Friday, October 23, 2009

ਹਰਪਾਲ ਸਿੰਘ ਭਿੰਡਰ – ਕਾਸ਼! ਸਭਾ ਨੇ ਸਨਮਾਨ...ਦਿਲ ਦੀਆਂ ਦਿਲ ਵਿਚ ਰਹਿ ਗਈਆਂ

ਇੱਕ ਵਾਰ ਮੇਰੇ ਇੱਕ ਵਿਦਵਾਨ ਦੋਸਤ ਦਾ, ਇੱਕ ਸਭਾ ਵਾਲ਼ਿਆਂ ਨੇ ਉਸਦੀਆਂ ਸੇਵਾਵਾਂ ਬਦਲੇ ਸਨਮਾਨ ਕਰਨ ਦਾ ਪ੍ਰੋਗਰਾਮ ਬਣਾਇਆਅਸੀਂ ਦਿੱਤੇ ਹੋਏ ਸਮੇਂ ਮੁਤਾਬਿਕ ਪਹੁੰਚ ਗਏਸਭਾ ਵਾਲਿਆਂ ਨੇ ਇਸ ਦਿਨ ਸਨਮਾਨ ਸਮਾਰੋਹ ਦੇ ਨਾਲ ਨਾਲ ਇੱਕ ਬਹੁਤ ਵੱਡਾ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕਿਆ ਹੋਇਆ ਸੀਪ੍ਰਬੰਧਕਾਂ ਨੇ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਦੋਸਤ ਦਾ ਸਨਮਾਨ ਕਰ ਦਿੱਤਾਉਹ ਦੋ ਸ਼ਬਦ ਬੋਲ ਕੇ, ਆਪਣਾ ਸਨਮਾਨ ਚਿੰਨ੍ਹ ਲੈ ਕੇ ਮੇਰੇ ਕੋਲ ਆ ਬੈਠਾ

................

ਪ੍ਰੋਗਰਾਮ ਸ਼ੁਰੂ ਹੋਇਆ ਜੋ ਕਲਾਤਮਕ ਪੱਖ ਤੋਂ ਬਹੁਤ ਹੀ ਅਕਾਊ, ਊਣਤਾਈਆਂ ਭਰਪੂਰ ਤੇ ਘਟੀਆ ਪੱਧਰ ਦਾ ਸੀਸਲੀਕੇ ਦੇ ਤੌਰ ਤੇ ਸਾਡਾ ਓਥੇ ਬੈਠੇ ਰਹਿਣਾ ਜ਼ਰੂਰੀ ਵੀ ਸੀ ਤੇ ਮਜਬੂਰੀ ਵੀਜਦੋਂ ਬਰਦਾਸ਼ਤ ਦੀ ਹੱਦ ਹੋ ਗਈ ਤਾਂ ਮੇਰਾ ਦੋਸਤ ਆਪਣੀ ਸਿਰੇ ਦੀ ਬੇਵੱਸੀ ਪ੍ਰਗਟਾਉਦਿਆਂ ਮੇਰੇ ਕੰਨ ਚ ਕਹਿਣ ਲੱਗਾ, ਯਾਰ ਕੀ ਕਰੇ ਬੰਦਾ, ਆਹ ਹੁਣ ਇਹਨਾਂ ਨੇ ਮੇਰਾ ਸਨਮਾਨ ਜਿਹਾ ਕਰ ਦਿੱਤਾ ਨਹੀਂ ਤਾਂ ਇਸ ਪ੍ਰੋਗਰਾਮ ਦੇ ਬਾਰੇ ਅਖ਼ਬਾਰ ਵਿੱਚ ਲਿਖਣ ਦਾ ਮਜ਼ਾ ਬਹੁਤ ਆਉਣਾ ਸੀ।



Wednesday, October 21, 2009

ਹਰਿਭਜਨ ਸਿੱਧੂ ਮਾਨਸਾ – ਸ਼ਾਇਰੀ ਦਾ ਵਰ ਕਿ ਸਰਾਪ? – ਮਜਾਜ਼ ਲਖਨਵੀ

ਉਰਦੂ ਦੇ ਮਹਾਨ ਸ਼ਾਇਰ ਮਜਾਜ਼ ਸਾਹਿਬ ਆਪਣੇ ਘਰ ਦੇ ਬੂਹੇ ਤੇ ਕੁਰਸੀ ਡਾਹੀ ਬੈਠੇ ਸਨ ਕਿ ਇੱਕ ਮੰਗਤੇ ਨੇ ਆ ਅਲਖ ਜਗਾਈ।

ਮੇਰੇ ਹਜ਼ੂਰ! ਕੁਝ ਦੇ ਦਿਓ! ਮੰਗਤਾ ਵਾਹਵਾ ਦੇਰ ਮਿੰਨਤਾਂ ਕਰਦਾ ਰਿਹਾ ।

...........

ਮਜਾਜ਼ ਸਾਹਿਬ ਆਪਣੇ ਰੰਗ ਵਿਚ ਭੰਗ ਪੈਂਦਾ ਵੇਖ ਕੇ ਉਹਨੂੰ ਆਖਣ ਲੱਗੇ, ਹੁਣ ਜਾਹ ਯਾਰ ਪਰ੍ਹਾਂ, ਕਿਉਂ ਤੰਗ ਕਰੀ ਜਾਨੈਂ, ਹੈ ਨੀ ਮੇਰੇ ਕੋਲ਼ ਕੁਝ ਤੈਨੂੰ ਦੇਣ ਲਈ। ਜਾਹ! ਖ਼ੁਦਾ ਦਾ ਵਾਸਤਾ!

ਪਰ ਮੰਗਤਾ ਉੱਥੇ ਹੀ ਪੈਰ ਗੱਡ ਕੇ ਖਲੋਤਾ ਸੀ, ਉਸਨੇ ਹੋਰ ਵੀ ਜ਼ਿਆਦਾ ਲੇਲੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

..............

ਮਜਾਜ਼ ਸਾਹਿਬ ਤੰਗ ਆਕੇ ਦੋ-ਚਾਰ ਗਾਲ੍ਹਾਂ ਕੱਢਣ ਪਿੱਛੋਂ ਆਖਣ ਲੱਗੇ, ਜਾਹ! ਤੁਰਦਾ ਬਣ, ਨਹੀਂ ਤਾਂ ਅਜਿਹਾ ਸਰਾਪ ਦਿਆਂਗਾ ਕਿ ਉਮਰ ਭਰ ਪਛਤਾਵੇਂਗਾ।

................

ਜੀ ਠੀਕ ਏ, ਸਰਾਪ ਈ ਦੇ ਦਿਓ, ਕੁਝ ਤਾਂ ਦੇ ਹੀ ਦਿਓ, ਮੰਗਤਾ ਢੀਠ ਹੋ ਕੇ ਬੋਲਿਆ।

..........

ਏਨਾ ਸੁਣ ਕੇ ਮਜਾਜ਼ ਸਾਹਿਬ ਨੇ ਦੋਵੇਂ ਹੱਥ ਅਕਾਸ਼ ਵੱਲ ਉਠਾ ਕੇ ਦੁਆ ਕੀਤੀ, ਯਾ ਮੇਰੇ ਮਾਲਿਕ! ਇਹਨੂੰ ਵੀ ਸ਼ਾਇਰ ਬਣਾ ਦੇ...!




Thursday, October 15, 2009

ਦਰਵੇਸ਼ – ਅਕਲ ਬਿਨਾ ਖੂਹ ਖ਼ਾਲੀ – ਇਮਰੋਜ਼

ਨਵਯੁਗ ਪ੍ਰੈਸ ਵਿਚ ਅੰਮ੍ਰਿਤਾ ਦੀ ਇਕ ਨਜ਼ਮ ਛਪ ਰਹੀ ਸੀ:

ਸੂਰਜ ਦੇਵਤਾ ਬੂਹੇ ਤੇ ਆਣ ਢੁੱਕਾ,

ਕਿਸੇ ਕਿਰਨ ਨਾ ਉੱਠ ਕੇ ਤੇਲ ਚੋਇਆ

...............

ਉਸ ਸਮੇਂ ਉੱਥੇ ਇਕ ਸਾਹਿਤਕਾਰਨੁਮਾ ਸੱਜਣ ਬੈਠੇ ਹੋਏ ਸਨ, ਆਖਣ ਲੱਗੇ, ਇਹ ਹੋ ਹੀ ਨਹੀਂ ਸਕਦਾ ਕਿ ਸੂਰਜ ਆ ਜਾਏ ਤੇ ਕਿਰਨ ਨਾ ਆਵੇ...।

............

ਕੋਲ਼ ਬੈਠੇ ਇਮਰੋਜ਼ ਜੀ ਬੋਲੇ, ਜਨਾਬ! ਬਿਲਕੁਲ ਹੋ ਸਕਦੈ, ਜਿਵੇਂ ਕੋਈ ਬੰਦਾ ਦੁਨੀਆਂ ਚ ਤਾਂ ਆ ਜਾਵੇ, ਪਰ ਉਹਨੂੰ ਅਕਲ ਨਾ ਆਵੇ..।




Sunday, October 11, 2009

ਤਨਦੀਪ ‘ਤਮੰਨਾ’ – “ਟਿਕਟ ਮਿਲ਼ਣੀ ਤੇ ਕਿਤਾਬ ਛਪਵਾਉਂਣੀ ਸੌਦਾ ਇੱਕੋ ਜਿਹਾ” – ਸੁਰਿੰਦਰ ਸੋਹਲ

ਨਿਊ ਯੌਰਕ, ਅਮਰੀਕਾ ਵਸਦੇ ਪੰਜਾਬੀ ਸ਼ਾਇਰ ਸੁਰਿੰਦਰ ਸੋਹਲ ਨੂੰ ਟਿਕਟ ਮਿਲ਼ ਗਈਟਿਕਟ ਦਾ ਖ਼ਰਚ, ਕੋਰਟ ਫੀਸ ਤੇ ਸਟੇਟ ਟੈਕਸ ਪਾ ਕੇ ਉਹ ਟਿਕਟ 285 ਅਮਰੀਕਨ ਡਾਲਰ ਵਿਚ ਪਈ

...............

ਆਪਣੇ ਮਨ ਨੂੰ ਤਸੱਲੀ ਦਿੰਦੇ ਹੋਏ ਸੁਰਿੰਦਰ ਸੋਹਲ ਨੇ ਆਪਣੇ ਮਿੱਤਰ ਅਮਰੀਕ ਸਿੰਘ ਨੂੰ ਕਿਹਾ,‘ਚਲੋ ਕੋਈ ਗੱਲ ਨਈਂ, ਸਮਝ ਲਵਾਂਗੇ ਇਕ ਹੋਰ ਕਿਤਾਬ ਹੀ ਛਪਾ ਲਈ

...............

ਅਮਰੀਕ ਸਿੰਘ ਨੇ ਸੋਹਲ ਵੱਲ ਟੇਢੀ ਨਜ਼ਰ ਨਾਲ ਦੇਖਦੇ ਹੋਏ ਭੋਲੇਪਨ ਨਾਲ਼ ਕਿਹਾ, ਹੂੰ! ਇਹਦਾ ਮਤਲਬ ਅਮਰੀਕਾ ਵਿਚ ਟਿਕਟ ਮਿਲਣੀ ਤੇ ਪੰਜਾਬੀ ਵਿਚ ਕਿਤਾਬ ਛਪਣੀ, ਇੱਕੋ ਜਿੰਨੀਆਂ ਹੀ ਦੁਖਦਾਈ ਘਟਨਾਵਾਂ ਹੁੰਦੀਆਂ ਨੇ....?

(ਸਰੋਤ-ਭਰੋਸੇਯੋਗ ਸੂਤਰ)




Sunday, October 4, 2009

ਹਰਿਭਜਨ ਸਿੱਧੂ ਮਾਨਸਾ – ਕੰਡਿਆਂ ਦੀ ਚੋਭ ਦੱਸਦੀ ਏ ਕਿ ਫੁੱਲ ਸੋਹਣਾ ਏਂ- ਮਿਲਟਨ

ਪੈਰਾਡਾਈਜ਼ ਲੌਸਟ ਦੇ ਸੰਸਾਰ ਪ੍ਰਸਿੱਧ ਲੇਖਕ ਮਿਲਟਨ ਦੀ ਨਿਗ੍ਹਾ ਚਾਲ਼ੀ ਕੁ ਸਾਲ ਦੀ ਉਮਰ ਚ ਚਲੀ ਗਈ ਸੀ। ਮਿਲਟਨ ਦੀ ਦੂਜੀ ਪਤਨੀ ਨੂੰ ਆਪਣੇ ਹੁਸਨ ਦਾ ਗ਼ੁਮਾਨ ਰਹਿੰਦਾ ਸੀ। ਉਸਦੀ ਨਿਗ੍ਹਾ ਜਾਣ ਤੋਂ ਬਾਅਦ ਤਾਂ ਉਸਦੀ ਪਤਨੀ ਉਸ ਨਾਲ਼ ਹੋਰ ਵੀ ਭੈੜਾ ਵਿਹਾਰ ਕਰਨ ਲੱਗੀ।

.............

ਕਹਿੰਦੇ ਨੇ ਕਿ ਮਿਲਟਨ ਦੇ ਇਕ ਮਿੱਤਰ ਨੇ ਉਸਨੂੰ ਉਸਦੀ ਪਤਨੀ ਬਾਰੇ ਕਿਹਾ: ਯਾਰ! ਤੇਰੀ ਪਤਨੀ ਤਾਂ ਸੂਹੇ ਗੁਲਾਬੀ ਫੁੱਲ ਜਿਹੀ ਕੋਮਲ ਲੱਗਦੀ ਹੈ।

.............

ਸੁਣਕੇ ਮਿਲਟਨ ਮੁਸਕਰਾ ਕੇ ਕਹਿਣ ਲੱਗਾ: ਮਿੱਤਰਾ! ਤੁਸੀਂ ਸਾਰੇ ਠੀਕ ਹੀ ਆਖਦੇ ਹੋਵੋਂਗੇ। ਮੈਂ ਆਪਣੀ ਪਤਨੀ ਨੂੰ ਦੇਖ ਨ੍ਹੀਂ ਸਕਦਾ, ਪਰ ਉਸਦੇ ਕੰਡਿਆਂ ਦੀਆਂ ਚੋਭਾਂ ਅਕਸਰ ਮਹਿਸੂਸ ਕਰਦਾ ਹਾਂ।