Tuesday, June 23, 2009

ਤਨਦੀਪ ਤਮੰਨਾ - ਪੰਜਾਬੀ ਲੇਖਕ ਦੀ ਰਾਜਸੀ ਠਾਠ-ਬਾਠ ਦਾ ਰਾਜ਼

ਕਿਸੇ ਨੂੰ ਹਸਾਉਂਣਾ, ਹਲਕੇ-ਫੁਲਕੇ ਵਿਅੰਗ ਨਾਲ਼ ਤਰੋ-ਤਾਜ਼ਾ ਕਰ ਦੇਣਾ ਵੀ ਇੱਕ ਕਲਾ ਹੈ। ਪੰਜਾਬੀ ਸੱਥ ਵਾਲ਼ੇ ਮੋਤਾ ਸਿੰਘ ਸਰਾਏ ਸਾਹਿਬ ਇਸ ਕਲਾ ਚ ਨਿਪੁੰਨ ਹਨ। ਬਰਮਿੰਘਮ, ਯੂ.ਕੇ.ਵਸਦੇ ਮੇਰੇ ਇੱਕ ਹੋਰ ਅਜ਼ੀਜ਼ ਦੋਸਤ ਰਾਜ ਨੂੰ ਵੀ ਉਦਾਸੇ ਚਿਹਰਿਆਂ ਤੇ ਮੁਸਕਰਾਹਟ ਲਿਆਉਂਣ ਦਾ ਵੱਲ ਬਾਖ਼ੂਬੀ ਆਉਂਦਾ ਹੈ। ਉਸਨੇ ਪੰਜਾਬੀ ਲੇਖਕ ਦੀ ਇੰਟਰਵਿਊ ਤੇ ਇੱਕ ਲਤੀਫ਼ਾ ਭੇਜਿਆ ਹੈ, ਜਿਸਨੂੰ ਪੜ੍ਹ ਕੇ ਤੁਹਾਡੇ ਚਿਹਰੇ ਤੇ ਵੀ ਮੁਸਕਰਾਹਟ ਆ ਜਾਵੇਗੀ, ਮੇਰਾ ਦਾਅਵਾ ਹੈ।

.....

ਇੱਕ ਵਾਰ ਇੱਕ ਪੰਜਾਬੀ ਲੇਖਕ ਨੂੰ ਇੰਟਰਵਿਊ ਲਈ ਟੀ.ਵੀ. ਸਟੇਸ਼ਨ ਸੱਦਿਆ ਗਿਆ। ਇੰਟਰਵਿਊ ਲੈਣ ਵਾਲ਼ੀ ਬੀਬੀ ਨੇ ਸਵਾਲ ਕੀਤਾ... ਸਰ, ਸਾਹਿਤਕ ਪੱਖ ਨੂੰ ਪਾਸੇ ਰੱਖੀਏ ਤੇ ਹੁਣ ਦੱਸੋ ਕਿ ਕਿਹੋ ਜਿਹੀ ਗੁਜ਼ਰੀ ਤੁਹਾਡੀ ਆਮ ਜ਼ਿੰਦਗੀ?

.....

ਲੇਖਕ ਨੇ ਜਵਾਬ ਦਿੱਤਾ, ਬੀਬਾ ਜੀ! ਬਹੁਤ ਵਧੀਆ ਗੁਜ਼ਰੀ ਹੈ। ਸਾਰੀ ਉਮਰ ਕੁੱਕੜ ਨਾਲ਼ ਰੋਟੀ ਖਾਧੀ।

.....

ਇੰਟਰਵਿਊ ਲੈਣ ਵਾਲ਼ੀ ਬੀਬੀ ਪਰੇਸ਼ਾਨ ਹੋ ਗਈ, ਆਖਣ ਲੱਗੀ, ਸਰ, ਮੈਂ ਤਾਂ ਸੁਣਿਆ ਤੇ ਦੇਖਿਆ ਹੈ ਕਿ ਪੰਜਾਬੀ ਦੇ ਲੇਖਕਾਂ ਕੋਲ਼ ਰੋਟੀ ਖਾਣ ਲਈ ਪੈਸੇ ਵੀ ਨਹੀਂ ਹੁੰਦੇ, ਏਥੋਂ ਤੱਕ ਕਿ ਗਾਰਗੀ ਵਰਗਾ ਲੇਖਕ ਵੀ ਦੋਸਤਾਂ ਤੋਂ ਪੈਸੇ ਮੰਗ ਕੇ ਗੁਜ਼ਾਰਾ ਕਰਦਾ ਰਿਹਾ ਹੈ। ਨਾ ਪੰਜਾਬੀ ਲੋਕ ਕਿਤਾਬਾਂ ਖਰੀਦ ਕੇ ਪੜ੍ਹਦੇ ਨੇ ਤੇ ਨਾ ਹੀ ਪ੍ਰਕਾਸ਼ਕ ਲੇਖਕ ਨੂੰ ਲਿਖਤਾਂ ਬਦਲੇ ਕੁਝ ਦਿੰਦੇ ਨੇ, ਉਲਟਾ, ਉਹ ਕਿਤਾਬ ਛਪਵਾਉਂਣ ਦੇ ਪੈਸੇ ਵੀ ਲੇਖਕ ਕੋਲ਼ੋਂ ਲੈਂਦੇ ਨੇ। ਫੇਰ ਤੁਸੀਂ ਐਨੀ ਮਹਿੰਗਾਈ ਵਿੱਚ ਰਾਜਸੀ ਠਾਠ-ਬਾਠ ਨਾਲ਼ ਜ਼ਿੰਦਗੀ ਕਿਵੇਂ ਕੱਟੀ, ਜ਼ਰਾ ਇਸ ਤੇ ਚਾਨਣਾ ਪਾਓ?

.....

ਲੇਖਕ ਬੋਲਿਆ, ਬੀਬਾ ਜੀ! ਇੱਕ ਬੁਰਕੀ ਆਪ ਖਾਧੀ ਤੇ ਇੱਕ ਕੁੱਕੜ ਨੂੰ ਪਾਈ, ਏਸ ਤਰ੍ਹਾਂ ਸਾਰੀ ਉਮਰ ਕੁੱਕੜ ਨਾਲ਼ ਰੋਟੀ ਖਾਧੀ।





Saturday, June 20, 2009

ਬਲਵੰਤ ਗਾਰਗੀ – ਪ੍ਰਿੰ: ਸੰਤ ਸਿੰਘ ਸੇਖੋਂ ਦੇ ਵੀ ਬੜੇ ਸਾਲ ਮਾਰੇ ਗਏ ਹਨ

ਮੈਂ ਸੰਤ ਸਿੰਘ ਸੇਖੋਂ ਦੀ ਕੋਠੀ ਦੇ ਬਾਗ ਚ ਬੈਠਾ ਸਾਂ। ਅਸੀਂ ਦੋਵੇਂ ਕੁਰਸੀਆਂ ਡਾਹੀ ਨਾਸ਼ਤਾ ਕਰ ਰਹੇ ਸਾਂ। ਇਤਨੇ ਨੂੰ ਇੱਕ ਬੁੱਢਾ ਆਇਆ ਤੇ ਉਸਨੇ ਝੁਕ ਕੇ ਫਤਹਿ ਬੁਲਾਈ ਤੇ ਨੇੜੇ ਹੀ ਭੁੰਜੇ ਬਹਿ ਗਿਆ।

ਸੇਖੋਂ ਨੇ ਪੁੱਛਿਆ, "ਕੀ ਗੱਲ ਐ ਬਾਬਾ?

..........

ਬੁੱਢੇ ਨੇ ਮਿੰਨਤ ਨਾਲ਼ ਆਖਿਆ, ਮਹਾਰਾਜ, ਮੇਰਾ ਮੁੰਡਾ ਇਮਤਿਹਾਨ ਵਿਚ ਨਕਲ ਕਰਦਾ ਫੜਿਆ ਗਿਐ। ਉਸਦੀ ਰਿਪੋਰਟ ਹੋ ਗਈ। ਤੁਸੀਂ ਉਸਨੂੰ ਮਾਫ਼ੀ ਦੇ ਦਿਓ।

................

ਸੇਖੋਂ ਬੋਲਿਆ,: ਇਹ ਮੇਰੇ ਵੱਸ ਦੀ ਗੱਲ ਨਹੀਂ। ਇਹ ਮਾਮਲਾ ਯੂਨੀਵਰਸਿਟੀ ਦਾ ਹੈ। ਉਸਨੇ ਦੋਸ਼ ਕੀਤਾ ਹੈ, ਉਸਨੂੰ ਸਜ਼ਾ ਦੇਣਾ ਉਸ ਲਈ ਫਾਇਦੇਮੰਦ ਹੈ।

...............

ਬੁੱਢਾ: ਉਹ ਫੇਲ੍ਹ ਹੋ ਜਾਵੇਗਾ।

..............

ਸੇਖੋ: ਕੋਈ ਗੱਲ ਨਹੀਂ।

..............

ਬੁੱਢਾ: ਪਿੰਡ ਵਿਚ ਬੜੀ ਬੇਇੱਜ਼ਤੀ ਹੋਵੇਗੀ।

..............

ਸੇਖੋਂ: ਕੋਈ ਬੇਇੱਜ਼ਤੀ ਨਹੀਂ। ਮੇਰੀਆਂ ਧੀਆਂ ਦੋ ਦੋ ਵਾਰ ਫੇਲ੍ਹ ਹੋ ਚੁੱਕੀਆਂ ਹਨ। ਤੂੰ ਆਖ ਦੇਵੀਂ, ਪ੍ਰਿੰਸੀਪਲ ਦੀ ਧੀ ਵੀ ਫੇਲ੍ਹ ਹੋਈ ਹੈ। ਇਸ ਤਰ੍ਹਾਂ ਇੱਜ਼ਤ ਬਚ ਜਾਵੇਗੀ।

...............

ਬੁੱਢਾ: ਜੀ, ਉਸਦਾ ਸਾਲ ਮਾਰਿਆ ਜਾਵੇਗਾ।

..............

ਸੇਖੋਂ: ਕਿਹੜਾ ਉਸਦੀ ਅੱਖ ਜਾਂ ਲੱਤ ਮਾਰੀ ਜਾਵੇਗੀ। ਮੇਰੇ ਵੱਲ ਦੇਖ, ਮੇਰੇ ਕਈ ਸਾਲ ਮਾਰੇ ਗਏ ਹਨ।

ਸੇਖੋਂ ਦੀਆਂ ਗੱਲਾਂ ਸੁਣ ਕੇ ਬੁੱਢਾ ਧੀਰਜ ਨਾਲ਼ ਚਲਾ ਗਿਆ।



Thursday, June 11, 2009

ਹਰਿਭਜਨ ਸਿੱਧੂ ਮਾਨਸਾ – ਸਿਗਰੇਟ ਦੀ ਢੁਕਵੀਂ ਪਰਿਭਾਸ਼ਾ ਕਿ ਸਿਗਰੇਟਨੋਸ਼ੀ ਦੀ ਤਸਵੀਰ ??

ਅੰਗਰੇਜ਼ੀ ਦੀ ਪਲੇਠੀ ਡਿਕਸ਼ਨਰੀ ਬਣਾਉਂਣ ਵਾਲ਼ੇ ਡਾ: ਸੈਮੁਅਲ ਜੌਨਸਨ ਨੇ ਸ਼ਬਦਾਂ ਨੂੰ ਆਕਾਰ ਆਦਿ ਤਰਤੀਬ ਸਹਿਤ ਜੋੜਿਆ ਪ੍ਰੰਤੂ ਉਹਨਾਂ ਦੇ ਅਰਥਾਂ ਦੀ ਜਗ੍ਹਾ ਪਰਿਭਾਸ਼ਾਵਾਂ ਲਿਖ ਧਰੀਆਂ:---

ਉਹਨਾਂ ਅਜਿਹਾ ਕਰਨਾ ਸ਼ਾਇਦ ਇਸ ਲਈ ਜ਼ਰੂਰੀ ਸਮਝਿਆ ਕਿ ਸ਼ਬਦ ਦਾ ਅਰਥ ਸਹੀ ਤਰ੍ਹਾਂ ਸਮਝ ਚ ਬੈਠ ਸਕੇ। ਮਿਸਾਲ ਵਜੋਂ ਸਿਗਰੇਟ ਲਫ਼ਜ਼ ਦੀ ਉਹਨਾਂ ਪਰਿਭਾਸ਼ਾ ਇਉਂ ਲਿਖੀ:

ਸਿਗਰੇਟ ਕਾਗਜ਼ ਵਿਚ ਲਵ੍ਹੇਟਿਆ ਹੋਇਆ ਤੰਬਾਕੂ ਹੈ ਜਿਸਦੇ ਇੱਕ ਸਿਰੇ ਤੇ ਧੂੰਆਂ ਹੁੰਦਾ ਹੈ ਤੇ ਦੂਜੇ ਸਿਰੇ ਤੇ ਇੱਕ ਬੇਵਕੂਫ਼ ਚਿੰਬੜਿਆ ਹੁੰਦਾ ਹੈ

( 2009 ਚ ਪ੍ਰਕਾਸ਼ਿਤ ਕਿਤਾਬ: ਹਨੇਰੇ ਤੋਂ ਸਵੇਰੇ ਵੱਲ ਚੋਂ ਧੰਨਵਾਦ ਸਹਿਤ )











Tuesday, June 9, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਨਾਲ਼ ਪਹਿਲੀ ਮੁਲਾਕਾਤ - ਨ੍ਹਾਤੇ ਧੋਤੇ ਰਹਿ ਗਏ......

ਬਹੁਤ ਪੁਰਾਣੀ 1956 ਦੀ ਗੱਲ ਹੈ ਮੈਂ ਓਦੋਂ ਦਿੱਲੀ ਸੈਨੇਟਰੀ ਇਨਸਪੈਕਟਰ ਦਾ ਕੋਰਸ ਕਰ ਰਿਹਾ ਸਾਂ ਤੇ ਓਸ ਵੇਲੇ ਤੱਕ ਕੁਝ ਕਹਾਣੀਆਂ ਲਿਖ ਤੇ ਓਸ ਵੇਲੇ ਦੇ ਮਸ਼ਹੂਰ ਰਸਾਲਿਆਂ ਵਿਚ ਛਪਵਾ ਕੇ ਆਪਣੇ ਨਾਂ ਦੂਜਿਆਂ ਤੀਕ ਪੁਚਾਉਂਣ ਦਾ ਉਪਰਾਲਾ ਕਰ ਚੁੱਕਾ ਸਾਂਕਦੀ ਕਦੀ ਦਿੱਲੀ ਦੀ ਪੰਜਾਬੀ ਸਾਹਿਤ ਸਭਾ ਜੋ ਸੁਰਗਵਾਸੀ ਲੇਖਕ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਹੀ ਰਹਿੰਦੇ ਪਿਆਰਾ ਸਿੰਘ ਐਮ. ਏ. ਦੇ ਘਰ ਲੱਗਦੀ ਹੁੰਦੀ ਸੀ, ਵਿਚ ਜਾਇਆ ਕਰਦਾ ਸਾਂਲੇਖਕਾਂ ਨੂੰ ਮਿਲਣ ਦਾ ਮੇਰੇ ਅੰਦਰ ਸ਼ੁਦਾਅ ਦੀ ਹੱਦ ਤੀਕ ਸ਼ੌਂਕ ਸੀ ਜਿਵੇਂ ਇਹ ਕੋਈ ਬੰਦੇ ਨਾ ਹੋਣ, ਸਗੋਂ ਦੇਵਤੇ ਹੋਣਏਥੇ ਹੀ ਮੈਨੂੰ ਓਸ ਵੇਲੇ ਦੇ ਬਹੁਤ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਵੇਂ ਬਲਵੰਤ ਗਾਰਗੀ, ਕਰਤਾਰ ਸਿੰਘ ਦੁੱਗਲ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖ਼ਸ਼ੀ, ਵੇਦ ਪ੍ਰਕਾਸ. ਸ਼ਰਮਾ, ਬਿਸ਼ਨ ਸਿੰਘ ਉਪਾਸ਼ਕ, ਮਹਿੰਦਰ ਸਿੰਘ ਸਰਨਾ ਆਦਿਇਹਨਾਂ ਵਿਚੋਂ ਬਹੁਤ ਹੁਣ ਇਸ ਦੁਨੀਆ ਵਿਚ ਨਹੀਂ ਰਹੇ

---

ਅੰਮ੍ਰਿਤਾ ਪ੍ਰੀਤਮ ਜੋ ਉਹਨੀਂ ਦਿੱਲੀ ਰੇਡੀਓ ਸਟੇਸ਼ਨ ਤੋਂ ਪੰਜਾਬੀ ਪਰੋਗਰਾਮ ਪੇਸ਼ ਕਰਦੀ ਸੀ, ਕਦੀ ਸਭਾ ਦੀ ਮੀਟਿੰਗ ਵਿਚ ਨਹੀਂ ਆਉਂਦੀ ਸੀਬਾਕੀਆਂ ਦਾ ਵੀ ਬੜਾ ਨਾਂ ਸੀ ਤੇ ਇਹਨਾਂ ਵਿਚੋਂ ਬਹੁਤੇ ਸਰਕਾਰੀ ਨੌਕਰੀਆਂ ਵਿਚ ਸਨ ਤੇ ਇਹਨਾਂ ਨੂੰ ਰਹਿਣ ਲਈ ਸਰਕਾਰੀ ਘਰ ਮਿਲੇ ਹੋਏ ਸਨਸਟੂਡੈਂਟ ਹੋਣ ਕਰ ਕੇ ਮੈਂ ਇਹਨਾਂ ਵਿਚ ਆਪਣੇ ਆਪ ਨੂੰ ਬਹੁਤ ਗਰੀਬ ਜਿਹਾ ਹੀ ਸਮਝਦਾ ਸਾਂ ਪਰ ਇਕ ਗੱਲੋਂ ਮੇਰੀ ਵੀ ਝੰਡੀ ਸੀਰਾਸ਼ਟਰਪਤੀ ਭਵਨ ਅਤੇ ਤੀਨ ਮੂਰਤੀ ਜਿਥੇ ਪਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਰਹਿੰਦੇ ਸਨ, ਦੇ ਐਨ ਵਿਚਕਾਰ ਸਾਊਥ ਐਵੇਨਿਊ ਵਿਚ ਇਕ ਮੈਂਬਰ ਪਾਰਲੀਮੈਂਟ ਤੋਂ ਮੈਂ ਇਕ ਬੈਡ ਰੂਮ ਤੇ ਕਿਚਨ ਵਾਲਾ ਕੁਆਰਟਰ 10 ਰੁਪੈ ਮਹੀਨੇ ਤੇ ਲਿਆ ਹੋਇਆ ਸੀਪ੍ਰਸ਼ਾਸਨਕ ਮਹੱਤਤਾ ਪੱਖੋਂ ਸਾਰੇ ਹਿੰਦੋਸਤਾਨ ਵਿਚ ਇਹ ਬੜੀ ਅਹਿਮੀਅਤ ਵਾਲੀ ਸੁਰੱਖਿਅਤ ਥਾਂ ਸੀ ਜਿਥੇ ਭਾਰਤ ਦੇ ਮੈਂਬਰ ਪਾਰਲੀਮੈਂਟਸ ਦੇ ਬੰਗਲੇ ਸਨ

---

ਇਹਨਾਂ ਵਿਚੋਂ ਕਈ ਲੇਖਕ ਘਰ ਵਾਲੀਆਂ ਤੋਂ ਡਰਦੇ ਮੇਰੇ ਇਸ ਛੋਟੇ ਜਿਹੇ ਕੁਆਰਟਰ ਨੂੰ ਸ਼ਰਾਬ ਪੀਣ ਦੇ ਅਡੇ ਵਜੋਂ ਵਰਤਦੇ ਸਨ ਤੇ ਛੋਟਾ ਹੋਣ ਕਾਰਨ ਮੈਨੂੰ ਨੌਕਰ ਹੀ ਸਮਝਦੇ ਸਨ100 ਬੇਅਰਡ ਰੋਡ ਦੇ ਠੇਕੇ ਤੋਂ ਬੋਤਲ ਲੈਣ ਲਈ ਮੈਨੂੰ ਸਾਈਕਲ ਤੇ ਭਜਾਈ ਰੱਖਦੇਦੇਵਿੰਦਰ ਸਤਿਆਰਥੀ ਵੀ ਓਦੋਂ ਬੇਅਰਡ ਰੋਡ ਤੇ ਹੀ ਰਹਿੰਦਾ ਸੀ

---

ਮੈਂ ਇਕ ਦਿਨ ਉਪਾਸ਼ਕ ਨੂੰ ਕਿਹਾ ਕਿ ਅਗੋਂ ਤੋਂ ਮੈ ਬੋਤਲ ਲੈਣ ਤਾਂ ਜਾਵਾਂਗਾ ਜੇ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਦਰਸ਼ਨ ਕਰਾਓਗੇ

ਅੰਮ੍ਰਿਤਾ ਉਹਨੀਂ ਦਿਨੀਂ ਪਟੇਲ ਨਗਰ ਰਹਿੰਦੀ ਸੀਜਦੋਂ ਮੈਂ ਤੇ ਉਪਾਸ਼ਕ ਮਿਲਣ ਗਏ ਤਾਂ ਉਸ ਦਾ ਘਰ ਵਾਲਾ ਪ੍ਰੀਤਮ ਸਿੰਘ ਕਹਿਣ ਲੱਗਾ, "ਅਸਾਂ ਇਕ ਮਰਗ ਤੇ ਜਾਣਾ ਹੈ, ਅੰਮ੍ਰਿਤਾ ਜੀ ਤਿਆਰ ਹੋ ਰਹੇ ਹਨ, ਤੁਸੀ ਡਰਾਇੰਗ ਰੂਮ ਵਿਚ ਇੰਤਜ਼ਾਰ ਕਰੋ।" ਅਸੀਂ ਕਾਫੀ ਚਿਰ ਇੰਤਜ਼ਾਰ ਕਰਦੇ ਰਹੇ ਤੇ ਏਸ ਸਾਰੇ ਸਮੇਂ ਅੰਮ੍ਰਿਤਾ ਜੀ ਦੇ ਇਕ ਨਿੱਕੇ ਜਹੇ ਚਿਟੇ ਰੰਗ ਦੇ ਕੁਤੇ ਨੇ ਦਰਜਨਾਂ ਵਾਰ ਸਾਡਾ ਮੂੰਹ ਚੁੰਮਿਆ ਤੇ ਜਿੰਨਾ ਅਸੀਂ ਹਟਾਈਏ, ਉਹ ਓਨਾ ਹੀ ਵਧੀ ਜਾਵੇ

----

ਆਖ਼ਰ ਅੰਮ੍ਰਿਤਾ ਜੀ ਜਲਵਾਗਰ ਹੋਏਜਿਸ ਤਰ੍ਹਾਂ ਉਹਨਾਂ ਆਪਣੇ ਆਪ ਨੂੰ ਡਰੈਸ ਅਪ ਕੀਤਾ ਹੋਇਆ ਸੀ, ਓਸ ਤੋਂ ਦੋ ਗੱਲਾਂ ਦਾ ਪਤਾ ਲੱਗਦਾ ਸੀ ਕਿ ਇਕ ਤਾਂ ਅੰਮ੍ਰਿਤਾ ਜੀ ਕਿਸੇ ਵੀ ਫਿਲਮੀ ਐਕਟਰੈਸ ਜਿਵੇਂ ਨਰਗਸ, ਸੁਰੱਈਆ ਜਾਂ ਮਧੂ ਬਾਲਾ ਤੋਂ ਘੱਟ ਖ਼ੂਬਸੂਰਤ ਨਹੀਂ ਸਨਉਹਨਾਂ ਦੇ ਮਸਤ ਨੈਣਾਂ ਦੇ ਤੀਰਾਂ ਦੀ ਮਾਰ ਝੱਲਣੀ ਬੜੀ ਔਖੀ ਸੀਦੂਜਾ ਇਹ ਕਿ ਉਹ ਕਿਸੇ ਮਰਗ ਤੇ ਨਹੀਂ, ਸਗੋਂ ਕਿਸੇ ਫਿਲਮ ਦੀ ਸ਼ੂਟਿੰਗ ਤੇ ਜਾ ਰਹੇ ਹੋਣ

..........

ਮੈਨੂੰ ਮਿਲਣ ਆਉਂਣ ਤੋਂ ਪਹਿਲਾਂ ਫੋਨ ਕਰਨਾ ਸੀ ਉਪਾਸ਼ਕ ਜੀ,” ਅੰਮ੍ਰਿਤਾ ਦੇ ਮੂੰਹੋਂ ਇਹ ਬਚਨ ਸੁਣ ਅਸੀਂ ਬਾਹਰ ਆ ਗਏ ਪਰ ਮੈਨੂੰ ਅੰਮ੍ਰਿਤਾ ਦੇ ਉਹਨਾਂ ਦਿਨਾਂ ਦੇ ਹੁਸਨ ਦੀ ਝਲਕ ਕਈ ਸਾਲ ਤੱਕ ਨਾ ਭੁੱਲ ਸਕੀ


Monday, May 25, 2009

ਸੁਰਜੀਤ ਖ਼ੁਰਸ਼ੀਦੀ - ਰੌਂਗ ਨੰਬਰ ਕਿ ਲੇਖਕਾਂ ਦੀ ਡਾਇਰੈਕਟਰੀ ?

? - ਹੈਂ? ਕੀ ਇਹ ਨੰਬਰ ਰੌਂਗ ਹੈ?

- ਮੇਰਾ ਮਤਲਬ ਹੈ ਕਿ ਇਹ ਮੇਰਾ ਨੰਬਰ ਹੈ। ਤੁਸੀਂ ਜਿਹੜਾ ਡਾਇਲ ਕੀਤਾ ਹੈ ਇਹ ਉਹ ਨਹੀਂ ਹੈ।

? - ਮੈਂ ਤਾਂ ਇਹੋ ਡਾਇਲ ਕੀਤਾ ਹੈ ਜੀ!

- ਪਰ....ਪਰ ਏਥੇ ਤਾਂ ਮੇਰੇ ਸਿਵਾ ਕੋਈ ਰਹਿੰਦਾ ਵੀ ਨਹੀਂ ਜੀ। ਤੁਸੀਂ ਕਿਸਦੇ ਨਾਲ਼ ਗੱਲ ਕਰਨੀ ਹੈ?

? - ਸਮਝ ਲਵੋ ਕਿ..... ਤੁਹਾਡੇ ਨਾਲ਼ ਹੀ। ਕੀ ਕਰ ਰਹੇ ਸੀ ਏਨੀ ਰਾਤ ਗਏ?

- ਕੁਝ ਵੀ ਨਹੀਂ। ਬੱਸ ਜ਼ਰਾ....

? - (ਹੱਸਣ ਦੀ ਆਵਾਜ਼) ਏਨੀ ਰਾਤ ਗਏ ਜਾਗ ਰਹੇ ਸੀ ਅਤੇ ਕਰ ਕੁਝ ਵੀ ਨਹੀਂ ਸੀ ਰਹੇ? ਇਹ ਕਿਵੇਂ ਹੋ ਸਕਦਾ ਹੈ?

- ਮੈਡਮ ਮੇਰੇ ਪਾਸ ਫਾਲਤੂ ਗੱਲਾਂ ਲਈ ਸਮਾਂ ਨਈਂ ਹੁੰਦਾ। ਬਿਜ਼ੀ ਰਹਿੰਦਾ ਹਾਂ। ਅੱਜ ਵੀ ਬੱਸ ਹੁਣੇ-ਹੁਣੇ ਇੱਕ ਕਵਿਤਾ ਪੂਰੀ ਕਰਕੇ ਸੁੱਖ ਦਾ ਸਾਹ ਲੈ ਰਿਹਾ ਸੀ ਕਿ ਰੌਂਗ ਨੰਬਰ ਵਾਲ਼ੀ ਘੰਟੀ ਖੜਕ ਗਈ।

? - ਤਾਂ ਤੁਸੀਂ ਕਵੀ ਮਹਾਰਾਜ ਹੋ! ਖ਼ੁਸ਼ੀ ਹੋਈ ਜਾਣ ਕੇ। ਨਾਂ ਕੀ ਹੈ ਕਵੀ ਮਹਾਸ਼ਾ ਜੀ ਦਾ?

- ਹਰਭਜਨ।

? - ਹਰਭਜਨ? ਕਿਹੜਾ ਹਰਭਜਨ? ਹੁੰਦਲ ? ਵਿਚਾਰੇ ਨੂੰ ਰਾਜਨੀਤਕ ਹੀ ਦਮ ਨਹੀਂ ਲੈਣ ਦਿੰਦੇ। ਦਿੱਲੀ ਵਾਲ਼ੇ ? ਆਵਾਜ਼ ਤੁਹਾਡੀ ਉਹਨਾਂ ਵਰਗੀ ਨਹੀਂ ਹੈ। ਕੋਮਲ ? ਨਹੀਂ ਤੁਸੀਂ ਉਹ ਵੀ ਨਹੀਂ ਹੋ। ਉਨ੍ਹਾਂ ਨੂੰ ਵੀ ਮੈਂ ਜਾਣਦੀ ਹਾਂ। ਬਾਜਵਾ ? ਉਹ ਤਾਂ ਮਲੰਗ ਫੋਟੋਗ੍ਰਾਫਰ ਹੈ। ਬਟਾਲਵੀ ? ਵਿਚਾਰੇ ਨੂੰ ਆਕਾਸ਼ਵਾਣੀ ਦੀ ਕਬੀਲਦਾਰੀ ਨੇ ਦੱਬਿਆ ਹੋਇਆ ਹੈ। ਖੇਮਕਰਨੀ ? ਵਿਚਾਰਾ ਤਬਾਦਲਿਆਂ ਦੇ ਚੱਕਰ ਵਿਚੋਂ ਹੀ ਨਹੀਂ ਨਿਕਲ਼ ਰਿਹਾ। ਮਾਂਗਟ ? ਤਾਂ ਜੀ ਸਾਹਿਬ ਜੀ ਹੈ ਵਿਚਾਰਾ। ਫੇਰ ਤੁਸੀਂ ਕਿਹੜੇ ਨਵੇਂ ਹਰਭਜਨ ਜੰਮ ਪਏ ਹੋ?

( ਸੱਚੀ ਕਹਾਣੀ ਦਾ ਮੂਲ ਲੇਖਕ: ਮਰਹੂਮ ਸੁਰਜੀਤ ਖ਼ੁਰਸ਼ੀਦੀ, ਆਰਸੀ ਲਈ ਪੇਸ਼ਕਸ਼: ਹਰਭਜਨ ਸਿੰਘ ਮਾਂਗਟ )



Friday, May 22, 2009

ਸੁਖਿੰਦਰ – ਕਾਮਯਾਬੀ ਦਾ ਰਾਜ਼......ਸਮੋਸੇ ਕਿ ਵੇਸਣ ਦੀ ਬਰਫ਼ੀ?

ਪਿਛਲੇ ਦਿਨੀਂ ਔਟਵਾ, ਕੈਨੇਡਾ ਵਿੱਚ ਹੋਈ ਇੱਕ ਤਿੰਨ ਦਿਨੀਂ ਪੰਜਾਬੀ ਲੇਖਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਰਤੇ ਬਰੈਂਪਟਨ ਦੇ ਇੱਕ ਪੰਜਾਬੀ ਲੇਖਕ ਨੂੰ ਮੈਂ ਪੁੱਛਿਆ:
..............

"ਭਾਈ ਸਾਹਿਬ! ਤੁਸੀਂ 600 ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ਬੜੇ ਉਚੇਚ ਨਾਲ ਸਾਹਿਤਕ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਗਏ ਸੀ। ਸੁਣਿਆ ਹੈ ਉੱਥੇ ਕੈਨੇਡਾ ਦੇ ਬੜੇ ਨਾਮਵਰ ਲੇਖਕ ਪਹੁੰਚੇ ਹੋਏ ਸਨ ਅਤੇ ਪੰਜਾਬੀ ਕੈਨੇਡੀਅਨ ਪੰਜਾਬੀ ਕਵਿਤਾ, ਨਾਵਲ, ਕਹਾਣੀ, ਨਾਟਕ ਆਦਿ ਬਾਰੇ ਬੜੇ ਵਿਚਾਰ-ਵਟਾਂਦਰੇ ਹੋਏ ਹੋਣਗੇ। ਕਾਨਫਰੰਸ ਵਿੱਚ ਤੁਹਾਨੂੰ ਕਿਹੜੀ ਗੱਲ ਸਭ ਤੋਂ ਵੱਧ ਚੰਗੀ ਲੱਗੀ?”

............


ਉਹ ਬੜਾ ਮੂੰਹ ਬਣਾ ਕੇ ਕਹਿਣ ਲੱਗੇ: ਵੇਸਣ ਦੀ ਬਰਫ਼ੀ

..........


ਮੈਂ ਫਿਰ ਪੁੱਛਿਆ: ਕੀ ਗੱਲ ਕਿਸੇ ਲੇਖਕ, ਆਲੋਚਕ, ਸਮੀਖਿਆਕਾਰ ਦੀ ਕਹੀ ਗਈ ਕੋਈ ਗੱਲ ਚੰਗੀ ਨਹੀਂ ਲੱਗੀ?”

.............


ਉਹ ਫਿਰ ਬੜੇ ਗੰਭੀਰ ਹੋ ਕੇ ਬੋਲੇ: ਆਪਣੇ ਆਪਣੇ ਟੇਸਟ ਦੀ ਗੱਲ ਹੈ






Wednesday, May 20, 2009

ਬਲਬੀਰ ਸਿੰਘ ਮੋਮੀ – ਅੰਮ੍ਰਿਤਾ ਪ੍ਰੀਤਮ – ਸ਼ੱਮਾਅ ਇੱਕ ਤੇ ਪਰਵਾਨੇ......??

ਬਿਸ਼ਨ ਸਿੰਘ ਉਪਾਸ਼ਕ ਨਾਲ ਮੇਰੀ ਪਹਿਲੀ ਮੁਲਾਕਾਤ 1956 ਵਿਚ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਇਕ ਮੀਟਿੰਗ ਵਿਚ ਹੋਈਇਹ ਮੀਟਿੰਗਾਂ ਆਮ ਤੌਰ ਤੇ ਗੁਰਮਖ ਸਿੰਘ ਜੀਤ ਦੇ ਘਰ 21 ਐਡਵਰਡ ਸੁਕੇਅਰ ਜਾਂ ਨਾਲ ਦੇ ਬਲਾਕ ਵਿਚ ਰਹਿੰਦੇ ਪਿਆਰਾ ਸਿੰਘ ਐਮ. ਏ. ਜਾਂ ਵੇਦ ਪ੍ਰਕਾਸ਼ ਸ਼ਰਮਾ ਸ਼ਿਮਲਵੀ ਦੇ ਘਰ ਹੋਇਆ ਕਰਦੀਆਂ ਸਨਮੈਂ ਉਹਨੀਂ ਦਿਨੀਂ ਦਿੱਲੀ ਵਿਚ ਸੈਨਟਰੀ ਇਨਸਪੈਕਟਰ ਦਾ ਡਿਪਲੋਮਾ ਕਰ ਰਿਹਾ ਸਾਂ ਤੇ ਸ਼ੁਦਾਅ ਦੀ ਹੱਦ ਤੀਕ ਪੰਜਾਬੀ ਲਿਖਾਰੀਆਂ ਨੂੰ ਮਿਲਣ ਦਾ ਮੂਰਖ ਜਜ਼ਬਾ ਲੈ ਕੇ ਹਰ ਮੀਟਿੰਗ ਵਿਚ ਜਾਂਦਾ ਜਿਵੇਂ ਇਹ ਲੋਕ ਲਿਖਾਰੀ ਨਹੀਂ, ਸਗੋਂ ਕੋਈ ਰੱਬ ਹੋਣਜੋ ਲਿਖਾਰੀ ਇਹਨਾਂ ਮੀਟਿੰਗਾਂ ਵਿਚ ਨਹੀਂ ਆਂਦੇ ਸਨ, ਉਹਨਾਂ ਨੂੰ ਉਹਨਾਂ ਦੇ ਘਰਾਂ ਜਾਂ ਦਫਤਰਾਂ ਵਿਚ ਮਿਲਣ ਦੀ ਕੋਸ਼ਿਸ਼ ਕਰਦਾਇਕ ਮੁੰਡਾ ਖੁੰਡਾ ਸਮਝ ਅਤੇ ਕਈ ਕਿਤਾਬ ਨਾ ਛਪੀ ਹੋਣ ਕਾਰਨ ਇਹ ਮੈਨੂੰ ਘੱਟ ਹੀ ਜਾਣਦੇ ਸਨਓਸ ਵੇਲੇ ਤਕ ਸਿਰਫ਼ ਮੇਰੀਆਂ ਕੁਝ ਕਹਾਣੀਆਂ ਈ ਕੁਝ ਰਸਾਲਿਆਂ ਵਿਚ ਛਪੀਆਂ ਸਨ ਤੇ ਦਿੱਲੀ ਦੇ ਸਥਾਪਤ ਲੇਖਕਾਂ ਨੂੰ ਪ੍ਰਭਾਵਤ ਕਰਨ ਲਈ ਇਹ ਕੁਝ ਵੀ ਨਹੀਂ ਸਨਫਿਰ ਵੀ ਆਪਣੇ ਜਜ਼ਬੇ ਦੀ ਹਉਮੇ ਨੂੰ ਪੱਠੇ ਪੌਣ ਲਈ ਮੈਂ ਤਦ ਤੱਕ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ, ਮਹਿੰਦਰ ਸਿੰਘ ਸਰਨਾ, ਨਰਿੰਦਰਪਾਲ ਸਿੰਘ, ਪ੍ਰਭਜੋਤ ਕੌਰ, ਲੋਚਨ ਬਖਸ਼ੀ, ਠਾਕਰ ਪੰਛੀ, ਸਲਾਮ ਮਛਲੀ ਸ਼ਹਿਰੀ, ਨਰੇਸ਼ ਕੁਮਾਰ ਸ਼ਾਦ, ਫਿਕਰ ਤੌਂਸਵੀ, ਭਾਪਾ ਪ੍ਰੀਤਮ ਸਿੰਘ, ਪਿਆਰਾ ਸਿੰਘ ਦਾਤਾ ਆਦਿ ਨੂੰ ਮਿਲ ਚੁੱਕਾ ਸਾਂਇਹਨਾਂ ਵੱਡੇ ਨਾਵਾਂ ਵਾਲੇ ਲੇਖਕਾਂ ਚੋਂ ਕਈ ਸਭਾ ਦੀ ਮੀਟਿੰਗ ਵਿਚ ਕਦੇ ਵੀ ਨਹੀਂ ਆਉਂਦੇ ਸਨ

----

ਇਕ ਮੀਟਿੰਗ ਵਿਚ ਬਿਸ਼ਨ ਸਿੰਘ ਉਪਾਸ਼ਕ ਨਾਲ ਮੁਲਾਕਾਤ ਹੋਈਆਸ਼ਕ ਮਜਾਜ਼, ਛੜਾ ਛਾਂਟ, ਛੀਂਟ ਦੀ ਪੱਗ, ਮਧਰਾ ਪਰ ਗੱਠਿਆ ਸਰੀਰ, ਸਟੇਜੀ ਕਵਿਤਾ ਦਾ ਮਾਹਰ ਤੇ ਦਿੱਲੀ ਦੀਆਂ ਗਲੀਆਂ ਚੋਂ ਦੇਸੀ ਘਰ ਦੀ ਕੱਢੀ ਸ਼ਰਾਬ ਤੇ ਅੰਡਿਆਂ ਦਾ ਜਾਣਕਾਰ ਮੈਨੂੰ ਪਹਾੜ ਗੰਜ ਜਗਤ ਪ੍ਰੈੱਸ ਤੇ ਲੈ ਗਿਆ ਜਿਥੇ ਉਹ ਨੌਕਰੀ ਕਰਦਾ ਸੀਰਹਿੰਦਾ ਉਹ ਅਨੰਦ ਪਰਬਤ ਸੀ ਤੇ ਓਸ ਥਾਂ ਤੋਂ ਪਰ੍ਹਾਂ ਲਾਗੇ ਹੀ ਪਟੇਲ ਨਗਰ ਵਿਚ ਉਹਨੀਂ ਦਿਨੀਂ ਅੰਮ੍ਰਿਤਾ ਪ੍ਰੀਤਮ ਰਹਿੰਦੀ ਸੀਓਸ ਦਿਨ ਉਹਦੀ ਜੇਬ ਵਿਚ ਪੈਸੇ ਸਨਇਸ ਲਈ ਘਰ ਦੀ ਕੱਢੀ ਲੱਭਣ ਦੀ ਲੋੜ ਨਾ ਪਈਮੈਂ ਓਦੋਂ ਸ਼ਰਾਬ ਨਹੀਂ ਪੀਂਦਾ ਸਾਂ ਕਿਉਂਕਿ ਹਾਲੇ ਜ਼ਿੰਦਗੀ ਦੇ ਗ਼ਮ ਸ਼ੁਰੂ ਨਹੀਂ ਹੋਏ ਸਨ ਪਰ ਉਪਾਸ਼ਕ ਕਹਿਣ ਲਗਾ ਕਿ ਜੇ ਤੂੰ ਲੇਖਕ ਬਣਨਾ ਹੈ ਤਾਂ ਨੱਕ ਘੁੱਟ ਕੇ ਸਿੱਧੀ ਅੰਦਰ ਸੁੱਟ ਲਾ ਨਹੀਂ ਤਾਂ ਅਸੀਂ ਤੈਨੂੰ ਢਾਹ ਕੇ ਵੀ ਪਿਆ ਦਿਆਂਗੇਮੈਂ ਬਥੇਰਾ ਕਿਹਾ ਕਿ ਮੈਂ ਤਾਂ ਇਕ ਸਟੂਡੈਂਟ ਹਾਂ ਤੇ ਇਸ ਬਾਰੇ ਅਨਜਾਣ ਹਾਂ ਪਰ ਉਹ ਨਾ ਮੰਨਿਆ

----

ਜਦੋਂ ਅਰਧ ਸ਼ਰਾਬੀ ਹੋ ਗਏ ਤਾਂ ਓਸ ਜੇਬ ਵਿਚੋਂ ਇਕ ਚਿੱਠੀ ਕੱਢੀ, ਲਿਫਾਫੇ ਵਿਚ ਬੰਦ ਕੀਤੀ ਤੇ ਉਹ ਲਿਫਾਫਾ ਮੇਰੇ ਅੱਗੇ ਰੱਖ ਦਿਤਾ ਤੇ ਕਹਿਣ ਲੱਗਾ ਕਿ ਇਸ ਉਤੇ ਖ਼ੂਬਸੂਰਤ ਅੰਗਰੇਜ਼ੀ ਅੱਖਰਾਂ ਵਿਚ ਅੰਮ੍ਰਿਤਾ ਪ੍ਰੀਤਮ ਦਾ ਨਾਂ ਪਤਾ ਲਿਖ ਦੇਮੈਂ ਲਿਖ ਦਿੱਤਾ ਤਾਂ ਓਹ ਕਿੰਨਾ ਚਿਰ ਘੂਰ ਕੇ ਲਿਫਾਫੇ ਵੱਲ ਵਿੰਹਦਾ ਰਿਹਾ ਤੇ ਫਿਰ ਪੈਰ ਚੋਂ ਜੁੱਤੀ ਲਾਹ ਕੇ ਸੱਤ ਵਾਰ ਲਿਫਾਫੇ ਉਤੇ ਮਾਰ ਕੇ ਲਿਫਾਫਾ ਪਾੜ ਕੇ ਟੁਕੜੇ ਟੁਕੜੇ ਕਰ ਦਿਤਾ ਤੇ ਮੈਨੂੰ ਕਹਿਣ ਲੱਗਾ ਜਾ ਭੱਜ ਜਾ.... ਕੱਲ੍ਹ ਨੂੰ ਮਿਲਾਂਗੇ

----

ਕੁਝ ਸਾਲਾਂ ਬਾਅਦ ਉਪਾਸ਼ਕ ਦੀ ਦਿੱਲੀ ਦੀਆਂ ਸੜਕਾਂ ਉਤੇ ਸਾਈਕਲ ਚਲਾਉਂਦਿਆਂ ਐਕਸੀਡੈਂਟ ਵਿਚ ਮੌਤ ਹੋਣ ਤੋਂ ਬਾਅਦ ਉਸਦੀ ਸ਼ਨਾਖ਼ਤ ਲਈ ਜਦ ਪੁਲਸ ਨੇ ਉਹਦਾ ਬਟੂਆ ਖੋਲ੍ਹਿਆ ਤਾਂ ਉਸ ਵਿਚ ਅੰਮ੍ਰਿਤਾ ਪ੍ਰੀਤਮ ਦਾ ਪਤਾ ਤੇ ਫੋਨ ਨੰਬਰ ਸੀਪੁਲਸ ਵੱਲੋਂ ਅੰਮ੍ਰਿਤਾ ਨੂੰ ਫੋਨ ਤੇ ਉਪਾਸ਼ਕ ਬਾਰੇ ਪੁੱਛਿਆ ਤਾਂ ਉਸ ਕਿਹਾ ਕਿ ਮੈਂ ਤਾਂ ਇਸ ਸ਼ਖ਼ਸ ਨੂੰ ਜਾਣਦੀ ਤੱਕ ਨਹੀਂ



Sunday, May 3, 2009

ਹਰਭਜਨ ਮਾਂਗਟ - ਸੰਤ ਸਿੰਘ ਸੇਖੋਂ – ਆਸਤਿਕ ਕਿ ਨਾਸਤਿਕ?

ਇੱਕ ਵਾਰ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀ ਦਾ ਉੱਘਾ ਸਾਹਿਤਕਾਰ ਸੰਤ ਸਿੰਘ ਸੇਖੋਂ ਵੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵਜੋਂ ਖੜ੍ਹਾ ਹੋ ਗਿਆ।
...

ਇੱਕ ਪਿੰਡ ਅਕਾਲੀਆਂ ਦਾ ਸੀ। ਓਥੇ ਸੇਖੋਂ ਨੂੰ ਪਿੰਡ ਦੇ ਸਰਪੰਚ ਨੂੰ ਕਿਹਾ, ਸੇਖੋਂ ਸਾਹਿਬ ਮੇਰੇ ਇੱਕ ਸਵਾਲ ਦਾ ਜਵਾਲ ਦੇ ਦਿਓ....ਫੇਰ ਸਾਰੀਆਂ ਵੋਟਾਂ ਥੋਡੀਆਂ! ਸਵਾਲ ਹੈ: ਸੇਖੋਂ ਜੀ! ਕੀ ਤੁਸੀਂ ਰੱਬ ਨੂੰ ਮੰਨਦੇ ਓਂ?

.....


ਸੇਖੋਂ ਸੋਚਾਂ ਚ ਪੈ ਗਿਆ ਤੇ ਫੇਰ ਬੋਲਿਆ, ਸਰਪੰਚ ਸਾਹਿਬ! ਮੈਂ ਰੱਬ ਨੂੰ ਤਾਂ ਨਈਂ ਮੰਨਦਾ..ਪਰ....ਗੁਰੂ ਨਾਨਕ ਨੂੰ ਮੰਨਦਾ ਹਾਂ!

....


ਬੋਲੇ ਸੋ ਨਿਹਾਲ ਦਾ ਨਾਅਰਾ ਗੂੰਜਿਆ ਤੇ ਸਾਰੇ ਪਿੰਡ ਦੀਆਂ ਵੋਟਾਂ ਸੇਖੋਂ ਨੂੰ ਪੈ ਗਈਆਂ। ਇਹ ਵੱਖਰੀ ਗੱਲ ਹੈ ਕਿ ਚੋਣਾਂ ਦਾ ਨਤੀਜਾ ਆਉਂਣ ਤੇ ਸੇਖੋਂ ਹਾਰ ਗਿਆ ਤੇ ਜ਼ਮਾਨਤ ਜ਼ਬਤ ਹੋ ਗਈ।





Monday, April 20, 2009

ਬਲਬੀਰ ਸਿੰਘ ਮੋਮੀ – ਅਸਲੀ ਲਾੜਾ ਕੌਣ ?

ਸੁਰਗਵਾਸੀ ਪੰਜਾਬੀ ਲੇਖਕ ਹਰਪਾਲਜੀਤ ਪਾਲੀ ਨੇ ਯਤਨ ਤਾਂ ਬੜੇ ਕੀਤੇ, ਆਪਣੀ ਫੋਟੋ ਸਮੇਤ ਵਿਆਹ ਲਈ ਇਸ਼ਤਿਹਾਰ ਵੀ ਦਿੱਤੇ ਪਰ ਕੋਈ ਕੁੜੀ ਉਹਦੇ ਨਾਲ ਵਿਆਹ ਕਰਾਉਂਣ ਲਈ ਤਿਆਰ ਨਾ ਹੋਈਆਖਰ ਜਿਥੇ ਉਹਦੀ ਗੱਲ ਬਣੀ, ਓਥੇ ਸ਼ਰਤ ਸੀ ਕਿ ਜੰਜ ਬੱਸ ਤੇ ਆਵੇਪਾਲੀ ਕੋਲ ਏਨੇ ਪੈਸੇ ਨਹੀਂ ਸਨ ਪਰ ਮਰਦਾ ਕੀ ਨਾ ਕਰਦਾ ਵਾਲੀ ਗੱਲ ਸੀਆਖਰ ਜੋ ਬੱਸ ਮਿਲੀ, ਉਹਦਾ ਡਰਾਈਵਰ ਰੱਜ ਕੇ ਅੜਬ ਤੇ ਸ਼ਰਾਬੀ ਸੀਬੋਤਲ ਪੀਤੇ ਬਿਨਾ ਉਹ ਬੱਸ ਚਲਾਉਂਣ ਲਈ ਤਿਆਰ ਈ ਨਾ ਹੋਇਆ

----

ਰਾਹ ਵਿਚ ਜਦੋਂ ਦਾਰੂ ਚੜ੍ਹ ਗਈ ਤਾਂ ਬੱਸ ਖਲ੍ਹਾਰ ਕੇ ਇਕ ਰੁੱਖ ਥੱਲੇ ਲੰਮਾ ਪੈ ਗਿਆ ਕਿ ਨਸ਼ਾ ਉਤਰੂ ਤਾਂ ਤੁਰੂੰਸ਼ਰਾਬੀ ਹੋਇਆਂ ਹੋਰ ਕੋਈ ਜਾਹ ਜਾਂਦੀਏ ਹੋ ਜੇਓਧਰ ਜੰਜ ਲੇਟ ਹੋਈ ਜਾਵੇਬੜੀ ਮੁਸ਼ਕਲ ਨਾਲ ਉਠਾਇਆ ਤਾਂ ਇਕ ਅੰਗਰੇਜ਼ੀ ਦੇ ਠੇਕੇ ਮੂਹਰੇ ਫੇਰ ਬੱਸ ਰੋਕ ਕੇ ਕਹਿੰਦਾ, ਨਸ਼ਾ ਟੁੱਟ ਗਿਆ, ਲਿਆਓ ਬੋਤਲ, ਤਾਂ ਅਗੇ ਚੱਲੂੰ ।

----

ਜੰਜ ਤਾਂ ਲੇਟ ਹੋਣੀ ਈ ਸੀਰਾਤੀਂ ਹੋਰ ਪੀ ਕੇ ਉਲਟੀਆਂ ਕਰਦਾ ਰਿਹਾ ਤੇ ਅਗਲੇ ਦਿਨ ਤੁਰਨ ਤੋਂ ਪਹਿਲਾਂ ਕਹਿੰਦਾ, ਮੈਂ ਤਾਂ ਸੌ ਦਾ ਨੋਟ ਦੇਵੋਗੇ ਤਾਂ ਉਠਾਂਗਾ, ਹਾਲੇ ਮੈਂ ਹੋਰ ਸੌਣਾ ਹੈ।

ਪਾਲੀ ਕਹਿਣ ਲੱਗਾ, ਯਾਰੋ! ਜੰਜ ਦਾ ਲਾੜਾ ਮੈਂ ਕਾਹਦਾ ਹੋਇਆ, ਲਾੜਾ ਤਾਂ ਇਹ ਡਰਾਈਵਰ ਈ ਹੋਇਆ।


Saturday, April 4, 2009

ਸੁਰਿੰਦਰ ਸੋਹਲ - ਪਰਦੇ 'ਤੇ ਧਰਮਿੰਦਰ ਕਿ ਵੀਹਾਂ ਦਾ ਨੋਟ..??

ਆਪਣੇ ਵੇਲੇ ਦੇ ਚਰਚਿਤ ਸ਼ਾਇਰ, ਪੱਤਰਕਾਰ ਅਤੇ ਦੇਸ਼-ਭਗਤ ਜਰਨੈਲ ਸਿੰਘ ਅਰਸ਼ੀ ਦੀ ਅਖ਼ਬਾਰ ਲਲਕਾਰਦਾ ਦਫ਼ਤਰ ਲੁਧਿਆਣੇ ਵਿਚ ਸੀਦਫ਼ਤਰ ਦੇ ਨਾਲ ਹੀ ਨੌਲੱਖਾ ਸਿਨਮਾ ਸੀਇਕ ਵਾਰ ਪੰਦਰਾਂ ਦੋਸਤ ਇਕੱਠ ਹੋ ਕੇ ਆ ਗਏ
ਇੱਕ ਨੇ ਕਿਹਾ,‘ਅਰਸ਼ੀ, ਅਸੀਂ ਫਿਲਮ ਦੇਖਣੀ ਆਂਦੇਖਣੀ ਤੇਰੇ ਸਿਰੋਂ ਆਂਸਾਨੂੰ ਪੈਸੇ ਦੇ

ਇੱਕ ਰੁਪਇਆ ਪੰਜ ਪੈਸੇ ਦੀ ਟਿਕਟ ਸੀਅਰਸ਼ੀ ਨੇ ਵੀਹਾਂ ਦਾ ਨੋਟ ਕੱਢ ਕੇ ਫੜ੍ਹਾ ਦਿੱਤਾਇਕ ਜਣਾ ਗਿਆਸੋਲ਼ਾਂ ਟਿਕਟਾਂ ਲੈ ਆਇਆਅਰਸ਼ੀ ਨੇ ਪੁੱਛਿਆ,‘ਤੁਸੀਂ ਪੰਦਰਾਂ ਜਣੇ ਓਂ, ਸੋਲ਼ਾਂ ਟਿਕਟਾਂ ਕੀ ਕਰਨੀਆਂ ਸੀ?’


ਉਹ ਬੰਦਾ ਕਹਿਣ ਲੱਗਾ,‘ਅਰਸ਼ੀ ਤੂੰ ਵੀ ਸਾਡੇ ਨਾਲ ਫ਼ਿਲਮ ਦੇਖੇਂਗਾ


ਅਰਸ਼ੀ ਆਪਣੀ ਸਦਾ-ਬਹਾਰ ਸੁਰ ਵਿਚ ਬੋਲਿਆ, ਸਾਲਿਓ, ਮੈਨੂੰ ਫ਼ਿਲਮ ਸੁਝਣੀ ਆਂ, ਅੰਦਰ ਬੈਠੇ ਨੂੰ ਮੈਨੂੰ ਤਾਂ ਪਰਦੇ ਤੇ ਵੀਹਾਂ ਦਾ ਨੋਟ ਹੀ ਦਿਸੀ ਜਾਣੈਂ

(ਗੁਰਚਰਨ ਰਾਮਪੁਰੀ ਦੀ ਜ਼ਬਾਨੀ)




Monday, March 30, 2009

ਬਲਬੀਰ ਸਿੰਘ ਮੋਮੀ – ਕਬਾੜਖ਼ਾਨਾ ਕਿ ਲਾਇਬ੍ਰੇਰੀ..??

1966 ਵਿਚ ਮੇਰੀਆਂ 18 ਕਹਾਣੀਆਂ ਦੀ ਕਿਤਾਬ ਜੇ ਮੈਂ ਮਰ ਜਾਵਾਂ ਸ਼ਿਵ ਕੁਮਾਰ ਬਟਾਲਵੀ ਨੇ ਐਡਿਟ ਕੀਤੀ ਅਤੇ ਨਿਊ ਬੁੱਕ ਕੰਪਨੀ ਜਲੰਧਰ ਨੇ ਬੜੀ ਖ਼ੂਬਸੂਰਤ ਜਿਲਦ ਵਿਚ ਛਾਪੀ ਤੇ ਉਸ ਜ਼ਮਾਨੇ ਦੇ ਰੇਟਾਂ ਅਨੁਸਾਰ ਇਸ ਦੀ ਕੀਮਤ 6 ਰੁਪਏ ਰੱਖੀ ਸੀਸ਼ਿਵ ਕੁਮਾਰ ਨੇ ਇਸ ਕਿਤਾਬ ਦਾ ਬਹੁਤ ਦਿਲਕਸ਼ ਸੰਪਾਦਕੀ ਨੋਟ ਕਵਿਤਾ ਵਰਗੀ ਵਾਰਤਕ ਵਿਚ ਲਿਖਿਆ ਸੀਕਿਤਾਬ ਦੀ ਰਾਇਲਟੀ ਵਜੋਂ ਮੈਨੂੰ ਡੇਢ ਸੌ ਕਿਤਾਬ ਪ੍ਰਕਾਸ਼ਕ ਕੋਲੋਂ ਮਿਲੀਮੈਂ ਕੁਝ ਕਿਤਾਬਾਂ ਸਕੂਲਾਂ ਵਿਚ ਦੇ ਦਿੱਤੀਆਂ ਤੇ ਬਾਕੀ ਦੀਆਂ ਦੋਸਤਾਂ, ਸਾਹਿਤਕਾਰਾਂ, ਆਲੋਚਕਾਂ ਆਦਿ ਨੂੰ ਵੰਡ ਦਿਤੀਆਂ

ਸੰਨ 1975 ਵਿਚ ਜਾ ਕੇ ਮੈਨੂੰ ਇਕ ਕਾਪੀ ਦੀ ਲੋੜ ਪਈ ਕਿਓਂਕਿ ਮੇਰੇ ਕੋਲ਼ ਇਸ ਕਿਤਾਬ ਦੀ ਕੋਈ ਕਾਪੀ ਨਹੀਂ ਬਚੀ ਸੀਮੈਂ ਬਾਜ਼ਾਰ ਮਾਈ ਸੇਵਾਂ ਅੰਮ੍ਰਿਤਸਰ ਦੇ ਇਕ ਕਬਾੜੀਏ ਕੋਲ ਗਿਆ ਤੇ ਕਿਤਾਬ ਦੀ ਮੰਗ ਕੀਤੀਓਸ ਨੇ ਝੱਟ ਕਬਾੜਖ਼ਾਨੇ ਵਿਚੋਂ ਕਿਤਾਬ ਲੱਭ ਲਿਆਂਦੀ ਤੇ ਕਹਿਣ ਲੱਗਾ ਨੌਂ ਰੁਪੈ ਦਿਓਮੈਂ ਕਿਹਾ ਕਿ ਕਿਤਾਬ ਦੀ ਕੀਮਤ ਛੇ ਰੁਪੈ ਹੈ ਅਤੇ ਤੁਸੀਂ ਨੌਂ ਰੁਪੈ ਕਿਓਂ ਮੰਗ ਰਹੇ ਹੋ

ਕਬਾੜੀਆ ਹੱਸ ਕੇ ਕਹਿਣ ਲੱਗਾ, ਕਿਉਂਕਿ ਤੁਸੀਂ ਇਸ ਕਿਤਾਬ ਦੇ ਲੇਖਕ ਹੋ

ਮੈਂ ਪੁੱਛਿਆ ਤੁਹਾਨੂੰ ਕਿਵੇਂ ਪਤਾ ਕਿ ਮੈਂ ਇਸ ਕਿਤਾਬ ਦਾ ਲੇਖਕ ਹਾਂਓਸ ਜਵਾਬ ਦਿੱਤਾ ਕਿ ਸਾਡੀ ਦੁਕਾਨ ਤੇ ਰੋਜ਼ ਲੇਖਕ ਹੀ ਆਪਣੀਆਂ ਪੁਰਾਣੀਆਂ ਛਪੀਆਂ ਕਿਤਾਬਾਂ ਦੀ ਕਾਪੀ ਖਰੀਦਣ ਆਉਂਦੇ ਹਨ।




Sunday, March 22, 2009

ਸੁਰਿੰਦਰ ਸੋਹਲ – ਕੌਣ ਸਹੀ, ਕੌਣ .........!

ਸਵ. ਪੰਜਾਬੀ ਸ਼ਾਇਰ ਤੇ ਪੱਤਰਕਾਰ ਜਰਨੈਲ ਸਿੰਘ ਅਰਸ਼ੀ ਆਪਣੇ ਸਾਥੀਆਂ ਸੂਬਾ ਸਿੰਘ ਅਤੇ ਸੁਰਜੀਤ ਰਾਮਪੁਰੀ ਨਾਲ, ਲੁਧਿਆਣੇ ਚੌੜਾ ਬਾਜ਼ਾਰ ਵਿਚ ਤੁਰਿਆ ਆ ਰਿਹਾ ਸੀਅੱਗਿਓਂ ਇੱਕ ਬੰਦਾ ਆਇਆ ਤੇ ਉਹਨਾਂ ਨੂੰ ਰੋਕ ਕੇ ਗ਼ੁੱਸੇ-ਗਿਲੇ ਨਾਲ਼ ਬੋਲਿਆ,

ਗੱਲ ਸੁਣ ਉਏ ਅਰਸ਼ੀ, ਮੈਂ ਤੈਨੂੰ ਬੇੱਹਦ ਸਿਆਣਾ, ਸੁਘੜ ਤੇ ਅਕਲਮੰਦ ਬੰਦਾ ਸਮਝਦੈਂ, ਪਰ ਮੈਨੂੰ ਪਤਾ ਲੱਗੈ, ਤੂੰ ਮੈਨੂੰ ਬੇਵਕੂਫ਼ ਈ ਸਮਝ ਰਿਹੈਂ

ਅਰਸ਼ੀ ਨੇ ਉਸਨੂੰ ਜੱਫ਼ੀ ਪਾ ਕੇ ਪਿੱਠ ਥਾਪੜਦੇ ਹੋਏ ਹੌਸਲਾ ਦੇ ਕੇ ਕਿਹਾ, ਤੂੰ ਚਿੰਤਾ ਨਾ ਕਰ ਆਪਾਂ ਇਕ ਦੂਜੇ ਨੂੰ ਬਿਲਕੁਲ ਸਹੀ ਸਮਝਦੇ ਆਂ

ਫਿਰ ਠੀਕ ਐ,ਕਹਿ ਕੇ ਗ਼ੁੱਸੇ ਵਿਚ ਆਇਆ ਬੰਦਾ ਠੰਢਾ ਹੋ ਕੇ ਚਲਾ ਗਿਆ

(ਜਰਨੈਲ ਸਿੰਘ ਅਰਸ਼ੀ ਦੇ ਛੋਟੇ ਭਰਾ ਡਾ. ਪ੍ਰੀਤਮ ਸਿੰਘ ਥਿੰਦ ਦੀ ਜ਼ਬਾਨੀ)




Sunday, March 15, 2009

ਸੁਰਿੰਦਰ ਰਾਮਪੁਰੀ – ‘ਪੰਛੀ’ ਭਲਾ ਕਿ ‘ਚਿਤ੍ਰਕਾਰ’?

ਅਜਾਇਬ ਚਿਤ੍ਰਕਾਰ 1934 ਤੋਂ ਲਗਾਤਾਰ ਲਿਖ ਰਿਹਾ ਹੈ। ਉਨ੍ਹਾਂ ਦਿਨਾਂ ਵਿੱਚ ਲਾਹੌਰ ਤੋਂ ਸ਼੍ਰੀ ਹਰਕਿਸ਼ਨ ਸਿੰਘ ਪੰਜਾਬੀ ਸਾਹਿਤ ਪ੍ਰਕਾਸ਼ਿਤ ਕਰਦੇ ਸਨ। ਉਸ ਪਰਚੇ ਵਿੱਚ ਅਜਾਇਬ ਦੀਆਂ ਅਨੇਕ ਰਚਨਾਵਾਂ ਛਪੀਆਂ। 1942 ਦੇ ਵੱਡ-ਅਕਾਰੀ ਸਾਲਾਨਾ ਅੰਕ ਚ ਵੀ ਉਸਦੀ ਨਜ਼ਮ ਛਪੀ। ਉਦੋਂ ਉਹ ਅਜਾਇਬ ਸਿੰਘ ਪੰਛੀ ਦੇ ਨਾਲ ਹੇਠ ਲਿਖਦਾ ਸੀ।

ਇੱਕ ਦਿਨ ਸੰਤੋਖ ਸਿੰਘ ਧੀਰ ਨੇ ਆਪਣੀ ਉਂਗਲ ਹਵਾ ਚ ਲਹਿਰਾਉਂਦਿਆਂ ਕਿਹਾ ਅਜਾਇਬ! ਤੂੰ ਚੰਗਾ ਭਲਾ ਬੰਦਾ ਐਂ, ਜਨੌਰ ਕਿਉਂ ਬਣ ਗਿਐਂ?

ਅਜਾਇਬ ਨੇ ਪਹਿਲਾਂ ਧੀਰ ਦੇ ਮੂੰਹ ਵੱਲ ਵੇਖਿਆ ਫਿਰ ਉਸਦੀ ਉਂਗਲ਼ ਵੱਲ। ਫਿਰ ਕੁੱਝ ਸੋਚਿਆ, ਮਨ ਤੇ ਭਾਰ ਪਾਇਆ, ਫਿਰ ਆਪਣੀਆਂ ਦੋਹਾਂ ਕਲਾਵਾਂ ਦੇ ਸੁਮੇਲ ਦਾ ਪ੍ਰਤੀਕ ਤਖ਼ੱਲਸ ਅਜਾਇਬ ਚਿਤ੍ਰਕਾਰ ਬਣ ਗਿਆ।




Monday, March 9, 2009

ਬਲਬੀਰ ਸਿੰਘ ਮੋਮੀ - ਮਲਵਈ ਜੱਟ ਸ਼ਾਇਰ

ਫਿਰੋਜ਼ਪੁਰ ਜ਼ਿਲੇ ਵੱਲ ਦਾ ਇਕ ਹਿੰਸਕ ਮਲਵਈ ਜੱਟ ਪੰਜਾਬੀ ਸ਼ਾਇਰ ਗਵਰਧਨ ਸਿੰਘ ਮੁਕਤਸਰੀਆ ਇਕ ਵਾਰ ਅੰਮ੍ਰਿਤਸਰ ਪੰਜਾਬੀ ਮੁਸ਼ਾਇਰੇ 'ਚ ਹਿੱਸਾ ਲੈਣ ਗਿਆ ਤਾਂ ਓਥੋਂ ਦੇ ਪ੍ਰਬੰਧਕਾਂ ਨਾਲ ਸ਼ਰਾਬ ਪੀ ਕੇ ਲੜ ਪਿਆਕੁੱਟ ਮਾਰ ਵਿਚ ਚਾਰਜ ਹੋ ਅੰਦਰ ਹੋ ਗਿਆ ਤੇ ਬੜੀ ਭੱਜ ਨੱਠ ਬਾਅਦ ਜ਼ਮਾਨਤ ਤੇ ਬਾਹਰ ਆ ਕੇ ਜਦ ਪਹਿਲੀ ਪੇਸ਼ੀ ਭੁਗਤਣ ਅੰਮ੍ਰਿਤਸਰ ਦੀਆਂ ਕਚਹਿਰੀਆਂ ਵਿਚ ਆਇਆ ਤਾਂ ਇਹਤਿਆਤਨ ਆਪਣੇ ਨਾਲ ਮੁਕਤਸਰ ਵੱਲ ਦੇ ਇਕ ਲੈਂਡ-ਲਾਰਡ ਨੂੰ ਵੀ ਲੈ ਆਇਆ

ਕੋਰਟ ਵੱਲੋਂ ਅਗਲੀ ਤਾਰੀਖ ਪੈਣ ਤੇ ਕਚਹਿਰੀਆਂ ਦੇ ਬਾਹਰ ਬਣੇ ਢਾਬੇ ਤੇ ਚਾਹ ਪੀਂਦਿਆਂ ਮੁਕਤਸਰੀਆ ਸਰਦਾਰ ਮੁੱਛਾਂ ਨੂੰ ਵੱਟ ਚਾੜ੍ਹਦੇ ਖੂੰਡੇ ਵਾਲੇ ਮਝੈਲਾਂ ਨਾਲ਼ ਫੇਰ ਬਹਿਸ ਪਿਆ, ਤੁਸੀਂ ਕਿੱਧਰ ਦੇ ਸਰਦਾਰ ਓਏ! ਪੰਜ-ਪੰਜ ਘੁਮਾਂ ਦੇ ਮਾਲਕ, ਮੇਰੀ ਪੰਜ ਸੌ ਵਿੱਘੇ ਜ਼ਮੀਨ ਆ।


ਮਝੈਲ ਕਹਿਣ ਲੱਗਾ, "ਉਏ ਮਲਵਈਆ! ਸਾਨੂੰ ਪਤਾ ਤੇਰੀ ਪੰਜ ਸੌ ਵਿੱਘੇ ਅੱਕ, ਬੂਈਆਂ, ਭੱਖੜੇ ਤੇ ਪੋਹਲੀ ਵਾਲੀ ਬਰਾਨੀ ਜ਼ਮੀਨ ਦਾ ਸਾਡੇ ਤਾਂ ਫੀਮ ਦੇ ਟਰੱਕ ਚੱਲਦੇ ਆ, ਇਹ ਪੰਜ ਏਕੜ ਤਾਂ ਅਸਾਂ ਜ਼ਮਾਨਤਾਂ ਲਈ ਰੱਖੀ ਹੋਈ ਆ।




Saturday, March 7, 2009

ਦਰਸ਼ਨ ਦਰਵੇਸ਼ – ਦਾਰਸ਼ਨਿਕ ਕਿ ਪੱਕੇ ਰਿੰਦ?

ਐਵਾਰਡ ਜੇਤੂ ਦੋ ਦਾਰਸ਼ਨਿਕ ਪੰਜਾਬੀ ਸ਼ਾਇਰ ਮੁਸ਼ਾਇਰਾ ਖ਼ਤਮ ਹੋਣ ਤੋਂ ਬਾਅਦ ਪੈੱਗ ਲਾਉਂਣ ਨੂੰ ਤਿਆਰ ਖੜ੍ਹੇ ਸੀਇੱਕ ਸ਼ਾਇਰ ਦੂਜੇ ਨੂੰ ਕਹਿੰਦਾ : ਆਈਸ ਕਿਊਬ ਪਾ ਯਾਰਾ! ਕਾਹਦਾ ਇੰਤਜ਼ਾਰ ਕਰੀ ਜਾਨੈਂ?”

ਦੂਜਾ ਆਈਸ ਕਿਊਬ ਨੂੰ ਧਿਆਨ ਨਾਲ਼ ਦੇਖਦਾ ਬੋਲਿਆ : ਮੈਂ ਤਾਂ ਯਾਰਾ ਦੇਖ ਰਿਹਾ ਸੀ ਕਿ ਬਈ ਇਹ ਲੀਕ ਕਿੱਥੋਂ ਕਰ ਰਿਹੈ?”