਂ, ਕੱਢਿਆ ਜਾਂਦਾ ਹੈ..।

ਅਸ਼ਕੇ ਜਾਈਏ !!



Sunday, March 28, 2010

ਹਰਿਭਜਨ ਸਿੱਧੂ ਮਾਨਸਾ – ਅਮਲਾਂ ‘ਤੇ ਹੋਣੇ ਨੇ ਨਬੇੜੇ - ਆਈਨਸਟਾਈਨ

ਆਖਦੇ ਨੇ ਪ੍ਰਸਿੱਧ ਵਿਗਿਆਨੀ ਆਈਨਸਟਾਈਨ ਨੂੰ ਕਿਸੇ ਨੇ ਪੁੱਛਿਆ ਕਿ ਪਹਿਲੇ ਸੰਸਾਰ ਯੁੱਧ ਵਿਚ ਸਾਢੇ ਤਿੰਨ ਕਰੋੜ ਅਤੇ ਦੂਜੇ ਦੌਰਾਨ ਸਾਢੇ ਸੱਤ ਕਰੋੜ ਲੋਕ ਮਾਰੇ ਗਏ ਸਨ। ਦੱਸੋ ਕਿ ਤੀਜੇ ਮਹਾਂ-ਯੁੱਧ ਵਿਚ ਕਿੰਨੇ ਲੋਕ ਮਾਰੇ ਜਾਣਗੇ?

..........

ਆਈਨਸਟਾਈਨ ਆਖਣ ਲੱਗਾ, ਤੀਜੇ ਮਹਾਂ-ਯੁੱਧ ਬਾਰੇ ਕੁਝ ਦੱਸਣਾ ਜਾਂ ਠੋਸ ਅੰਦਾਜ਼ਾ ਦੇਣਾ ਤਾਂ ਬੜਾ ਹੀ ਮੁਸ਼ਕਿਲ ਹੈ, ਪਰ ਹਾਂ! ਚੌਥੇ ਦੇ ਸਬੰਧ ਵਿਚ ਜ਼ਰੂਰ ਕੁਝ ਕਹਿ ਸਕਦਾ ਹਾਂ।

.......

ਓਥੇ ਹਾਜ਼ਿਰ ਲੋਕ ਸੁਣ ਕੇ ਬੜੇ ਹੈਰਾਨ ਹੋਏ ਕਿ ਤੀਜੇ ਬਾਰੇ ਆਈਨਸਟਾਈਨ ਕੁਝ ਕਹਿ ਨਹੀਂ ਸਕਦਾ ਤਾਂ ਫਿਰ ਚੌਥੇ ਬਾਰੇ ਕੀ ਤੇ ਕਿਵੇਂ ਦੱਸੇਗਾ?

.......

ਆਈਨਸਟਾਈਨ ਹੱਸ ਕੇ ਕਹਿਣ ਲੱਗਾ, ਸਾਥੀਓ! ਤੀਜੇ ਯੁੱਧ ਦੌਰਾਨ ਚਾਰ ਅਰਬ ਦੇ ਲਗਭਗ ਪਾਗਲ, ਬੇਵਕੂਫ਼ ਤੇ ਬੁਰਛੇ ਲੋਕ ਪਤਾ ਨਹੀਂ ਕੀ ਕਰ ਗੁਜ਼ਰਨਗੇ, ਇਸ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ। ਚੌਥਾ ਬਾਰੇ ਮੈਂ ਇਉਂ ਠੋਕ ਵਜਾ ਕੇ ਕਹਿ ਸਕਦੈਂ ਕਿਉਂਕਿ ਤੀਜੇ ਚ ਹੀ ਸਾਰੇ ਸਮੇਟੇ ਜਾਣਗੇ...ਚੌਥਾ ਵਾਪਰੇਗਾ ਹੀ ਨਹੀਂ...।



Thursday, February 18, 2010

ਦਰਵੇਸ਼ – “...ਅਸਾਂ ਨਈਂ ਜੋਬਨ ਰੁੱਤੇ ਮਰਨਾ...” – ਅੰਮ੍ਰਿਤਾ ਪ੍ਰੀਤਮ

ਇੰਡੀਅਨ ਰਿਕਾਰਡਿੰਗ ਕੰਪਨੀ ਵਾਲ਼ਿਆਂ ਨੇ ਜਦੋਂ ਅੰਮ੍ਰਿਤਾ ਪ੍ਰੀਤਮ ਦੀ ਆਵਾਜ਼ ਵਿਚ ਉਹਦੀਆਂ ਨਜ਼ਮਾਂ ਦਾ ਰਿਕਾਰਡ ਤਿਆਰ ਕਰ ਲਿਆ ਤਾਂ ਉਹਦੀ ਪਹਿਲੀ ਕਾਪੀ ਅੰਮ੍ਰਿਤਾ ਨੂੰ ਦਿੰਦਿਆਂ ਆਖਿਆ, “ਅੰਮ੍ਰਿਤਾ ਜੀ! ਅਸੀਂ ਫ਼ੈਸਲਾ ਕੀਤਾ ਹੈ ਕਿ ਇਹ ਰਿਕਾਰਡ ਅਸੀਂ ਅਜੇ ਰਿਲੀਜ਼ ਨਹੀਂ ਕਰਨਾ। ਤੁਹਾਡੀ ਜ਼ਿੰਦਗੀ ਤੋਂ ਬਾਅਦ ਇਸਦੀ ਅਸਲ ਕਦਰ ਪਵੇਗੀ, ਉਦੋਂ ਰਿਲੀਜ਼ ਕਰਾਂਗੇ।

...........

ਅੰਮ੍ਰਿਤਾ ਹੱਸ ਕੇ ਝੱਟ ਬੋਲ ਪਈ, ਜਨਾਬ! ਫੇਰ ਵੇਖ ਲੈਣਾ! ਤੁਸੀਂ ਪੱਕਾ ਘਾਟੇ ਚ ਜਾਓਂਗੇ। ਕਿਉਂਕਿ ਮੈਂ ਤਾਂ ਅਜੇ ਕਈ ਵਰ੍ਹੇ ਜਿਉਣ ਦਾ ਫ਼ੈਸਲਾ ਕੀਤਾ ਹੋਇਆ ਹੈ।




Thursday, February 4, 2010

ਬਲਜੀਤ ਬਾਸੀ – “ਠਹਿਰੋ! ਮੈਂ ਜ਼ਰਾ ਬੇਗਮ ਨੂੰ ਵੀ ਲੈ ਆਵਾਂ” - ਡਾ: ਰਘਬੀਰ ਸਿੰਘ ( ਸਿਰਜਣਾ )

ਪੰਜਾਬੀ ਸਾਹਿਤਕ ਤ੍ਰੈਮਾਸਿਕ ਮੈਗਜ਼ੀਨ ਸਿਰਜਣਾ ਦੇ ਸੰਪਾਦਕ ਡਾ: ਰਘਬੀਰ ਸਿੰਘ ਜਿਨ੍ਹਾਂ ਨੂੰ ਹੁਣੇ ਜਿਹੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਸ਼ਿਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਹੋਣ ਦਾ ਪ੍ਰਥਮ ਪੁਰਸਕਾਰ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ, ਸੁਭਾਅ ਦੇ ਬੜੇ ਸ਼ਰਮੀਲੇ ਅਤੇ ਸਰਲ ਵਿਅਕਤੀ ਹਨਇਕ ਵਾਰੀ ਜਦ ਉਹ ਪਹਿਲੀ ਵਾਰੀ ਅਮਰੀਕਾ ਦੇ ਦੌਰੇ ਤੇ ਆਏ ਤਾਂ ਉਨ੍ਹਾਂ ਦਾ ਲਾਸ ਐਂਜਲਸ ਰਹਿੰਦਾ ਦੋਸਤ ਉਨ੍ਹਾਂ ਨੂੰ ਹਾਲੀਵੁੱਡ ਦੀ ਇਕ ਬੜੀ ਮਹਿੰਗੀ ਸ਼ਾਪਿੰਗ ਮਾਲ ਦਿਖਾਉਣ ਲੈ ਗਿਆਇਸ ਮਾਲ ਵਿੱਚ ਹਾਲੀਵੁੱਡ ਦੇ ਐਕਟਰ, ਅਰਬ ਦੇ ਸ਼ੇਖ਼ ਅਤੇ ਹੋਰ ਅਮੀਰ ਹੀ ਖ਼ਰੀਦਾਰੀ ਕਰਨ ਆਉਂਦੇ ਹਨਉਹ ਇਕ ਜਗ੍ਹਾ ਖੜ੍ਹੇ ਹੋ ਕੇ ਸੁਭਾਵਕ ਹੀ ਇਕ ਸੋਨੇ ਦੀ ਤਲਵਾਰ ਬਾਰੇ ਜਾਣਕਾਰੀ ਲੈਣ ਲੱਗ ਪਏ

............

ਉਨ੍ਹਾਂ ਜਗਿਆਸਾਵੱਸ ਪੁੱਛਿਆ ਕਿ ਇਸ ਤਲਵਾਰ ਨੂੰ ਸ਼ਿੱਪ ਕਰਨ ਦੀ ਕੀ ਵਿਧੀ ਹੈ, ਕੀ ਇਸ ਤੇ ਕੋਈ ਕਸਟਮ ਵਗੈਰਾ ਲਗਦਾ ਹੈ? ਉਥੇ ਦੇ ਮੁਲਾਜ਼ਮਾਂ ਮਹਿਸੂਸ ਕੀਤਾ ਕਿ ਕੋਈ ਬਹੁਤ ਵੱਡਾ ਸ਼ੇਖ਼ ਆ ਗਿਆ ਹੈ ਤੇ ਉਨ੍ਹਾਂ ਤੋਂ ਗੁਸਤਾਖ਼ੀ ਹੋ ਗਈ ਹੈਜਿਵੇਂ ਉਹ ਸ਼ੇਖ਼ਾਂ ਦੇ ਆਇਆਂ ਤੇ ਕਰਦੇ ਹਨ, ਉਨ੍ਹਾਂ ਆਦਰ-ਮਾਣ ਵਜੋਂ ਮਾਲ ਦੇ ਸਾਰੇ ਬੂਹੇ ਬੰਦ ਕਰ ਦਿੱਤੇ ਤਾਂ ਕਿ 'ਸ਼ੇਖ਼ ਸਾਹਿਬ' ਨਿਰਵਿਘਨ ਤੇ ਨਿਸਚਿੰਤ ਹੋ ਕੇ ਹੀਰੇ ਜਵਾਹਰਾਤ ਪਸੰਦ ਕਰ ਲੈਣ ਤੇ ਉਨ੍ਹਾਂ ਦੀ ਮਾਲ ਮਾਲਾ-ਮਾਲ ਹੋ ਜਾਵੇ

............

ਹੁਣ ਰਘਬੀਰ ਸਿੰਘ ਨੇ ਮਹਿਸੂਸ ਕਰ ਲਿਆ ਕਿ ਬੜੀ ਵੱਡੀ ਗ਼ਲਤ ਫਹਿਮੀ ਹੋ ਗਈ ਹੈ, ਉਹ ਇਸ ਕੁੜਿੱਕੀ ਚੋਂ ਛੁਟਕਾਰਾ ਪਾਉਣ ਦੀ ਸਕੀਮ ਲੜਾਉਣ ਲੱਗ ਪਏਉਨ੍ਹਾਂ ਰਾਹਤ ਲਈ ਆਪਣੇ ਦੋਸਤ ਵੱਲ ਝਾਕਿਆ ਪਰ ਉਹ ਪਹਿਲਾਂ ਹੀ ਬਾਥ ਰੂਮ ਵੱਲ ਟਿੱਬ ਚੁੱਕਾ ਸੀ

...............

ਉਨ੍ਹਾਂ ਨੂੰ ਇਕ ਤਰਕੀਬ ਸੁੱਝੀ, ਉਹ ਬੋਲੇ, "ਇਸ ਮਾਲ ਵਿੱਚ ਤਾਂ ਬੜੀਆਂ ਵਧੀਆ ਮੇਰੀ ਪਸੰਦ ਦੀਆਂ ਚੀਜ਼ਾਂ ਹਨ, ਇੰਝ ਕਰੋ, ਇਸ ਤਲਵਾਰ ਨੂੰ ਤਾਂ ਸੇਵ ਕਰ ਲਓ, ਮੈਂ ਹੋਟਲ ਤੋਂ ਆਪਣੀ ਸਾਹਿਬਾ ਨੂੰ ਨਾਲ ਲੈ ਆਵਾਂ, ਉਸਨੇ ਵੀ ਬੜਾ ਕੁਝ ਖ਼ਰੀਦਣਾ ਹੈ।"

...................

ਸਾਰਾ ਅਮਲਾ-ਫੈਲਾ ਬੜਾ ਖ਼ੁਸ਼ ਹੋਇਆ ਉਹ ਸਾਰੇ "ਨੋ ਪਰੋਬਲਮ" ਕਹਿੰਦਿਆਂ ਬੂਹੇ ਖੋਲ੍ਹ ਕੇ ਉਨ੍ਹਾਂ ਨੂੰ ਬਾਹਰ ਪਾਰਕ ਤੱਕ ਛੱਡਣ ਆਏ

.............

ਮੂੰਹ ਲਟਕਾਈ ਦੋਸਤ ਵੀ ਨਾਲ ਆ ਰਲ਼ਿਆਰਾਹ 'ਚ ਉਹ ਉਸ ਨੂੰ ਛੇੜਨ ਲੱਗੇ, "ਲੈ ਕੇ ਦੇਹ ਹੁਣ ਮੈਨੂੰ ਸੋਨੇ ਦੀ ਤਲਵਾਰ, ਤੂੰ ਹੀ ਲੈ ਕੇ ਆਇਆ ਸੀ


Sunday, January 31, 2010

ਤਨਦੀਪ ‘ਤਮੰਨਾ’ – “...ਦੱਸੋ ਭਲਾ! ਉਮਰਾਂ ‘ਚ ਕੀ ਰੱਖਿਐ...” – ਗੁਰਚਰਨ ਰਾਮਪੁਰੀ

ਪ੍ਰਸਿੱਧ ਲੇਖਕ ਗੁਰਚਰਨ ਰਾਮਪੁਰੀ ਜੀ 81 ਵਰ੍ਹਿਆਂ ਦੇ ਹੋਏ ਤਾਂ ਦੋਸਤਾਂ-ਮਿੱਤਰਾਂ ਨੂੰ ਉਹਨਾਂ ਵਧਾਈਆਂ ਦੇਣ ਲਈ ਫ਼ੋਨ ਕੀਤੇ।

........

ਦੋਸਤ ਆਖਣ ਲੱਗੇ, ਜਨਮ ਦਿਨ ਦੀਆਂ ਮੁਬਾਰਕਾਂ ਰਾਮਪੁਰੀ ਸਾਹਿਬ! 81 ਵਰ੍ਹਿਆਂ ਦੇ ਹੋ ਕੇ ਤੁਹਾਨੂੰ ਕਿੰਝ ਮਹਿਸੂਸ ਹੁੰਦਾ ਹੈ??

.........

ਜ਼ਿੰਦਾ-ਦਿਲ ਤੇ ਹਾਜ਼ਰ-ਜਵਾਬ ਰਾਮਪੁਰੀ ਸਾਹਿਬ ਕਹਿਣ ਲੱਗੇ, ਦੇਖੋ ਬਈ! ਜਦੋਂ ਮੈਂ 61 ਸਾਲਾਂ ਦਾ ਹੋਇਆ ਸੀ ਤਾਂ ਏਕਾ ਅੱਗੇ ਲਾ ਕੇ ਛੀਕਾ ਪਿੱਛੇ ਲਾ ਕੇ ਸੋਚਦਾ ਸੀ ਕਿ ਮੈਂ ਮਸਾਂ 16 ਸਾਲਾਂ ਦਾ ਹੋਇਆ ਹਾਂ। ਹੁਣ 81 ਸਾਲਾਂ ਦਾ ਹੋ ਕੇ ਵੀ ਮੈਂ ਉਹੀ ਕੀਤਾ ਹੈ, ਏਕਾ ਅੱਗੇ ਤੇ ਆਠਾ ਪਿੱਛੇ ਲਾ ਸੋਚ ਕੇ ਖ਼ੁਸ਼ ਹੋ ਰਿਹਾਂ ਕਿ ਮੇਰੀ ਉਮਰ ਤਾਂ ਦੋ ਸਾਲ ਹੀ ਹੋਰ ਵਧੀ ਹੈ, ਮੈਂ ਅਜੇ 18 ਸਾਲਾਂ ਦਾ ਹੀ ਹੋਇਆ ਹਾਂ।

*******

(ਸਰੋਤ: ਭਰੋਸੇਯੋਗ ਸੂਤਰ)



Saturday, January 23, 2010

ਗੁਰਦਰਸ਼ਨ ਬਾਦਲ – ਗੁਰੂ ਜਿਨ੍ਹਾਂ ਦੇ ਟੱਪਣੇ...ਚੇਲੇ.....???

ਇੱਕ ਉਸਤਾਦ ਗ਼ਜ਼ਲਗੋ ਨੂੰ ਉਸਦੇ ਸ਼ਾਗਿਰਦ ਨੇ ਸਵਾਲ ਕੀਤਾ: ਉਸਤਾਦ ਜੀ! ਤੁਸੀਂ ਸਾਲ ਚ ਕਿੰਨੀਆਂ ਕੁ ਗ਼ਜ਼ਲਾਂ ਕਹਿ ਲੈਂਦੇ ਹੋਂ?

............

ਉਸਤਾਦ ਜੀ ਨੇ ਜਵਾਬ ਦਿੱਤਾ: ਇੱਕ ਸਾਲ ਚ ਦੋ ਜਾਂ ਤਿੰਨ ...ਜਾਂ ਵੱਧ ਤੋਂ ਵੱਧ ਚਾਰ। ਤੇ ਤੂੰ?

..........

ਸ਼ਾਗਿਰਦ: ਉਸਤਾਦ ਜੀ! ਮੈਨੂੰ ਤਾਂ ਹਰ ਵੇਲ਼ੇ ਗ਼ਜ਼ਲ ਔੜਦੀ ਐ। ਦੇਖ ਲਓ! ਮੈਂ ਤਾਂ ਪਖਾਨੇ ( Toilet ) ‘ਚ ਬੈਠਾ ਵੀ ਗ਼ਜ਼ਲਾਂ ਕਹਿ ਲੈਂਦਾ ਹਾਂ।

.........

ਉਸਤਾਦ ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ: ਹੂੰ! ਅੱਛਾ!! ਤਾਂ ਹੀ ਤੇਰੀਆਂ ਗ਼ਜ਼ਲਾਂ ਵਿੱਚੋਂ ਪਖਾਨੇ ਵਰਗੀ ਬਦਬੂ ਆਉਂਦੀ ਹੁੰਦੀ ਹੈ!

Friday, January 15, 2010

ਬਲਵੰਤ ਗਾਰਗੀ – ਪੜ੍ਹਾਈ ਦੀ ਡਿਗਰੀ ਲਿਖਣੀ ਬਹੁਤ ਜ਼ਰੂਰੀ ਹੈ – ਕਰਤਾਰ ਸਿੰਘ ਦੁੱਗਲ

ਕਰਤਾਰ ਸਿੰਘ ਦੁੱਗਲ ਜਦੋਂ ਵੀ ਕੋਈ ਨਵੀਂ ਕਿਤਾਬ ਲਿਖਦਾ, ਕਿਸੇ ਵੱਡੇ ਆਦਮੀ ਨੂੰ ਭੇਂਟ ਕਰਦਾ। ਆਪਣੇ ਨਾਂ ਦੇ ਪਿੱਛੇ ਐਮ.ਏ. ਜ਼ਰੂਰ ਲਿਖਦਾ। ਸਵੇਰ ਸਾਰ, ਪਿੱਪਲ ਪੱਤੀਆਂ, ਟੋਏ ਟਿੱਬੇ, ਦੇ ਮੁੱਢ ਵਿਚ ਉਸ ਨੇ ਆਪਣਾ ਨਾਂ ਇਉਂ ਲਿਖਿਆ:

ਕਰਤਾ: ਕਰਤਾਰ ਸਿੰਘ ਦੁੱਗਲ

ਐਮ.ਏ. (ਅੰਗਰੇਜ਼ੀ)

ਆਨਰਜ਼ (ਪੰਜਾਬੀ)

.........

ਇਕ ਦਿਨ ਮੈਂ ਪੁੱਛਿਆ, ਕੀ ਕਰਤਾਰ ਸਿੰਘ ਦੁੱਗਲ ਕਾਫ਼ੀ ਨਹੀਂ ?

.........

ਉਸ ਉੱਤਰ ਦਿੱਤਾ, ਨਹੀਂ! ਕਿਉਂ ਜੋ ਪੰਜਾਬੀ ਵਿਚ ਤਿੰਨ ਸੌ ਕਰਤਾਰ ਸਿੰਘ ਹਨ ਤੇ ਛੀ ਸੌ ਦੁੱਗਲ। ਐਮ.ਏ. ਲਿਖਣਾ ਜ਼ਰੂਰੀ ਹੈ।

.........

ਮੈਂ ਆਖਿਆ, ਏਸੇ ਪੰਜਾਬ ਵਿਚ ਕੋਈ ਛੀ ਹਜ਼ਾਰ ਐਮ.ਏ. ਹਨ।

........

ਉਹ ਝਟ ਬੋਲਿਆ, ਪਰ ਕਰਤਾਰ ਸਿੰਘ ਦੁੱਗਲ ਤਾਂ ਇੱਕੋ ਹੈ ਨਾ?

...........

ਮੈਂ ਜਵਾਬ ਦਿੱਤਾ, ਜੇ ਤੂੰ ਏਸ ਰਫ਼ਤਾਰ ਨਾਲ਼ ਕਹਾਣੀਆਂ ਲਿਖਦਾ ਰਿਹਾ ਤਾਂ ਹੌਲ਼ੀ-ਹੌਲ਼ੀ ਪੰਜਾਬੀ ਵਿਚ ਦੁੱਗਲ ਵੀ ਇੱਕੋ ਹੀ ਹੋਵੇਗਾ। ਫਿਰ ਨਾ ਕਰਤਾਰ ਸਿੰਘ ਦੀ ਲੋੜ ਪਵੇਗੀ, ਨਾ ਐਮ.ਏ. ਦੀ।




Sunday, January 3, 2010

ਬਲਜੀਤ ਬਾਸੀ - ਜੇ ਤੂੰ ਰਾਜੇਸ਼ ਖੰਨਾ ਹੈਂ ਤਾਂ ਮੈਂ ਵੀ.... – ਕੇਵਲ ਸੂਦ

ਇਕ ਜ਼ਮਾਨੇ ਵਿਚ ਪੰਜਾਬੀ ਦੇ ਇਕ ਵਧੀਆ ਕਹਾਣੀਕਾਰ ਸਨ, ਕੇਵਲ ਸੂਦ ਉਹ ਦਿੱਲੀ ਦੇ ਸੋਵੀਅਤ ਦੂਤਾਵਾਸ ਵਿਚ ਕੰਮ ਕਰਦੇ ਸਨ ਤੇ ਹਰ ਰੋਜ਼ ਸਵੇਰੇ ਬੱਸ ਫੜ ਕੇ ਕੰਮ ਤੇ ਜਾਂਦੇ ਸਨਇਕ ਵਾਰੀ ਉਨ੍ਹਾਂ ਤੋਂ ਬੱਸ ਮਿੱਸ ਹੋ ਗਈ ਤਾਂ ਅਚਾਨਕ ਇਕ ਕਾਰ ਆਈ ਜੋ ਉਨ੍ਹਾਂ ਦੇ ਅੰਗੂਠਾ ਦਿਖਾਉਣ ਤੇ ਰੁਕ ਗਈਕਾਰ ਦੀ ਚਾਲਕ ਇਕ ਮਹਿਲਾ ਸੀਉਸਨੇ ਖ਼ੁਸ਼ੀ ਖ਼ੁਸ਼ੀ ਰਾਈਡ ਦੇਣਾ ਸਵੀਕਾਰ ਕਰ ਲਿਆਰਾਹ ਵਿੱਚ ਖ਼ੁਸ਼ਗਵਾਰ ਗੱਲਾਂ ਹੋਈਆਂ

..........

ਮੰਜ਼ਿਲ ਪਹੁੰਚਣ ਤੇ ਉਤਰਨ ਲੱਗਿਆਂ ਕੇਵਲ ਸੂਦ ਨੇ ਕੁੜੀ ਤੋਂ ਪੁੱਛਿਆ ,"ਤੁਹਾਡਾ ਨਾਂ ਕੀ ਹੈ?"

...........

ਕੁੜੀ ਨੇ ਆਪਣੇ ਮਾਪਿਆਂ ਦਾ ਧਰਿਆ ਨਾਂ ਦੱਸ ਦਿੱਤਾ," ਰਾਜੇਸ਼ ਖੰਨਾ!"

..............

ਕੇਵਲ ਸੂਦ ਹੇਠ ਉਤਾਂਹ ਦੇਖੇ ਕਿ ਕੁੜੀ ਉਸ ਨਾਲ ਮਖੌਲ ਕਰ ਗਈ, ਐਵੇਂ ਐਕਟਰ ਦਾ ਨਾਂ ਦੱਸ ਗਈ

.............

ਜਾਂਦੇ ਜਾਂਦੇ ਕੁੜੀ ਨੇ ਕੇਵਲ ਸੂਦ ਤੋਂ ਪੁਛਿਆ,"ਤੇ ਤੁਹਾਡਾ ਨਾਂ"?

..............

ਕੇਵਲ ਸੂਦ ਨੂੰ ਮੌਕਾ ਮਿਲ ਗਿਆ ਬਦਲਾ ਲੈਣ ਦਾ, ਉਸਨੇ ਝੱਟ ਦੇ ਕੇ ਕਿਹਾ, "ਵਹੀਦਾ ਰਹਿਮਾਨ!"




Thursday, December 31, 2009

ਬਲਵੰਤ ਗਾਰਗੀ – ਦਰੋਪਦੀ ਬਣਨ ਲਈ ਤਿੰਨ ਹੋਰ ਖ਼ਸਮਾਂ ਦੀ ਲੋੜ ਏ – ਅਜੀਤ ਕੌਰ

ਅਜੀਤ ਕੌਰ ਧੜੱਲੇਦਾਰ ਔਰਤ ਹੈ। ਪੰਜਾਬੀ ਵਿਚ ਕਿਸੇ ਸਾਹਿਤਕਾਰ ਔਰਤ ਦੇ ਇਸ਼ਕ ਬਾਰੇ ਗੱਲ ਚੱਲੇ ਤਾਂ ਉਹ ਰੋਣ ਲੱਗ ਪੈਂਦੀ ਹੈ। ਪਰ ਅਜੀਤ ਕੌਰ ਅਜਿਹੀ ਬਦਨਾਮੀ ਨੂੰ ਸਾਹਿਤ ਦਰਸ਼ਨ ਦਾ ਤਮਗਾ ਸਮਝਦੀ ਹੈ।

ਇੱਕ ਦਿਨ ਮੈਂ ਉਸਨੂੰ ਟੈਲੀਫ਼ੋਨ ਕੀਤਾ। ਦੋ ਚਾਰ ਝੜਪਾਂ ਹੋਈਆਂ।

ਮੈਂ ਪੁੱਛਿਆ: ਕੀ ਹਾਲ ਏ?

ਅਜੀਤ ਕੌਰ: ਧੁਖ਼ ਰਹੀ ਆਂ।

................

ਮੈਂ: ਜ਼ਿੰਦਗੀ ਦੀ ਨਿਸ਼ਾਨੀ ਏ। ਹੋਰ ਕੀ ਲਿਖ ਰਹੀ ਏਂ?

ਅਜੀਤ ਕੌਰ: ਸੁਆਹ ਤੇ ਖੇਹ।

.................

ਮੈਂ: ਅੱਜ ਕੱਲ੍ਹ ਕੀ ਕਰ ਰਹੀ ਏਂ?

ਅਜੀਤ ਕੌਰ: ਦੋ ਮੈਗਜ਼ੀਨ ਕੱਢ ਰਹੀ ਹਾਂ ਜਿਵੇਂ ਦੋ ਖ਼ਸਮ ਹੋਣ। ਮੇਰੇ ਦੋ ਖ਼ਸਮ ਹਨ! ਹਾਲੇ ਤਿੰਨ ਖ਼ਸਮਾਂ ਦੀ ਹੋਰ ਲੋੜ ਐ, ਫਿਰ ਮੈਂ ਸਤੀ ਦਰੋਪਦੀ ਬਣ ਜਾਵਾਂਗੀ। ਦੱਖਣ ਵਿਚ ਦਰੋਪਦੀ ਦੀ ਪੂਜਾ ਹੁੰਦੀ ਏ। ਕਾਸ਼! ਮੇਰੇ ਪੰਜ ਖ਼ਸਮ ਹੁੰਦੇ !"



Saturday, December 19, 2009

ਦਰਵੇਸ਼ – ਕੰਮ ਚਲਾਊ ਕਿ ਅਸਲੀ ਐਡੀਟਰ? - ਇਮਰੋਜ਼

ਇਕ ਦਿਨ ਇਮਰੋਜ਼ ਆਰਸੀ ਦੇ ਭਾਪਾ ਪ੍ਰੀਤਮ ਸਿੰਘ ਜੀ ਦੇ ਘਰ ਗਏ, ਤਾਂ ਉੱਥੇ ਪ੍ਰੀਤਲੜੀ ਦਾ ਐਡੀਟਰ ਨਵਤੇਜ ਸਿੰਘ ਵੀ ਬੈਠਾ ਹੋਇਆ ਸੀ।

.........

ਇਮਰੋਜ਼ ਨੇ ਉਹਨਾਂ ਨੂੰ ਛੇੜਦਿਆਂ ਆਖਿਆ, ਰੱਬ ਖ਼ੈਰ ਕਰੇ! ਅੱਜ ਤਾਂ ਏਥੇ ਦੋ ਦੋ ਐਡੀਟਰ ਖਲੋਤੇ ਹੋਏ ਨੇ।

........

ਨਵਤੇਜ ਸਿੰਘ ਨੇ ਕੁਝ ਨਹੀਂ ਆਖਿਆ, ਪਰ ਭਾਪਾ ਪ੍ਰੀਤਮ ਸਿੰਘ ਜੀ ਕਹਿਣ ਲੱਗੇ, ਬਈ! ਮੈਂ ਕਾਹਦਾ ਐਡੀਟਰ ਹਾਂ, ਮੈਂ ਤਾਂ ਐਵੇਂ ਕੰਮ ਚਲਾਊ ਐਡੀਟਰ ਹਾਂ।

.........

ਇਮਰੋਜ਼ ਵੀ ਹਾਜ਼ਰ-ਜਵਾਬ ਸੀ। ਹੈਰਾਨ ਹੋ ਕੇ ਆਖਣ ਲੱਗੇ, ਪਰ ਭਾਪਾ ਜੀ! ਤੁਸੀਂ ਆਰਸੀ ਦੇ ਟਾਈਟਲ ਤੇ ਤਾਂ ਕਦੇ ਨਹੀਂ ਲਿਖਿਆ ...ਕੰਮ ਚਲਾਊ ਐਡੀਟਰ....??