Wednesday, July 1, 2009

ਬਲਵੰਤ ਗਾਰਗੀ –ਅੰਮ੍ਰਿਤਾ ਤੇਰੀਆਂ ਨਜ਼ਮਾਂ ਕੱਚੀਆਂ ਪਿੱਲੀਆਂ ਨੇ....ਤੇ ਵਜ਼ਨ ਡੋਲਦੈ..

ਜਦੋਂ ਅੰਮ੍ਰਿਤਾ ਪ੍ਰੀਤਮ ਮੈਨੂੰ ਪਹਿਲੀ ਵਾਰ ਮਿਲ਼ੀ ਤਾਂ ਇੰਝ ਜਾਪਿਆ, ਜਿਵੇਂ ਉਸਨੂੰ ਲੋਕਾਂ ਨੇ ਸੋਹਣੀ ਸੋਹਣੀ ਆਖ ਚੰਭਲਾ ਰੱਖਿਆ ਹੋਵੇ!
ਸ਼ਾਮ ਨੂੰ ਉਸਨੇ ਕਵੀ ਦਰਬਾਰ ਚ ਬੰਗਾਲ ਦੇ ਮਹਾਂਕਾਲ਼ ਤੇ ਕਵਿਤਾ ਪੜ੍ਹੀ ਤਾਂ ਮੈਂ ਆਖਿਆ, ਬੜੀ ਬਨਾਵਟ ਹੈ। ਇਸ ਕਵਿਤਾ ਵਿਚ। ਮੈਨੂੰ ਤਾਂ ਉੱਕਾ ਹੀ ਚੰਗੀ ਨਹੀਂ ਲੱਗੀ।
ਦੂਜੇ ਦਿਨ ਉਹਨੇ ਆਪਣੀ ਕਿਤਾਬ ਬੱਦਲਾਂ ਦੇ ਪੱਲੇ ਵਿਚ ਮੈਨੂੰ ਵਿਖਾਈ।

ਮੈਂ ਸਫ਼ੇ ਪਰਤਦਿਆਂ ਆਖਿਆ, ਕਿੰਨਾ ਕੁਝ ਫਾਲਤੂ!


ਉਸਦੇ ਮੱਥੇ ਉੱਤੇ ਤਿਓੜੀ ਖਿੱਚੀ ਗਈ ਅਤੇ ਕੱਜਲ ਦੇ ਡੋਰੇ ਹੋਰ ਵੀ ਡੂੰਘੇ ਹੋ ਗਏ।


ਮੈਂ ਆਖਿਆ, ਜਿਲਦ ਸੋਹਣੀ ਐ, ਕਾਗਜ਼ ਵਧੀਆ ਐ, ਪਰ ਕਵਿਤਾਵਾਂ ਬਹੁਤ ਸਾਰੀਆਂ ਦਾ ਵਜ਼ਨ ਡੋਲਦਾ ਐ!


ਪਰ ਮੈਂ ਤਾਂ ਵਜ਼ਨ ਤੋਂ ਬਗੈਰ ਹੀ ਲਿਖੀਆਂ ਨੇ।


ਤੁਹਾਡੀਆਂ ਕਵਿਤਾਵਾਂ ਦਾ ਵਜ਼ਨ ਗ਼ਲਤ ਐ, ਮੈਂ ਬਹੁਤ ਰੁੱਖੇ ਜਿਹੇ ਲਹਿਜ਼ੇ ਚ ਆਖਿਆ।


ਕੀ ਤੁਸੀਂ ਕਵਿਤਾ ਲਿਖਦੇ ਓ? ਉਸ ਮਹਿਣਾ ਮਾਰਿਆ।


ਨਹੀਂ, ਪਰ ਪਰਖਦਾ ਹਾਂ।


ਪ੍ਰੀਤਲੜੀ ਵਿਚ ਤਾਂ ਕਦੇ ਕਿਸੇ ਨੇ ਇਨ੍ਹਾਂ ਦੇ ਵਜ਼ਨ ਚ ਗ਼ਲਤੀ ਨਹੀਂ ਕੱਢੀ।


ਮੈਂ ਉੱਤਰ ਦਿੱਤਾ, ਪ੍ਰੀਤਲੜੀ ਦੇ ਕਰਤਿਆਂ ਧਰਤਿਆਂ ਨੂੰ ਕਵਿਤਾ ਦੇ ਮੀਟਰ ਦੀ ਘਟ ਹੀ ਸਮਝ ਐ। ਜਿਸ ਕਵਿਤਾ ਦਾ ਵਜ਼ਨ ਗ਼ਲਤ ਹੈ, ਉਹ ਉਸ ਘੜੀ ਵਾਂਗ ਹੈ ਜੋ ਗ਼ਲਤ ਵਕ਼ਤ ਦੱਸਦੀ ਹੋਵੇ। ਘੜੀ ਹੈ, ਸੂਈਆਂ ਹਨ, ਚਾਬੀ ਹੈ, ਇਹ ਟਿਕ-ਟਿਕ ਵੀ ਕਰਦੀ ਹੈ, ਪਰ ਜਦੋਂ ਵਕ਼ਤ ਈ ਗ਼ਲਤ ਦੱਸੇ ਤਾਂ ਅਜਿਹੀ ਘੜੀ ਦਾ ਕੀ ਫ਼ਾਇਦਾ?


ਮੈਂ ਆਪਣੀ ਕਵਿਤਾ ਨੂੰ ਰਵਾਇਤੀ ਵਜ਼ਨਾਂ ਤੇ ਛੰਦਾਂ ਉੱਤੇ ਨਹੀਂ ਢਾਲ਼ਦੀ। ਮੈਂ ਨਵੀਆਂ ਬਹਿਰਾਂ ਚ ਤਜਰਬੇ ਕਰ ਰਹੀ ਹਾਂ।


ਪਹਿਲਾਂ ਤੁਸੀਂ ਪੁਰਾਣੇ ਬਹਿਰਾਂ ਤੇ ਛੰਦਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੋ। ਜੋ ਪੁਰਾਣੇ ਛੰਦਾਂ ਉੱਤੇ ਪੂਰੀ ਤਰ੍ਹਾਂ ਹਾਵੀ ਨਹੀਂ, ਉਹ ਨਵੇਂ ਤਜਰਬੇ ਵੀ ਨਹੀਂ ਕਰ ਸਕਦਾ।


ਕਿਉਂ? ਮੇਰੀ ਕਵਿਤਾ ਨਵੇਂ ਖ਼ਿਆਲਾਂ ਨੂੰ, ਨਵੇਂ ਵਲਵਲਿਆਂ ਨੂੰ ਪ੍ਰਗਟਾਉਂਦੀ ਐ, ਇਸ ਲਈ ਇਹਨਾਂ ਦੀ ਚਾਲ ਤੇ ਨੁਹਾਰ ਨਵੇਕਲ਼ੀ ਹੋਵੇਗੀ।


ਤੁਸੀਂ ਅੱਡਰਾ ਵਜ਼ਨ ਚੁਣਦੇ ਓ, ਪਰ ਨਿਰਾ ਅੱਡਰਾ ਵਜ਼ਨ ਚੁਣਨ ਨਾਲ਼ ਕਵਿਤਾ ਵਿਚ ਉਹ ਗੱਲ ਨਹੀਂ ਆ ਸਕਦੀ, ਜਿਹੜੀ ਤੁਸੀਂ ਸੋਚਦੇ ਓ। ਤੁਹਾਡੇ ਮੀਟਰ ਵਿਚ ਕੱਚਾਪਨ ਹੈ ਕਿਵੇਂ ਕੱਚੇ-ਪਿੱਲੇ ਭਾਂਡੇ ਵਿਚ ਹੁੰਦਾ ਹੈ। ਰਤਾ ਕੁ ਟੁਣਕਾ ਕੇ ਵੇਖੋ ਤਾਂ ਇਹ ਖੜਕਦਾ ਨਹੀਂ। ਜੇ ਮੈਂ ਘੁਮਿਆਰਨ ਦੀ ਤੁਲਨਾ ਜਾਰੀ ਰੱਖਾਂ ਤਾਂ ਇਸ ਤਰ੍ਹਾਂ ਆਖਾਂਗਾ ਕਿ ਤੁਸੀਂ ਚੱਕ ਤੇ ਬੈਠ ਕੇ ਸੰਜਮ ਨਹੀਂ ਕੀਤਾ। ਏਸੇ ਕਰਕੇ ਤੁਹਾਡੀਆਂ ਝੱਜਰੀਆਂ ਸੁਰਾਹੀਆਂ ਦੇ ਕੰਢੇ ਟੇਢੇ ਮੇਢੇ ਹਨ। ਇਨ੍ਹਾਂ ਵਿਚ ਇੱਕ ਨਿਪੁੰਨ ਘੁਮਿਆਰਨ ਦੀਆਂ ਉਂਗਲਾਂ ਦੀ ਛੋਹ ਨਹੀਂ। ਤੁਹਾਡੀ ਕਵਿਤਾ ਦੇ ਸ਼ਬਦ ਇਕ ਦੂਜੇ ਨਾਲ਼ ਖਹਿ ਕੇ ਭਖਦੇ ਨਹੀਂ, ਉਨ੍ਹਾਂ ਵਿਚੋਂ ਚੰਗਿਆੜੇ ਨਹੀਂ ਨਿਕਲ਼ਦੇ।


ਉਸ ਗ਼ਰੂਰ ਨਾਲ਼ ਪੱਲੇ ਵਿਚੋਂ ਝਾਕ ਕੇ ਆਖਿਆ, ਚੰਗਿਆੜੇ ਤਾਂ ਨਿਕਲ਼ਦੇ ਹਨ, ਪਰ ਮਹਿਸੂਸ ਕਰਨ ਦੀ ਗੱਲ ਹੈ।


ਮੈਂ ਵਿਅੰਗ ਨਾਲ਼ ਆਖਿਆ, ਹਾਂ ਮਹਿਸੂਸ ਕਰਨ ਦੀ।


ਉਸ ਫਿਰ ਸਿਰ ਚੁੱਕਿਆ, ਤੁਸੀਂ ਕਵਿਤਾ ਨਾ ਲਿਖਣਾ ਕਦੀ, ਨਹੀਂ ਤਾਂ ਤੁਹਾਡੀ ਕਵਿਤਾ ਦੇ ਚੰਗਿਆੜੇ ਲੋਕਾਂ ਨੂੰ ਸਾੜ ਦੇਣਗੇ।



No comments: