Wednesday, October 21, 2009

ਹਰਿਭਜਨ ਸਿੱਧੂ ਮਾਨਸਾ – ਸ਼ਾਇਰੀ ਦਾ ਵਰ ਕਿ ਸਰਾਪ? – ਮਜਾਜ਼ ਲਖਨਵੀ

ਉਰਦੂ ਦੇ ਮਹਾਨ ਸ਼ਾਇਰ ਮਜਾਜ਼ ਸਾਹਿਬ ਆਪਣੇ ਘਰ ਦੇ ਬੂਹੇ ਤੇ ਕੁਰਸੀ ਡਾਹੀ ਬੈਠੇ ਸਨ ਕਿ ਇੱਕ ਮੰਗਤੇ ਨੇ ਆ ਅਲਖ ਜਗਾਈ।

ਮੇਰੇ ਹਜ਼ੂਰ! ਕੁਝ ਦੇ ਦਿਓ! ਮੰਗਤਾ ਵਾਹਵਾ ਦੇਰ ਮਿੰਨਤਾਂ ਕਰਦਾ ਰਿਹਾ ।

...........

ਮਜਾਜ਼ ਸਾਹਿਬ ਆਪਣੇ ਰੰਗ ਵਿਚ ਭੰਗ ਪੈਂਦਾ ਵੇਖ ਕੇ ਉਹਨੂੰ ਆਖਣ ਲੱਗੇ, ਹੁਣ ਜਾਹ ਯਾਰ ਪਰ੍ਹਾਂ, ਕਿਉਂ ਤੰਗ ਕਰੀ ਜਾਨੈਂ, ਹੈ ਨੀ ਮੇਰੇ ਕੋਲ਼ ਕੁਝ ਤੈਨੂੰ ਦੇਣ ਲਈ। ਜਾਹ! ਖ਼ੁਦਾ ਦਾ ਵਾਸਤਾ!

ਪਰ ਮੰਗਤਾ ਉੱਥੇ ਹੀ ਪੈਰ ਗੱਡ ਕੇ ਖਲੋਤਾ ਸੀ, ਉਸਨੇ ਹੋਰ ਵੀ ਜ਼ਿਆਦਾ ਲੇਲੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

..............

ਮਜਾਜ਼ ਸਾਹਿਬ ਤੰਗ ਆਕੇ ਦੋ-ਚਾਰ ਗਾਲ੍ਹਾਂ ਕੱਢਣ ਪਿੱਛੋਂ ਆਖਣ ਲੱਗੇ, ਜਾਹ! ਤੁਰਦਾ ਬਣ, ਨਹੀਂ ਤਾਂ ਅਜਿਹਾ ਸਰਾਪ ਦਿਆਂਗਾ ਕਿ ਉਮਰ ਭਰ ਪਛਤਾਵੇਂਗਾ।

................

ਜੀ ਠੀਕ ਏ, ਸਰਾਪ ਈ ਦੇ ਦਿਓ, ਕੁਝ ਤਾਂ ਦੇ ਹੀ ਦਿਓ, ਮੰਗਤਾ ਢੀਠ ਹੋ ਕੇ ਬੋਲਿਆ।

..........

ਏਨਾ ਸੁਣ ਕੇ ਮਜਾਜ਼ ਸਾਹਿਬ ਨੇ ਦੋਵੇਂ ਹੱਥ ਅਕਾਸ਼ ਵੱਲ ਉਠਾ ਕੇ ਦੁਆ ਕੀਤੀ, ਯਾ ਮੇਰੇ ਮਾਲਿਕ! ਇਹਨੂੰ ਵੀ ਸ਼ਾਇਰ ਬਣਾ ਦੇ...!




1 comment: