Wednesday, May 20, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਪ੍ਰੀਤਮ – ਸ਼ੱਮਾਅ ਇੱਕ ਤੇ ਪਰਵਾਨੇ......??

ਬਿਸ਼ਨ ਸਿੰਘ ਉਪਾਸ਼ਕ ਨਾਲ ਮੇਰੀ ਪਹਿਲੀ ਮੁਲਾਕਾਤ 1956 ਵਿਚ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਇਕ ਮੀਟਿੰਗ ਵਿਚ ਹੋਈਇਹ ਮੀਟਿੰਗਾਂ ਆਮ ਤੌਰ ਤੇ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਦੇ ਬਲਾਕ ਵਿਚ ਰਹਿੰਦੇ ਪਿਆਰਾ ਸਿੰਘ ਐਮ. ਏ. ਜਾਂ ਵੇਦ ਪ੍ਰਕਾਸ਼ ਸ਼ਰਮਾ ਸ਼ਿਮਲਵੀ ਦੇ ਘਰ ਹੋਇਆ ਕਰਦੀਆਂ ਸਨਮੈਂ ਉਹਨੀਂ ਦਿਨੀਂ ਦਿੱਲੀ ਵਿਚ ਸੈਨਟਰੀ ਇਨਸਪੈਕਟਰ ਦਾ ਡਿਪਲੋਮਾ ਕਰ ਰਿਹਾ ਸਾਂ ਤੇ ਸ਼ੁਦਾਅ ਦੀ ਹੱਦ ਤੀਕ ਪੰਜਾਬੀ ਲਿਖਾਰੀਆਂ ਨੂੰ ਮਿਲਣ ਦਾ ਮੂਰਖ ਜਜ਼ਬਾ ਲੈ ਕੇ ਹਰ ਮੀਟਿੰਗ ਵਿਚ ਜਾਂਦਾ ਜਿਵੇਂ ਇਹ ਲੋਕ ਲਿਖਾਰੀ ਨਹੀਂ, ਸਗੋਂ ਕੋਈ ਰੱਬ ਹੋਣਜੋ ਲਿਖਾਰੀ ਇਹਨਾਂ ਮੀਟਿੰਗਾਂ ਵਿਚ ਨਹੀਂ ਆਂਦੇ ਸਨ, ਉਹਨਾਂ ਨੂੰ ਉਹਨਾਂ ਦੇ ਘਰਾਂ ਜਾਂ ਦਫਤਰਾਂ ਵਿਚ ਮਿਲਣ ਦੀ ਕੋਸ਼ਿਸ਼ ਕਰਦਾਇਕ ਮੁੰਡਾ ਖੁੰਡਾ ਸਮਝ ਅਤੇ ਕਈ ਕਿਤਾਬ ਨਾ ਛਪੀ ਹੋਣ ਕਾਰਨ ਇਹ ਮੈਨੂੰ ਘੱਟ ਹੀ ਜਾਣਦੇ ਸਨਓਸ ਵੇਲੇ ਤਕ ਸਿਰਫ਼ ਮੇਰੀਆਂ ਕੁਝ ਕਹਾਣੀਆਂ ਈ ਕੁਝ ਰਸਾਲਿਆਂ ਵਿਚ ਛਪੀਆਂ ਸਨ ਤੇ ਦਿੱਲੀ ਦੇ ਸਥਾਪਤ ਲੇਖਕਾਂ ਨੂੰ ਪ੍ਰਭਾਵਤ ਕਰਨ ਲਈ ਇਹ ਕੁਝ ਵੀ ਨਹੀਂ ਸਨਫਿਰ ਵੀ ਆਪਣੇ ਜਜ਼ਬੇ ਦੀ ਹਉਮੇ ਨੂੰ ਪੱਠੇ ਪੌਣ ਲਈ ਮੈਂ ਤਦ ਤੱਕ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਮਹਿੰਦਰ ਸਿੰਘ ਸਰਨਾ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖਸ਼ੀ, ਠਾਕਰ ਪੰਛੀ, ਸਲਾਮ ਮਛਲੀ ਸ਼ਹਿਰੀ, ਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਦਾਤਾ ਆਦਿ ਨੂੰ ਮਿਲ ਚੁੱਕਾ ਸਾਂਇਹਨਾਂ ਵੱਡੇ ਨਾਵਾਂ ਵਾਲੇ ਲੇਖਕਾਂ ਚੋਂ ਕਈ ਸਭਾ ਦੀ ਮੀਟਿੰਗ ਵਿਚ ਕਦੇ ਵੀ ਨਹੀਂ ਆਉਂਦੇ ਸਨ

----

ਇਕ ਮੀਟਿੰਗ ਵਿਚ ਬਿਸ਼ਨ ਸਿੰਘ ਉਪਾਸ਼ਕ ਨਾਲ ਮੁਲਾਕਾਤ ਹੋਈਆਸ਼ਕ ਮਜਾਜ਼, ਛੜਾ ਛਾਂਟ, ਛੀਂਟ ਦੀ ਪੱਗ, ਮਧਰਾ ਪਰ ਗੱਠਿਆ ਸਰੀਰ, ਸਟੇਜੀ ਕਵਿਤਾ ਦਾ ਮਾਹਰ ਤੇ ਦਿੱਲੀ ਦੀਆਂ ਗਲੀਆਂ ਚੋਂ ਦੇਸੀ ਘਰ ਦੀ ਕੱਢੀ ਸ਼ਰਾਬ ਤੇ ਅੰਡਿਆਂ ਦਾ ਜਾਣਕਾਰ ਮੈਨੂੰ ਪਹਾੜ ਗੰਜ ਜਗਤ ਪ੍ਰੈੱਸ ਤੇ ਲੈ ਗਿਆ ਜਿਥੇ ਉਹ ਨੌਕਰੀ ਕਰਦਾ ਸੀਰਹਿੰਦਾ ਉਹ ਅਨੰਦ ਪਰਬਤ ਸੀ ਤੇ ਓਸ ਥਾਂ ਤੋਂ ਪਰ੍ਹਾਂ ਲਾਗੇ ਹੀ ਪਟੇਲ ਨਗਰ ਵਿਚ ਉਹਨੀਂ ਦਿਨੀਂ ਅੰਮ੍ਰਿਤਾ ਪ੍ਰੀਤਮ ਰਹਿੰਦੀ ਸੀਓਸ ਦਿਨ ਉਹਦੀ ਜੇਬ ਵਿਚ ਪੈਸੇ ਸਨਇਸ ਲਈ ਘਰ ਦੀ ਕੱਢੀ ਲੱਭਣ ਦੀ ਲੋੜ ਨਾ ਪਈਮੈਂ ਓਦੋਂ ਸ਼ਰਾਬ ਨਹੀਂ ਪੀਂਦਾ ਸਾਂ ਕਿਉਂਕਿ ਹਾਲੇ ਜ਼ਿੰਦਗੀ ਦੇ ਗ਼ਮ ਸ਼ੁਰੂ ਨਹੀਂ ਹੋਏ ਸਨ ਪਰ ਉਪਾਸ਼ਕ ਕਹਿਣ ਲਗਾ ਕਿ ਜੇ ਤੂੰ ਲੇਖਕ ਬਣਨਾ ਹੈ ਤਾਂ ਨੱਕ ਘੁੱਟ ਕੇ ਸਿੱਧੀ ਅੰਦਰ ਸੁੱਟ ਲਾ ਨਹੀਂ ਤਾਂ ਅਸੀਂ ਤੈਨੂੰ ਢਾਹ ਕੇ ਵੀ ਪਿਆ ਦਿਆਂਗੇਮੈਂ ਬਥੇਰਾ ਕਿਹਾ ਕਿ ਮੈਂ ਤਾਂ ਇਕ ਸਟੂਡੈਂਟ ਹਾਂ ਤੇ ਇਸ ਬਾਰੇ ਅਨਜਾਣ ਹਾਂ ਪਰ ਉਹ ਨਾ ਮੰਨਿਆ

----

ਜਦੋਂ ਅਰਧ ਸ਼ਰਾਬੀ ਹੋ ਗਏ ਤਾਂ ਓਸ ਜੇਬ ਵਿਚੋਂ ਇਕ ਚਿੱਠੀ ਕੱਢੀ, ਲਿਫਾਫੇ ਵਿਚ ਬੰਦ ਕੀਤੀ ਤੇ ਉਹ ਲਿਫਾਫਾ ਮੇਰੇ ਅੱਗੇ ਰੱਖ ਦਿਤਾ ਤੇ ਕਹਿਣ ਲੱਗਾ ਕਿ ਇਸ ਉਤੇ ਖ਼ੂਬਸੂਰਤ ਅੰਗਰੇਜ਼ੀ ਅੱਖਰਾਂ ਵਿਚ ਅੰਮ੍ਰਿਤਾ ਪ੍ਰੀਤਮ ਦਾ ਨਾਂ ਪਤਾ ਲਿਖ ਦੇਮੈਂ ਲਿਖ ਦਿੱਤਾ ਤਾਂ ਓਹ ਕਿੰਨਾ ਚਿਰ ਘੂਰ ਕੇ ਲਿਫਾਫੇ ਵੱਲ ਵਿੰਹਦਾ ਰਿਹਾ ਤੇ ਫਿਰ ਪੈਰ ਚੋਂ ਜੁੱਤੀ ਲਾਹ ਕੇ ਸੱਤ ਵਾਰ ਲਿਫਾਫੇ ਉਤੇ ਮਾਰ ਕੇ ਲਿਫਾਫਾ ਪਾੜ ਕੇ ਟੁਕੜੇ ਟੁਕੜੇ ਕਰ ਦਿਤਾ ਤੇ ਮੈਨੂੰ ਕਹਿਣ ਲੱਗਾ ਜਾ ਭੱਜ ਜਾ.... ਕੱਲ੍ਹ ਨੂੰ ਮਿਲਾਂਗੇ

----

ਕੁਝ ਸਾਲਾਂ ਬਾਅਦ ਉਪਾਸ਼ਕ ਦੀ ਦਿੱਲੀ ਦੀਆਂ ਸੜਕਾਂ ਉਤੇ ਸਾਈਕਲ ਚਲਾਉਂਦਿਆਂ ਐਕਸੀਡੈਂਟ ਵਿਚ ਮੌਤ ਹੋਣ ਤੋਂ ਬਾਅਦ ਉਸਦੀ ਸ਼ਨਾਖ਼ਤ ਲਈ ਜਦ ਪੁਲਸ ਨੇ ਉਹਦਾ ਬਟੂਆ ਖੋਲ੍ਹਿਆ ਤਾਂ ਉਸ ਵਿਚ ਅੰਮ੍ਰਿਤਾ ਪ੍ਰੀਤਮ ਦਾ ਪਤਾ ਤੇ ਫੋਨ ਨੰਬਰ ਸੀਪੁਲਸ ਵੱਲੋਂ ਅੰਮ੍ਰਿਤਾ ਨੂੰ ਫੋਨ ਤੇ ਉਪਾਸ਼ਕ ਬਾਰੇ ਪੁੱਛਿਆ ਤਾਂ ਉਸ ਕਿਹਾ ਕਿ ਮੈਂ ਤਾਂ ਇਸ ਸ਼ਖ਼ਸ ਨੂੰ ਜਾਣਦੀ ਤੱਕ ਨਹੀਂ



1 comment:

Unknown said...

ਮੈਨੂੰ ਲੱਗਦਾ ਕਿ ਅੰਮ੍ਰਿਤਾ ਪ੍ਰੀਤਮ ਜੀ ਨੇ ਬਿਸ਼ਨ ਸਿੰਘ ਉਪਾਸ਼ਕ ਜੀ ਦੀ ਕਵਿਤਾ ਨਾਗਮਣੀ 'ਚ ਨਹੀਂ ਲਾਈ ਹੋਣੀ। ਵਿਚਾਰੇ ਨੇ ਆਪਣਾ ਗੁੱਭ-ਗੁਭਾਟ ਕੱਢ ਲਿਆ।

ਨਰਿੰਦਰਪਾਲ ਸਿੰਘ
ਯੂ.ਐੱਸ.ਏ.