ਸੁਰਗਵਾਸੀ ਐਕਟਰ ਤੇ ਲੇਖਕ ਬਲਰਾਜ ਸਾਹਨੀ ਨਾਵਲਿਸਟ ਜਸਵੰਤ ਸਿੰਘ ਕੰਵਲ ਦੇ ਪਿੰਡ ਢੁੱਡੀਕੇ ਆਇਆ ਤੇ ਮੈਂ ਵੀ ਫਿਰੋਜ਼ਪੁਰੋਂ ਉਹਨੂੰ ਮਿਲਣ ਚਲਾ ਗਿਆ।
ਕੰਵਲ ਕਹਿਣ ਲੱਗਾ, “ਬਲਰਾਜ ਸਾਹਨੀ ਡੰਗਰ ਚਾਰਨ ਖੇਤਾਂ ਨੂੰ ਗਿਆ ਹੋਇਆ, ਬੱਸ ਆਉਂਣ ਈ ਵਾਲਾ। ਜੇ ਬਹੁਤਾ ਕਾਹਲਾ ਏਂ ਤਾਂ ਚੜ੍ਹਦੇ ਵਾਲੇ ਪਾਸੇ ਚਲਾ ਜਾ, ਸਿਆਣ ਲਏਂ ਤਾਂ ਮੰਨ ਜਾਂ ‘ਗੇ।”
ਸ਼ਾਮ ਹੋ ਰਹੀ ਸੀ। ਪਹੇ ਦੀ ਧੂੜ ਵਿਚ ਵਾਗੀ ਮਾਲ ਡੰਗਰ ਲਈਂ ਘਰਾਂ ਨੂੰ ਪਰਤ ਰਹੇ ਸਨ। ਨਾਲ ਲੱਗਦੇ ਰੁੱਖਾਂ ਚੋਂ ਬਿੰਡਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਇਕ ਵੱਗ ਮਗਰ ਪਸ਼ੌਰੀ ਚੱਪਲਾਂ ਪਾਈਂ ਤੇ ਉੱਚੀ ਤਹਿਮਤ ਬੰਨ੍ਹੀਂ ਮੂੰਹ-ਸਿਰ ਲਪੇਟ ਹੱਥ ਵਿਚ ਸੋਟੀ ਫੜੀ ਬਲਰਾਜ ਸਾਹਨੀ ਟੁਰਿਆ ਆ ਰਿਹਾ ਸੀ। ਮੈਂ ਪਛਾਣ ਲਿਆ ਤਾਂ ਕਹਿਣ ਲੱਗਾ ਕਿ ਕਿਵੇਂ ਪਤਾ ਲੱਗਾ ਤੈਨੂੰ?
“....ਤੇਰੀਆਂ ਗੋਰੀਆਂ ਲੱਤਾਂ ਤੇ ਪਸ਼ੌਰੀ ਚੱਪਲਾਂ ਤੋਂ। ਰੋਜ਼ ਮਾਲ ਡੰਗਰ ਚਾਰਨ ਵਾਲੇ ਵਾਗੀਆਂ ਦੀਆਂ ਖੁੱਚਾਂ ਏਨੀਆਂ ਗੋਰੀਆਂ ਨਹੀਂ ਹੁੰਦੀਆਂ।”
ਕੰਵਲ ਦੇ ਘਰ ਆ ਕੇ ਮੈਂ ਆਪਣੀ ਉਹਨੀਂ ਦਿਨੀਂ ਛਪੀ ਕਹਾਣੀਆਂ ਦੀ ਦੂਸਰੀ ਕਿਤਾਬ ‘ਜੇ ਮੈਂ ਮਰ ਜਾਵਾਂ’ ਬਲਰਾਜ ਸਾਹਨੀ ਨੂੰ ਪੇਸ਼ ਕੀਤੀ ਤੇ ਫਿਰ ਪਹਿਲੇ ਤੋੜ ਦੀ ਕੰਗਣੀ ਪੈਂਦੀ ਦੇਸੀ ਦੇ ਦੋ ਦੋ ਹਾੜੇ ਲਾ ਕੇ ਜਦੋਂ ਕੰਵਲ ਤੇ ਸਾਹਨੀ ਮੈਨੂੰ ਬੱਸ ਚੜ੍ਹਾਉਂਣ ਅੱਡੇ ਤੇ ਆਏ ਤਾਂ ਬਲਰਾਜ ਸਾਹਨੀ ਨੂੰ ਵੇਖਣ ਵਾਲਿਆਂ ਦਾ ਇਕੱਠ ਬੱਝ ਗਿਆ।
ਕੰਵਲ ਆਪਣੇ ਜਟਕੇ ਅੰਦਾਜ਼ ਤੇ ਟਿੱਚਰੀ ਸੁਭਾਅ 'ਚ ਕਹਿਣ ਲੱਗਾ, "ਉਏ! ਕੀ ਵਿੰਹਦੇ ਓ, ਇਹ ਬਲਰਾਜ ਸਾਹਨੀ ਵੱਡਾ ਠੱਗ ਆ, ਮੈਂ ਤੇ ਮੋਮੀ ਛੋਟੇ ਠੱਗ ਆਂ। ਇਹ ਐਕਟਰ, ਲਿਖਾਰੀ, ਸ਼ਾਇਰ, ਕਵੀਸ਼ਰ ਤੇ ਗਾਉਂਣ ਵਜਾਉਂਣ ਵਾਲੇ ਸਭ ਠੱਗ ਹੀ ਹੁੰਦੇ ਨੇ।”1966 ਦੇ ਉਸ ਜ਼ਮਾਨੇ ਵਿਚ ਢੁੱਡੀਕੇ ਦੇ ਅਨਪੜ੍ਹ ਤੇ ਅਧਖੜ੍ਹ ਜੱਟਾਂ ਵਿਚੋਂ ਕੰਵਲ ਦੇ ਇਸ ਸੰਕੇਤ ਨੂੰ ਕਿਸੇ ਸਮਝਿਆ ਤੇ ਕਿਸੇ ਨਾ। 