Monday, August 31, 2009

ਦਰਵੇਸ਼ - ਪ੍ਰਕਾਸ਼ਕਾਂ ਦੀ ਯਾਦ-ਸ਼ਕਤੀ ਦੀ ਬੱਲੇ-ਬੱਲੇ - ਦੇਵ

ਜਦੋਂ ਲੇਖਕ ਦੇਵ ਦੀ ਕਿਤਾਬ 'ਦੂਸਰੇ ਕਿਨਾਰੇ ਦੀ ਤਲਾਸ਼' ਛਪ ਰਹੀ ਸੀ ਤਾਂ ਉਹ ਆਪਣੇ ਪ੍ਰਕਾਸ਼ਕ ਨੂੰ ਮਿਲ਼ਣ ਗਿਆ।
ਪ੍ਰਕਾਸ਼ਕ ਨੇ ਵੇਖਦਿਆਂ ਹੀ ਤਪਾਕ ਨਾਲ਼ ਕਿਹਾ," ਆਉ! ਆਉ!! ਵੇਦ ਜੀ!"
...........
ਦੇਵ ਨੇ ਕਿਹਾ, " ਜੀ ਮੇਰਾ ਨਾਮ 'ਵੇਦ' ਨਹੀਂ ਦੇਵ ਹੈ!"
..............
ਪ੍ਰਕਾਸ਼ਕ ਨੇ ਕਿਹਾ," ਅੱਛਾ,ਅੱਛਾ ਦੇਵ ਜੀ, ਮੈਨੂੰ ਪਤਾ ਹੈ ਤੁਹਾਡੀ ਕਹਾਣੀਆਂ ਦੀ ਕਿਤਾਬ ਮੇਰੇ ਕੋਲ਼ ਛਪਦੀ ਪਈ ਹੈ!"
...............
ਦੇਵ ਇੱਕ ਵਾਰੀ ਤਾਂ ਬੌਖ਼ਲਾ ਗਿਆ, ਤੇ ਫੇਰ ਕਹਿਣ ਲੱਗਾ," ਨਹੀਂ ਜੀ, ਕਹਾਣੀਆਂ ਦੀ ਨਹੀਂ, ਕਵਿਤਾ ਦੀ ਕਿਤਾਬ ਛਪ ਰਹੀ ਹੈ...!"

Friday, August 21, 2009

ਦਰਵੇਸ਼ – "... ਜੇ ਮੁੱਖ ਬੰਦ ਨਹੀਂ ਲਿਖਣਾ ਤਾਂ ਖਰੜਾ ਵਾਪਸ ਹੀ ਕਰ ਦਿਓ..." – ਅਸ਼ਕ

ਹਿੰਦੀ ਦੇ ਪ੍ਰਸਿੱਧ ਲੇਖਕ ਉਪੇਂਦਰ ਨਾਥ ਅਸ਼ਕ ਇੱਕ ਵਾਰੀ ਆਪਣੀ ਕਿਸੇ ਪੁਸਤਕ ਦਾ ਮੁੱਖ-ਬੰਦ ਲਿਖਵਾਉਂਣ ਲਈ ਪੁਸਤਕ ਦਾ ਖਰੜਾ ਡਾ: ਮੋਹਨ ਸਿੰਘ ਦੀਵਾਨਾ ਨੂੰ ਦੇ ਗਏ। ਅਸ਼ਕ ਸਾਹਿਬ ਗਾਹੇ-ਬਗਾਹੇ ਉਨ੍ਹਾਂ ਦੇ ਘਰ ਦੇ ਚੱਕਰ ਲਾਉਂਦੇ ਰਹੇ ਤੇ ਡਾ: ਦੀਵਾਨਾ ਸਾਹਿਬ ਟਾਲ਼ਦੇ ਰਹੇ।

............

ਇੱਕ ਦਿਨ ਅਸ਼ਕ ਨੇ ਤੰਗ ਆ ਕੇ ਕਿਹਾ, ਜੇ ਮੁੱਖ ਬੰਦ ਨਹੀਂ ਲਿਖਣਾ ਤਾਂ ਖਰੜਾ ਵਾਪਸ ਹੀ ਕਰ ਦਿਓ!

..............

ਡਾ: ਦੀਵਾਨਾ ਉਹਨੀਂ ਦਿਨੀਂ ਲਾਹੌਰ ਕਪੂਰਥਲਾ ਹਾਊਸ ਵਿਚ ਕਿਸੇ ਚੁਬਾਰੇ ਚ ਰਿਹਾ ਕਰਦੇ ਸਨ।

ਲਉ! ਲੈ ਜਾਓ, ਕਹਿ ਕੇ ਉਹਨਾਂ ਖਰੜਾ ਉਪਰੋਂ ਹੀ ਵਗਾਹ ਕੇ ਥੱਲੇ ਮਾਰਿਆ ਜੋ ਹੇਠਾਂ ਖੜ੍ਹੇ ਅਸ਼ਕ ਦੇ ਪੈਰਾਂ ਚ ਆ ਡਿੱਗਿਆ।
Thursday, August 13, 2009

ਦਰਵੇਸ਼ – “..ਇਤਨੀ ਹਲਕੀ ਸ਼ਾਇਰੀ ਕਰੋਗੇ ਤੋ ਯਹੀ ਹੋਗਾ..” – ਫ਼ਿਰਾਕ ਗੋਰਖਪੁਰੀ

ਇੱਕ ਵਾਰ ਫ਼ਿਰਾਕ ਗੋਰਖਪੁਰੀ ਸਾਹਿਬ ਸਾਹਿਰ ਲੁਧਿਆਣਵੀ ਦੇ ਘਰ ਠਹਿਰੇ ਹੋਏ ਸਨ। ਇੱਕ ਦਿਨ ਗੱਲਾਂ ਹੋ ਰਹੀਆਂ ਸਨ ਕਿ ਕਿਤਾਬਾਂ ਦੀ ਰਾਇਲਟੀ ਨਹੀਂ ਮਿਲ਼ਦੀ।

ਇਤਫ਼ਾਕ ਸੀ ਕਿ ਉਸੇ ਵੇਲ਼ੇ ਸਾਹਿਰ ਨੂੰ ਇੱਕ ਪ੍ਰਕਾਸ਼ਕ ਵੱਲੋਂ ਰਾਇਲਟੀ ਦੇ ਹਿਸਾਬ ਨਾਲ਼ ਮਨੀਆਰਡਰ ਆ ਗਿਆ।

.......

ਸਾਹਿਰ ਨੇ ਹੱਸ ਕੇ ਆਖਿਆ, ਦੇਖੋ ਫ਼ਿਰਾਕ! ਹਮੇਂ ਤੋ ਰਾਇਲਟੀ ਮਿਲਤੀ ਹੈ।

........


ਫ਼ਿਰਾਕ ਸਾਹਿਬ ਨੇ ਇੱਕ ਸਿਗਰੇਟ ਸੁਲਗਾਇਆ ਤੇ ਇੱਕ ਲੰਬਾ ਕਸ਼ ਲੈ ਕੇ ਬੋਲੇ, ਹਾਂ ਬੇਟਾ! ਇਤਨੀ ਹਲਕੀ ਸ਼ਾਇਰੀ ਕਰੋਗੇ ਤੋ ਯਹੀ ਹੋਗਾ।