1966 ਵਿਚ ਮੇਰੀਆਂ 18 ਕਹਾਣੀਆਂ ਦੀ ਕਿਤਾਬ ‘ਜੇ ਮੈਂ ਮਰ ਜਾਵਾਂ’ ਸ਼ਿਵ ਕੁਮਾਰ ਬਟਾਲਵੀ ਨੇ ਐਡਿਟ ਕੀਤੀ ਅਤੇ ਨਿਊ ਬੁੱਕ ਕੰਪਨੀ ਜਲੰਧਰ ਨੇ ਬੜੀ ਖ਼ੂਬਸੂਰਤ ਜਿਲਦ ਵਿਚ ਛਾਪੀ ਤੇ ਉਸ ਜ਼ਮਾਨੇ ਦੇ ਰੇਟਾਂ ਅਨੁਸਾਰ ਇਸ ਦੀ ਕੀਮਤ 6 ਰੁਪਏ ਰੱਖੀ ਸੀ। ਸ਼ਿਵ ਕੁਮਾਰ ਨੇ ਇਸ ਕਿਤਾਬ ਦਾ ਬਹੁਤ ਦਿਲਕਸ਼ ਸੰਪਾਦਕੀ ਨੋਟ ਕਵਿਤਾ ਵਰਗੀ ਵਾਰਤਕ ਵਿਚ ਲਿਖਿਆ ਸੀ। ਕਿਤਾਬ ਦੀ ਰਾਇਲਟੀ ਵਜੋਂ ਮੈਨੂੰ ਡੇਢ ਸੌ ਕਿਤਾਬ ਪ੍ਰਕਾਸ਼ਕ ਕੋਲੋਂ ਮਿਲੀ। ਮੈਂ ਕੁਝ ਕਿਤਾਬਾਂ ਸਕੂਲਾਂ ਵਿਚ ਦੇ ਦਿੱਤੀਆਂ ਤੇ ਬਾਕੀ ਦੀਆਂ ਦੋਸਤਾਂ, ਸਾਹਿਤਕਾਰਾਂ, ਆਲੋਚਕਾਂ ਆਦਿ ਨੂੰ ਵੰਡ ਦਿਤੀਆਂ। ਸੰਨ 1975 ਵਿਚ ਜਾ ਕੇ ਮੈਨੂੰ ਇਕ ਕਾਪੀ ਦੀ ਲੋੜ ਪਈ ਕਿਓਂਕਿ ਮੇਰੇ ਕੋਲ਼ ਇਸ ਕਿਤਾਬ ਦੀ ਕੋਈ ਕਾਪੀ ਨਹੀਂ ਬਚੀ ਸੀ। ਮੈਂ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਦੇ ਇਕ ਕਬਾੜੀਏ ਕੋਲ ਗਿਆ ਤੇ ਕਿਤਾਬ ਦੀ ਮੰਗ ਕੀਤੀ। ਓਸ ਨੇ ਝੱਟ ਕਬਾੜਖ਼ਾਨੇ ਵਿਚੋਂ ਕਿਤਾਬ ਲੱਭ ਲਿਆਂਦੀ ਤੇ ਕਹਿਣ ਲੱਗਾ ਨੌਂ ਰੁਪੈ ਦਿਓ। ਮੈਂ ਕਿਹਾ ਕਿ ਕਿਤਾਬ ਦੀ ਕੀਮਤ ਛੇ ਰੁਪੈ ਹੈ ਅਤੇ ਤੁਸੀਂ ਨੌਂ ਰੁਪੈ ਕਿਓਂ ਮੰਗ ਰਹੇ ਹੋ।
ਕਬਾੜੀਆ ਹੱਸ ਕੇ ਕਹਿਣ ਲੱਗਾ, “ਕਿਉਂਕਿ ਤੁਸੀਂ ਇਸ ਕਿਤਾਬ ਦੇ ਲੇਖਕ ਹੋ।”
ਮੈਂ ਪੁੱਛਿਆ ਤੁਹਾਨੂੰ ਕਿਵੇਂ ਪਤਾ ਕਿ ਮੈਂ ਇਸ ਕਿਤਾਬ ਦਾ ਲੇਖਕ ਹਾਂ। ਓਸ ਜਵਾਬ ਦਿੱਤਾ ਕਿ ਸਾਡੀ ਦੁਕਾਨ ਤੇ ਰੋਜ਼ ਲੇਖਕ ਹੀ ਆਪਣੀਆਂ ਪੁਰਾਣੀਆਂ ਛਪੀਆਂ ਕਿਤਾਬਾਂ ਦੀ ਕਾਪੀ ਖਰੀਦਣ ਆਉਂਦੇ ਹਨ।





2 comments:
lol very nice.
VAh bhai vah... kya baat.
Greetings from canada
Post a Comment