Wednesday, December 2, 2009

ਸੁਰਿੰਦਰ ਸੋਹਲ – ਤੋਰੀਆਂ ‘ਚ ਦਿਲ ਵਸਦਾ – ਸ਼ੇਰ ਸਿੰਘ ਕੰਵਲ

ਨਿਊਯਾਰਕ ਤੋਂ ਸੁਰਿੰਦਰ ਸੋਹਲ, ਰਣਧੀਰ ਸਿੰਘ ਨਿਊਯਾਰਕ, ਕੇ ਐਲ ਗਰਗ ਅਤੇ ਬਲਦੇਵ ਗਰੇਵਾਲ ਨਿਆਗਰਾ ਫਾਲਜ਼ ਵਿਚ ਰਹਿੰਦੇ ਪੰਜਾਬੀ ਸ਼ਾਇਰ ਪ੍ਰੋ. ਸ਼ੇਰ ਸਿੰਘ ਕੰਵਲ ਨੂੰ ਮਿਲਣ ਗਏ। ਉਦੋਂ ਪ੍ਰੋ. ਸ਼ੇਰ ਸਿੰਘ ਕੰਵਲ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਣ ਦੇ ਨਾਲ ਨਾਲ, ਸਭ ਤੋਂ ਲੰਮੀਆਂ ਤੋਰੀਆਂ (ਡਾਨੀਆਂ) ਪੈਦਾ ਕਰਕੇ ਆਪਣਾ ਨਾਂ ਦੋ ਵਾਰ ਗਿਨੀਜ਼ ਬੁੱਕ ਵਿਚ ਦਰਜ ਕਰਵਾ ਚੁੱਕਾ ਸੀ। ਜਿਹੜੀਆਂ ਤੋਰੀਆਂ ਦੋ-ਢਾਈ ਫੁੱਟ ਤੱਕ ਲੰਮੀਆਂ ਹੁੰਦੀਆਂ ਹਨ, ਉਸ ਦੇ ਘਰ ਤੋਰੀਆਂ ਦੀ ਲੰਬਾਈ 57 ਇੰਚ, ਫਿਰ 76 ਇੰਚ ਤੇ ਮਗਰੋਂ ਜਾ ਕੇ 84 ਇੰਚ ਵੀ ਹੋ ਗਈ ਸੀ।

ਉਂਕਾਰਪ੍ਰੀਤ ਟੋਰਾਂਟੋ ਤੋਂ ਨਿਆਗਰਾ ਫਾਲਜ਼ ਆ ਗਿਆ ਸੀ।

ਸਾਰੀ ਰਾਤ ਖ਼ੂਬ ਖੱਪ ਪਾਉਂਦੇ ਰਹੇ।

ਦੂਜੇ ਦਿਨ ਸਵਰੇ ਉੱਠ ਕੇ ਨਾਸ਼ਤਾ ਕੀਤਾ। ਵਾਪਸੀ ਵੇਲੇ ਸਾਰੇ ਜਣੇ ਤੋਰੀਆਂ ਕੋਲ਼ ਖੜ੍ਹੇ ਸਨ।

........

ਸੁਰਿੰਦਰ ਸੋਹਲ ਨੇ ਪੁੱਛਿਆ,‘ਕੰਵਲ ਸਾਹਿਬ ਤੁਸੀਂ ਜਦੋਂ ਕਦੇ ਤੋਰੀਆਂ ਦੀ ਸਬਜ਼ੀ ਬਣਾਉਣ ਲਈ ਕੋਈ ਤੋਰੀ ਤੋੜਦੇ ਹੋ ਤਾਂ ਤੁਹਾਨੂੰ ਏਦਾਂ ਨਹੀਂ ਲੱਗਦਾ ਕਿ ਕਿਤੇ ਇਸਨੇ ਹੀ ਸਭ ਤੋਂ ਲੰਬੀ ਨਾ ਹੋ ਜਾਣਾ ਹੋਵੇ।’

........

ਪ੍ਰੋ. ਸ਼ੇਰ ਸਿੰਘ ਕੰਵਲ ਨੇ ਕਿਹਾ,‘ਨਹੀਂ, ਹਰ ਤੋਰੀ ਦੀ ਬਣਤਰ ਦੇਖ ਕੇ ਪਤਾ ਲੱਗਾ ਜਾਂਦੈ ਕਿ ਕਿਹੜੀ ਨੇ ਵੱਡੀ ਹੋਣੈ।’

........

ਰਣਧੀਰ ਸਿੰਘ ਨਿਊਯਾਰਕ ਨੇ ਕਿਹਾ, ‘ਸਾਨੂੰ ਇਕ ਤੋਰੀ ਦੇ ਦਿਉ, ਅਸੀਂ ਜਾ ਕੇ ਬਣਾਵਾਂਗੇ ਤੇ ਤੁਹਾਨੂੰ ਯਾਦ ਕਰਾਂਗੇ।’

ਪ੍ਰੋ. ਕੰਵਲ ਕੈਂਚੀ ਲੈ ਆਇਆ। ਉਸਨੇ ਬੜੇ ਗ਼ੌਰ ਨਾਲ ਤੋਰੀਆਂ ਨੂੰ ਦੇਖਿਆ ਤੇ ਇਕ ਤੋਰੀ ਕੱਟ ਦਿੱਤੀ।

ਸਭ ਆਪੋ ਆਪਣੇ ਘਰਾਂ ਨੂੰ ਤੁਰ ਪਏ।

.............

ਕੁਝ ਦਿਨਾਂ ਬਾਅਦ ਉਂਕਾਰਪ੍ਰੀਤ ਟੋਰਾਂਟੋ ਤੋਂ ਪ੍ਰੋ. ਕੰਵਲ ਦਾ ਕੰਪਿਊਟਰ ਠੀਕ ਕਰਨ ਆਇਆ।

ਉਸਨੇ ਪੁੱਛਿਆ, ‘ਕੰਵਲ ਸਾਹਿਬ, ਤੁਸੀਂ ਤੋਰੀਆਂ ਦੀ ਸਬਜ਼ੀ ਵੀ ਬਣਾਉਂਦੇ ਓ?’

...........

ਪ੍ਰੋ. ਕੰਵਲ ਨੇ ਕਿਹਾ,‘ਨਹੀਂ, ਕੀ ਪਤਾ ਹੁੰਦਾ ਕਿਹੜੀ ਤੋਰੀ ਨੇ ਲੰਬੀ ਹੋ ਜਾਣੈਂ।’

...........

ਉਂਕਾਰਪ੍ਰੀਤ ਨੇ ਕਿਹਾ,‘ਪਰ ਉਸ ਦਿਨ ਰਣਧੀਰ ਸਿੰਘ ਦੇ ਕਹਿਣ ’ਤੇ ਤੁਸੀਂ ਇਕਦਮ ਤੋਰੀ ਕੱਟ ਕੇ ਦੇ ਦਿੱਤੀ ਸੀ।’

.............

ਪ੍ਰੋ. ਕੰਵਲ ਬੋਲਿਆ, ‘ਉਂਕਾਰ, ਦੇਖ ਬੰਦੇ ਕਿੱਡੀ ਦੂਰੋਂ ਆਏ ਸੀ, ਇਸ ਕਰਕੇ ਉਹਨਾਂ ਨੂੰ ਮੈਂ ਤੋਰੀ ਦੇ ਦਿੱਤੀ। ਪਰ ਜਦੋਂ ਮੈਂ ਕੈਂਚੀ ਨਾਲ ਤੋਰੀ ਕੱਟ ਰਿਹਾ ਸੀ, ਉਦੋਂ ਆਪਣੇ ਦਿਲ ਦੀ ਹਾਲਤ ਜਾਂ ਮੈਂ ਜਾਣਦਾ ਸੀ, ਜਾਂ ਰੱਬ ਜਾਣਦਾ ਹੋਊ...।’






Tuesday, December 1, 2009

ਹਰਿਭਜਨ ਸਿੱਧੂ ਮਾਨਸਾ – ਮੈਂ ਦੋਹਾਂ ਦੇ ਵਿਚਕਾਰ ਬੈਠਾ ਹਾਂ – ਈਸ਼ਵਰ ਚੰਦਰ ਵਿਦਿਆ ਸਾਗਰ

ਪੰਡਤ ਈਸ਼ਵਰ ਚੰਦਰ ਵਿਦਿਆ ਸਾਗਰ ਕਿਤੇ ਜਾਣ ਲਈ ਰੇਲਵੇ ਸਟੇਸ਼ਨ ਤੇ ਪਹੁੰਚੇ। ਜਿਹੜੀ ਗੱਡੀ ਉਹਨਾਂ ਨੇ ਫੜਨੀ ਸੀ,ਉਹ ਖਚਾਖਚ ਭਰੀ ਹੋਈ ਸੀ। ਸੀਟ ਦੀ ਭਾਲ਼ ਕਰਦਿਆਂ ਉਹਨਾਂ ਨੂੰ ਦੋ ਅੰਗਰੇਜ਼ ਮੁਸਾਫ਼ਿਰਾਂ ਵਿਚਕਾਰ ਪਈ ਇੱਕ ਖ਼ਾਲੀ ਸੀਟ ਨਜ਼ਰ ਪਈ।, ਉਹ ਝਟਪਟ ਉੱਥੇ ਜਾ ਬੈਠੇ।

..........

ਗੋਰਿਆਂ ਨੂੰ ਇੱਕ ਭਾਰਤੀ ਵਿਅਕਤੀ ਦੇ ਇਸ ਵਤੀਰੇ ਤੇ ਡਾਹਢਾ ਗੁੱਸਾ ਆਇਆ।

ਉਹਨਾਂ ‘ਚੋਂ ਇੱਕ ਬੁੜਬੁੜਾਇਆ, “ ਮੂਰਖ!”

..........

ਦੂਜੇ ਜੇ ਕਿਹਾ, “ ਗਧਾ!”

.....

ਈਸ਼ਵਰ ਜੀ ਨੇ ਝੱਟ ਮੋੜਵਾਂ ਜਵਾਬ ਦਿੱਤਾ, “ ਜੀ ਹਾਂ! ਤੁਸੀਂ ਬਿਲਕੁਲ ਸਹੀ ਕਿਹੈ, ਮੈਂ ਉਹਨਾਂ ‘ਦੋਹਾਂ’ ਦੇ ਵਿਚਕਾਰ ਬੈਠਾ ਹਾਂ।”




Saturday, November 21, 2009

ਤਨਦੀਪ 'ਤਮੰਨਾ' - ਅਜਬ ਪ੍ਰੇਮ ਕੀ ਗਜ਼ਬ ਕਹਾਨੀ - ਗੁਰਮੀਤ ਬਰਾੜ

ਦੋਸਤੋ! ਪਿਛਲੇ 15-20 ਦਿਨਾਂ ਤੋਂ ਮੈਂ ਸਵਾਈਨ ਫਲੂ ਤੋਂ ਜ਼ਿਆਦਾ ਹੀ ਪੀੜਤ ਰਹੀ ਹਾਂ। ਤੁਹਾਡੇ ਮੋਹ ਅਤੇ ਦੁਆਵਾਂ ਸਦਕਾ ਹੌਲ਼ੀ-ਹੌਲ਼ੀ ਸਿਹਤਯਾਬ ਹੋ ਰਹੀ ਹਾਂ। ਤੁਸੀਂ ਸਾਰਿਆਂ ਨੇ ਮੇਰਾ ਦਿਲ ਈਮੇਲਾਂ ਭੇਜ ਕੇ ਲਵਾਈ ਰੱਖਿਆ ਹੈ। ਰਾਜਸਥਾਨ ਵਸਦੇ ਸ਼ਾਇਰ ਗੁਰਮੀਤ ਬਰਾੜ ਜੀ ਨੇ ਇਸ ਹਫ਼ਤੇ ਮੇਰੀ ਉਦਾਸੀ ਇਸ ਲਤੀਫ਼ੇ ਨਾਲ਼ ਦੂਰ ਕਰ ਦਿੱਤੀ, ਜਿਸਨੂੰ ਆਰਸੀ ਪਰਿਵਾਰ ਨਾਲ਼ ਸਾਂਝਾ ਕਰਦਿਆਂ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ:

ਇੱਕ ਪ੍ਰੇਮ ਕਹਾਣੀ – ਇੱਕ ਦੁਖਾਂਤ

ਇੱਕ ਸੂਰ ਨੂੰ ਇੱਕ ਮੁਰਗੀ ਨਾਲ਼ ਪਿਆਰ ਹੋ ਗਿਆ। ਦਿਨ ਬੀਤਦੇ ਗਏ। ਆਖ਼ਿਰ ਇੱਕ ਦਿਨ ਉਹਨਾਂ ਨੇ ਇੱਕ-ਦੂਜੇ ਨੂੰ ਹੋਠਾਂ ਦੀ ਛੋਹ ਦੇ ਕੇ ਇਸ ਪਵਿੱਤਰ ਜਜ਼ਬੇ ਦਾ ਇਜ਼ਹਾਰ ਕੀਤਾ।

ਅਗਲੇ ਦਿਨ ਅਖ਼ਬਾਰ ਦੀ ਸੁਰਖ਼ੀ ਸੀ:

ਇੱਕ ਸੂਰ ਦੀ ‘ਬਰਡ ਫਲੂ’ ਨਾਲ਼ ਤੇ ਇੱਕ ਮੁਰਗੀ ਦੀ ‘ਸਵਾਈਨ ਫਲੂ’ ਨਾਲ਼ ਮੌਤ

'ਅਜਬ ਪ੍ਰੇਮ ਕੀ ਗਜ਼ਬ ਕਹਾਨੀ'




Friday, October 23, 2009

ਹਰਪਾਲ ਸਿੰਘ ਭਿੰਡਰ – ਕਾਸ਼! ਸਭਾ ਨੇ ਸਨਮਾਨ...ਦਿਲ ਦੀਆਂ ਦਿਲ ਵਿਚ ਰਹਿ ਗਈਆਂ

ਇੱਕ ਵਾਰ ਮੇਰੇ ਇੱਕ ਵਿਦਵਾਨ ਦੋਸਤ ਦਾ, ਇੱਕ ਸਭਾ ਵਾਲ਼ਿਆਂ ਨੇ ਉਸਦੀਆਂ ਸੇਵਾਵਾਂ ਬਦਲੇ ਸਨਮਾਨ ਕਰਨ ਦਾ ਪ੍ਰੋਗਰਾਮ ਬਣਾਇਆ। ਅਸੀਂ ਦਿੱਤੇ ਹੋਏ ਸਮੇਂ ਮੁਤਾਬਿਕ ਪਹੁੰਚ ਗਏ। ਸਭਾ ਵਾਲਿਆਂ ਨੇ ਇਸ ਦਿਨ ਸਨਮਾਨ ਸਮਾਰੋਹ ਦੇ ਨਾਲ ਨਾਲ ਇੱਕ ਬਹੁਤ ਵੱਡਾ ਸੱਭਿਆਚਾਰਕ ਪ੍ਰੋਗਰਾਮ ਵੀ ਉਲੀਕਿਆ ਹੋਇਆ ਸੀ। ਪ੍ਰਬੰਧਕਾਂ ਨੇ ਪ੍ਰਮੁੱਖ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਦੋਸਤ ਦਾ ਸਨਮਾਨ ਕਰ ਦਿੱਤਾ। ਉਹ ਦੋ ਸ਼ਬਦ ਬੋਲ ਕੇ, ਆਪਣਾ ਸਨਮਾਨ ਚਿੰਨ੍ਹ ਲੈ ਕੇ ਮੇਰੇ ਕੋਲ ਆ ਬੈਠਾ।

................

ਪ੍ਰੋਗਰਾਮ ਸ਼ੁਰੂ ਹੋਇਆ ਜੋ ਕਲਾਤਮਕ ਪੱਖ ਤੋਂ ਬਹੁਤ ਹੀ ਅਕਾਊ, ਊਣਤਾਈਆਂ ਭਰਪੂਰ ਤੇ ਘਟੀਆ ਪੱਧਰ ਦਾ ਸੀ। ਸਲੀਕੇ ਦੇ ਤੌਰ ’ਤੇ ਸਾਡਾ ਓਥੇ ਬੈਠੇ ਰਹਿਣਾ ਜ਼ਰੂਰੀ ਵੀ ਸੀ ਤੇ ਮਜਬੂਰੀ ਵੀ। ਜਦੋਂ ਬਰਦਾਸ਼ਤ ਦੀ ਹੱਦ ਹੋ ਗਈ ਤਾਂ ਮੇਰਾ ਦੋਸਤ ਆਪਣੀ ਸਿਰੇ ਦੀ ਬੇਵੱਸੀ ਪ੍ਰਗਟਾਉਦਿਆਂ ਮੇਰੇ ਕੰਨ ’ਚ ਕਹਿਣ ਲੱਗਾ, “ਯਾਰ ਕੀ ਕਰੇ ਬੰਦਾ, ਆਹ ਹੁਣ ਇਹਨਾਂ ਨੇ ਮੇਰਾ ਸਨਮਾਨ ਜਿਹਾ ਕਰ ਦਿੱਤਾ ਨਹੀਂ ਤਾਂ ਇਸ ਪ੍ਰੋਗਰਾਮ ਦੇ ਬਾਰੇ ਅਖ਼ਬਾਰ ਵਿੱਚ ਲਿਖਣ ਦਾ ਮਜ਼ਾ ਬਹੁਤ ਆਉਣਾ ਸੀ।”



Wednesday, October 21, 2009

ਹਰਿਭਜਨ ਸਿੱਧੂ ਮਾਨਸਾ – ਸ਼ਾਇਰੀ ਦਾ ਵਰ ਕਿ ਸਰਾਪ? – ਮਜਾਜ਼ ਲਖਨਵੀ

ਉਰਦੂ ਦੇ ਮਹਾਨ ਸ਼ਾਇਰ ਮਜਾਜ਼ ਸਾਹਿਬ ਆਪਣੇ ਘਰ ਦੇ ਬੂਹੇ ‘ਤੇ ਕੁਰਸੀ ਡਾਹੀ ਬੈਠੇ ਸਨ ਕਿ ਇੱਕ ਮੰਗਤੇ ਨੇ ਆ ਅਲਖ ਜਗਾਈ।

“ਮੇਰੇ ਹਜ਼ੂਰ! ਕੁਝ ਦੇ ਦਿਓ!” ਮੰਗਤਾ ਵਾਹਵਾ ਦੇਰ ਮਿੰਨਤਾਂ ਕਰਦਾ ਰਿਹਾ ।

...........

ਮਜਾਜ਼ ਸਾਹਿਬ ਆਪਣੇ ਰੰਗ ਵਿਚ ਭੰਗ ਪੈਂਦਾ ਵੇਖ ਕੇ ਉਹਨੂੰ ਆਖਣ ਲੱਗੇ, “ ਹੁਣ ਜਾਹ ਯਾਰ ਪਰ੍ਹਾਂ, ਕਿਉਂ ਤੰਗ ਕਰੀ ਜਾਨੈਂ, ਹੈ ਨੀ ਮੇਰੇ ਕੋਲ਼ ਕੁਝ ਤੈਨੂੰ ਦੇਣ ਲਈ। ਜਾਹ! ਖ਼ੁਦਾ ਦਾ ਵਾਸਤਾ!”

ਪਰ ਮੰਗਤਾ ਉੱਥੇ ਹੀ ਪੈਰ ਗੱਡ ਕੇ ਖਲੋਤਾ ਸੀ, ਉਸਨੇ ਹੋਰ ਵੀ ਜ਼ਿਆਦਾ ਲੇਲੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

..............

ਮਜਾਜ਼ ਸਾਹਿਬ ਤੰਗ ਆਕੇ ਦੋ-ਚਾਰ ਗਾਲ੍ਹਾਂ ਕੱਢਣ ਪਿੱਛੋਂ ਆਖਣ ਲੱਗੇ, “ ਜਾਹ! ਤੁਰਦਾ ਬਣ, ਨਹੀਂ ਤਾਂ ਅਜਿਹਾ ਸਰਾਪ ਦਿਆਂਗਾ ਕਿ ਉਮਰ ਭਰ ਪਛਤਾਵੇਂਗਾ।”

................

“ਜੀ ਠੀਕ ਏ, ਸਰਾਪ ਈ ਦੇ ਦਿਓ, ਕੁਝ ਤਾਂ ਦੇ ਹੀ ਦਿਓ,” ਮੰਗਤਾ ਢੀਠ ਹੋ ਕੇ ਬੋਲਿਆ।

..........

ਏਨਾ ਸੁਣ ਕੇ ਮਜਾਜ਼ ਸਾਹਿਬ ਨੇ ਦੋਵੇਂ ਹੱਥ ਅਕਾਸ਼ ਵੱਲ ਉਠਾ ਕੇ ਦੁਆ ਕੀਤੀ, “ ਯਾ ਮੇਰੇ ਮਾਲਿਕ! ਇਹਨੂੰ ਵੀ ਸ਼ਾਇਰ ਬਣਾ ਦੇ...!”




Thursday, October 15, 2009

ਦਰਵੇਸ਼ – ਅਕਲ ਬਿਨਾ ਖੂਹ ਖ਼ਾਲੀ – ਇਮਰੋਜ਼

ਨਵਯੁਗ ਪ੍ਰੈਸ ਵਿਚ ਅੰਮ੍ਰਿਤਾ ਦੀ ਇਕ ਨਜ਼ਮ ਛਪ ਰਹੀ ਸੀ:

“ਸੂਰਜ ਦੇਵਤਾ ਬੂਹੇ ‘ਤੇ ਆਣ ਢੁੱਕਾ,

ਕਿਸੇ ਕਿਰਨ ਨਾ ਉੱਠ ਕੇ ਤੇਲ ਚੋਇਆ”

...............

ਉਸ ਸਮੇਂ ਉੱਥੇ ਇਕ ਸਾਹਿਤਕਾਰਨੁਮਾ ਸੱਜਣ ਬੈਠੇ ਹੋਏ ਸਨ, ਆਖਣ ਲੱਗੇ, “ ਇਹ ਹੋ ਹੀ ਨਹੀਂ ਸਕਦਾ ਕਿ ਸੂਰਜ ਆ ਜਾਏ ਤੇ ਕਿਰਨ ਨਾ ਆਵੇ...।”

............

ਕੋਲ਼ ਬੈਠੇ ਇਮਰੋਜ਼ ਜੀ ਬੋਲੇ, “ ਜਨਾਬ! ਬਿਲਕੁਲ ਹੋ ਸਕਦੈ, ਜਿਵੇਂ ਕੋਈ ਬੰਦਾ ਦੁਨੀਆਂ ‘ਚ ਤਾਂ ਆ ਜਾਵੇ, ਪਰ ਉਹਨੂੰ ਅਕਲ ਨਾ ਆਵੇ..।”




Sunday, October 11, 2009

ਤਨਦੀਪ ‘ਤਮੰਨਾ’ – “ਟਿਕਟ ਮਿਲ਼ਣੀ ਤੇ ਕਿਤਾਬ ਛਪਵਾਉਂਣੀ ਸੌਦਾ ਇੱਕੋ ਜਿਹਾ” – ਸੁਰਿੰਦਰ ਸੋਹਲ

ਨਿਊ ਯੌਰਕ, ਅਮਰੀਕਾ ਵਸਦੇ ਪੰਜਾਬੀ ਸ਼ਾਇਰ ਸੁਰਿੰਦਰ ਸੋਹਲ ਨੂੰ ਟਿਕਟ ਮਿਲ਼ ਗਈ। ਟਿਕਟ ਦਾ ਖ਼ਰਚ, ਕੋਰਟ ਫੀਸ ਤੇ ਸਟੇਟ ਟੈਕਸ ਪਾ ਕੇ ਉਹ ਟਿਕਟ 285 ਅਮਰੀਕਨ ਡਾਲਰ ਵਿਚ ਪਈ।

...............

ਆਪਣੇ ਮਨ ਨੂੰ ਤਸੱਲੀ ਦਿੰਦੇ ਹੋਏ ਸੁਰਿੰਦਰ ਸੋਹਲ ਨੇ ਆਪਣੇ ਮਿੱਤਰ ਅਮਰੀਕ ਸਿੰਘ ਨੂੰ ਕਿਹਾ,‘ਚਲੋ ਕੋਈ ਗੱਲ ਨਈਂ, ਸਮਝ ਲਵਾਂਗੇ ਇਕ ਹੋਰ ਕਿਤਾਬ ਹੀ ਛਪਾ ਲਈ।’

...............

ਅਮਰੀਕ ਸਿੰਘ ਨੇ ਸੋਹਲ ਵੱਲ ਟੇਢੀ ਨਜ਼ਰ ਨਾਲ ਦੇਖਦੇ ਹੋਏ ਭੋਲੇਪਨ ਨਾਲ਼ ਕਿਹਾ, “ਹੂੰ! ਇਹਦਾ ਮਤਲਬ ਅਮਰੀਕਾ ਵਿਚ ਟਿਕਟ ਮਿਲਣੀ ਤੇ ਪੰਜਾਬੀ ਵਿਚ ਕਿਤਾਬ ਛਪਣੀ, ਇੱਕੋ ਜਿੰਨੀਆਂ ਹੀ ਦੁਖਦਾਈ ਘਟਨਾਵਾਂ ਹੁੰਦੀਆਂ ਨੇ....?”

(ਸਰੋਤ-ਭਰੋਸੇਯੋਗ ਸੂਤਰ)




Sunday, October 4, 2009

ਹਰਿਭਜਨ ਸਿੱਧੂ ਮਾਨਸਾ – ਕੰਡਿਆਂ ਦੀ ਚੋਭ ਦੱਸਦੀ ਏ ਕਿ ਫੁੱਲ ਸੋਹਣਾ ਏਂ- ਮਿਲਟਨ

‘ਪੈਰਾਡਾਈਜ਼ ਲੌਸਟ’ ਦੇ ਸੰਸਾਰ ਪ੍ਰਸਿੱਧ ਲੇਖਕ ਮਿਲਟਨ ਦੀ ਨਿਗ੍ਹਾ ਚਾਲ਼ੀ ਕੁ ਸਾਲ ਦੀ ਉਮਰ ‘ਚ ਚਲੀ ਗਈ ਸੀ। ਮਿਲਟਨ ਦੀ ਦੂਜੀ ਪਤਨੀ ਨੂੰ ਆਪਣੇ ਹੁਸਨ ਦਾ ਗ਼ੁਮਾਨ ਰਹਿੰਦਾ ਸੀ। ਉਸਦੀ ਨਿਗ੍ਹਾ ਜਾਣ ਤੋਂ ਬਾਅਦ ਤਾਂ ਉਸਦੀ ਪਤਨੀ ਉਸ ਨਾਲ਼ ਹੋਰ ਵੀ ਭੈੜਾ ਵਿਹਾਰ ਕਰਨ ਲੱਗੀ।

.............

ਕਹਿੰਦੇ ਨੇ ਕਿ ਮਿਲਟਨ ਦੇ ਇਕ ਮਿੱਤਰ ਨੇ ਉਸਨੂੰ ਉਸਦੀ ਪਤਨੀ ਬਾਰੇ ਕਿਹਾ: “ਯਾਰ! ਤੇਰੀ ਪਤਨੀ ਤਾਂ ਸੂਹੇ ਗੁਲਾਬੀ ਫੁੱਲ ਜਿਹੀ ਕੋਮਲ ਲੱਗਦੀ ਹੈ।”

.............

ਸੁਣਕੇ ਮਿਲਟਨ ਮੁਸਕਰਾ ਕੇ ਕਹਿਣ ਲੱਗਾ: “ ਮਿੱਤਰਾ! ਤੁਸੀਂ ਸਾਰੇ ਠੀਕ ਹੀ ਆਖਦੇ ਹੋਵੋਂਗੇ। ਮੈਂ ਆਪਣੀ ਪਤਨੀ ਨੂੰ ਦੇਖ ਨ੍ਹੀਂ ਸਕਦਾ, ਪਰ ਉਸਦੇ ਕੰਡਿਆਂ ਦੀਆਂ ਚੋਭਾਂ ਅਕਸਰ ਮਹਿਸੂਸ ਕਰਦਾ ਹਾਂ।”




Friday, September 18, 2009

ਦਰਵੇਸ਼ – ਜ਼ਿੰਦਗੀ ‘ਚ ਦੋ ਇਸ਼ਕ ਨਸੀਬ ਹੋਣਾ ਥੋੜ੍ਹੀ ਗੱਲ ਹੈ? - ਅੰਮ੍ਰਿਤਾ ਪ੍ਰੀਤਮ

ਮੈਗਜ਼ੀਨ ਸਾਰਿਕਾ ਦੇ ਸੰਪਾਦਕ ਕਨ੍ਹਈਆ ਲਾਲ ਨੰਦਨ ਨੇ ਅਜੀਤ ਕੌਰ ਨੂੰ ਅੰਮ੍ਰਿਤਾ ਪ੍ਰੀਤਮ ਦੀ ਇੰਟਰਵਿਊ ਲੈਣ ਲਈ ਭੇਜਿਆ। ਨਾਲ਼ ਹੀ ਉਹਨਾਂ ਆਖਿਆ’ “ ਅੰਮ੍ਰਿਤਾ ਨੇ ਰਸੀਦੀ ਟਿਕਟ ਵਿਚ ਆਪਣੇ ਸਿਰਫ਼ ਦੋ ਇਸ਼ਕ ਲਿਖੇ ਹਨ, ਇਹ ਘੱਟ ਜਾਪਦੇ ਹਨ, ਤੂੰ ਪੁੱਛ ਕੇ ਬਾਕੀ ਵੀ ਲਿਖ ਲਿਆਵੀਂ।”

.......

ਅਜੀਤ ਕੌਰ ਨੇ ਆਉਂਦਿਆਂ ਨੰਦਨ ਦੀ ਜ਼ੁਬਾਨੀ ਇਹੀ ਪਹਿਲਾ ਸਵਾਲ ਕੀਤਾ, ਤਾਂ ਅੰਮ੍ਰਿਤਾ ਨੇ ਕਿਹਾ, “ ਫੇਰ ਲਿਖ.... ਕਿ ਨੰਦਨ ਨੂੰ ਤਾਂ ਜ਼ਿੰਦਗੀ ‘ਚ ਇੱਕ ਇਸ਼ਕ ਵੀ ਨਸੀਬ ਨਹੀਂ ਹੋਇਆ, ਮੈਨੂੰ ਤਾਂ ਦੋ ਨਸੀਬ ਹੋ ਗਏ ਨੇ, ਕੀ ਇਹ ਥੋੜ੍ਹੀ ਗੱਲ ਹੈ?”




Wednesday, September 9, 2009

ਬਲਵੰਤ ਗਾਰਗੀ – “ਦੋ ਅੰਨ੍ਹੇ – ਕਰਤਾਰ ਸਿੰਘ ਦੁੱਗਲ ਤੇ...?”

ਰੇਡਿਓ ਲਈ ‘ਲੋਹਾ ਕੁੱਟ’ ਨਾਟਕ ਤਿਆਰ ਕਰਨ ਤੋਂ ਬਾਅਦ ਮੇਰੇ ਅਤੇ ਕਰਤਾਰ ਸਿੰਘ ਦੁੱਗਲ ‘ਚ ਖਹਿਬੜ ਨਾਲ਼ ਸਾਡੇ ਰਿਸ਼ਤੇ ਵਿਚ ਇੱਕ ਗੰਢ ਪੈ ਗਈ! ਪਿਆਰ ਅਤੇ ਦੋਸਤੀ ਦੀ ਗੰਢ ਨਹੀਂ, ਅਕਸਰ ਸਮਝ ਦੀ ਗੰਢ ਨਹੀਂ, ਸਗੋਂ ਰੜਕ ਦੀ ਗੰਢ।

----

ਇਸ ਪਿੱਛੋਂ ਮੈਂ ਨਾਟਕ ‘ਕੁਆਰੀ ਟੀਸੀ’ ਲਿਖਿਆ। ਦੁੱਗਲ ਨੇ ਪੜ੍ਹ ਕੇ ਮੋੜ ਦਿੱਤਾ। ਅੱਠ ਮਹੀਨੇ ਨਾ ਮੈਂ ਕੋਈ ਨਾਟਕ ਲਿਖਿਆ ਨਾ ਦੁੱਗਲ ਨੇ ਮੇਰਾ ਕੋਈ ਨਾਟਕ ਬਰੌਡਕਾਸਟ ਕੀਤਾ।

.......

ਇੱਕ ਦਿਨ ਉਸਨੇ ਆਖਿਆ, “ ਨਾਟਕ ਲਿਖਣਾ ਭੁੱਲ ਗਿਐਂ ਨਾ? ਕੋਈ ਲਿਖਿਆ ਈ ਨੀ ਨਾਟਕ?”

.......

“ਨਹੀਂ।”

.........

“ ਫਿਰ ਤੂੰ ਨਾਟਕਕਾਰ ਹੀ ਨਹੀਂ। ਜਿਹੜੇ ਕਿਸੇ ਇੱਕ ਨਾਟਕ ਦੇ ਭੈੜਾ ਆਖੇ ਜਾਣ ਉੱਤੇ ਨਾਟਕ ਲਿਖਣੇ ਬੰਦ ਕਰ ਦੇਵੇ, ਉਸ ਨੂੰ ਕੌਣ ਕਲਾਕਾਰ ਮੰਨੇਗਾ? ਲੋਕ ਮੇਰੀਆਂ ਕਹਾਣੀਆਂ ਨੂੰ ਭੈੜਾ ਆਖਦੇ ਨੇ, ਫੇਰ ਵੀ ਮੈਂ ਲਿਖਦਾਂ--”

...........

ਗੱਲ ਠੀਕ ਸੀ। ਮੈਨੂੰ ਗ਼ੁੱਸਾ ਕਿਸ ਉੱਤੇ? ਦੁੱਗਲ ਉੱਤੇ ਕਿ ਨਾਟਕ ਉੱਤੇ?

------

ਇਹਨੀਂ ਦਿਨੀਂ ਮੈਂ ਇੱਕ ਨਿੱਕਾ ਜਿਹਾ ਨਾਟਕ ਲਿਖਿਆ: ਦੋ ਅੰਨ੍ਹੇ। ਦੁੱਗਲ ਨੇ ਉਸ ਨੂੰ ਪ੍ਰੋਡਿਊਸ ਕੀਤਾ। ਅਖ਼ਬਾਰ ਨੇ ਇਸ ਤਰ੍ਹਾਂ ਛਾਪਿਆ: ਦੋ ਅੰਨ੍ਹੇ --- ਲੇਖਕ ਗਾਰਗੀ, ਨਿਰਦੇਸ਼ਕ ਦੁੱਗਲ।

...........

ਰੇਡਿਓ ਸਟੇਸ਼ਨ ਵਿਚ ਮਖੌਲ ਮਸ਼ਹੂਰ ਹੋ ਗਿਆ। ਦੋ ਅੰਨ੍ਹੇ – ਕਰਤਾਰ ਸਿੰਘ ਦੁੱਗਲ ਤੇ ਬਲਵੰਤ ਗਾਰਗੀ।



Saturday, September 5, 2009

ਹਰਿਭਜਨ ਸਿੱਧੂ ਮਾਨਸਾ – 'ਸ਼ਰਬਤ-ਏ-ਦੀਦਾਰ' ਦਾ ਮੁੱਲ – ਸ਼ੁਕਲ

ਆਚਾਰੀਆ ਰਾਮ ਚੰਦਰ ਸ਼ੁਕਲ ਇੱਕ ਵਾਰ ਲਾਲਾ ਭਗਵਾਨ ਦੀਨ ਅਤੇ ਬਾਬੂ ਰਾਮ ਚੰਦਰ ਵਰਮਾ ਜੀ ਨਾਲ਼ ਜੇਠ ਮਹੀਨੇ ਦੀ ਭਿਅੰਕਰ ਗਰਮੀ ਦੌਰਾਨ ਲਖਨਊ ਦੇ ਅਮੀਨਾ ਬਾਜ਼ਾਰ ਪਾਰਕ ਵਿਚ ਇੱਕ ਸ਼ਰਬਤ ਵਾਲ਼ੀ ਦੀ ਦੁਕਾਨ ਤੇ ਗਏ। ਸ਼ਰਬਤ ਇੱਕ ਬਦਸੂਰਤ, ਕਾਲ਼ੀ-ਕਲੂਟੀ ਜਿਹੀ ਅਧਖੜ੍ਹ ਉਮਰ ਦੀ ਸੁਆਣੀ ਬਣਾ ਕੇ ਦੇ ਰਹੀ ਸੀ। ਸ਼ਰਬਤ ਦੇ ਪੈਸੇ ਵੀ ਉਸਨੇ ਜ਼ਿਆਦਾ ਹੀ ਮੰਗ ਲਏ। ਲਾਲਾ ਜੀ ਤੇ ਵਰਮਾ ਜੀ ਨੇ ਏਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ।

................

ਏਸੇ ਗੱਲ ਤੇ ਆਪਣੀਆਂ ਮੁੱਛਾਂ ਵਿਚੋਂ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦੇ ਹੋਏ ਸ਼ੁਕਲ ਜੀ ਬੋਲੇ, “ ਦੇ ਦਿਓ! ਦੇ ਦਿਓ ਉਸਨੂੰ ਪੈਸੇ, ਇਹ ਏਨੇ ਬਹੁਤੇ ਨਹੀਂ ਲੱਗਦੇ, ਤੇ ਨਾਲ਼ੇ ਇਹਨਾਂ ਵਿਚ ਤਾਂ 'ਸ਼ਰਬਤ-ਏ-ਦੀਦਾਰ' ਦੇ ਪੈਸੇ ਵੀ ਤਾਂ ਸ਼ਾਮਲ ਹਨ।”

...............

ਅਨਪੜ੍ਹ ਔਰਤ ਤਾਂ ਭਲਾ ਕੀ ਸਮਝਦੀ, ਲਾਲਾ ਜੀ ਤੇ ਵਰਮਾ ਜੀ ਹੱਸ-ਹੱਸ ਲੋਟ-ਪੋਟ ਹੋ ਗਏ।



Wednesday, September 2, 2009

ਗੁਰਮੇਲ ਬਦੇਸ਼ਾ - ਬੀਵੀ ਜੀ! ਆਖ਼ਿਰ ਵਿਕਿਆ ਕੌਣ? - ਸ਼ੇਖ਼ ਸਾਅਦੀ

ਈਰਾਨ ਦੇ ਸੁਪ੍ਰਸਿੱਧ ਲੇਖਕ ਸ਼ੇਖ਼ ਸਾਅਦੀ ਇੱਕ ਵਾਰ ਇਕਾਂਤ-ਵੱਸ ਹੋਕੇ ਮਾਰੂਥਲ ਵੱਲ ਨੂੰ ਹੋ ਤੁਰੇ ।
ਰਸਤੇ ਵਿੱਚ ਇਸਾਈ ਕਾਮੇ ਇੱਕ ਖਾਲ਼ੀ (ਮੋਰਚਾ) ਪੁੱਟ ਰਹੇ ਸਨ । ਉਨ੍ਹਾਂ ਨੇ ਸਾਅਦੀ ਸਾਹਿਬ ਨੁੰ ਫੜ ਕੇ ਕੈਦੀਆਂ ਨਾਲ ਮੋਰਚਾ ਪੁੱਟਣ ਲਾ ਲਿਆ । ਥੋੜੇ ਚਿਰ ਬਾਅਦ ਸਾਅਦੀ ਸਾਹਿਬ ਦਾ ਇੱਕ ਪੁਰਾਣਾ ਮਿੱਤਰ ਉੱਥੇ ਆ ਗਿਆ । ਸ਼ੇਖ਼ ਸਾਹਿਬ ਨੇ ਆਪਣੀ ਕਹਾਣੀ ਉਸ ਨੂੰ ਦੱਸੀ ।
----
ਅੰਤ ਮਿੱਤਰ ਨੇ ਈਸਾਈਆਂ ਨੂੰ ਦਸ ਦਿਨਾਰ ਦੇ ਕੇ ਉਸ ਨੂੰ ਉਨ੍ਹਾਂ ਤੋਂ ਛੁਡਾ ਲਿਆ, ਅਤੇ ਆਪਣੇ ਘਰੇ ਲੈ ਆਇਆ । ਉਸ ਤੋਂ ਪ੍ਰਭਾਵਿਤ ਹੋ ਕੇ ਆਪਣੀ ਲੜਕੀ ਦਾ ਨਿਕਾਹ ਸ਼ੇਖ ਸਾਅਦੀ ਸਾਹਿਬ ਨਾਲ ਕਰ ਦਿੱਤਾ ਅਤੇ ਨਾਲ ਹੀ ਇੱਕ ਸੌ ਦੀਨਾਰ ਦੇ ਦਿੱਤਾ । ----
ਪਰ ਮਿੱਤਰ ਦੀ ਲੜਕੀ - ਜੋ ਸਾਅਦੀ ਸਾਹਿਬ ਦੀ ਪਤਨੀ ਬਣ ਚੁੱਕੀ ਸੀ, ਬੜੀ ਮੂੰਹ ਜ਼ੋਰ ਸੀ ।

ਇੱਕ ਦਿਨ ਸਾਅਦੀ ਉੱਪਰ ਮਿਹਣਾ ਕਸਦਿਆਂ ਕਹਿਣ ਲੱਗੀ, 'ਤੁਸੀਂ ਉਹੋ ਹੀ ਹੋ ਨਾ , ਜਿਸ ਨੂੰ ਮੇਰੇ ਪਿਤਾ ਨੇ ਦਸ ਦੀਨਾਰ ਦੇ ਕੇ ਖ੍ਰੀਦਿਆ ਸੀ !'
----
ਅੱਗੋਂ ਸਾਅਦੀ ਸਾਹਿਬ ਕਿਹੜਾ ਘੱਟ ਸਨ । ਉਨ੍ਹਾਂ ਨੇ ਤੁਰੰਤ ਮੋੜਵਾਂ ਜੁਆਬ ਦਿੰਦਿਆਂ ਕਿਹਾ, 'ਹਾਂ ! ਮੈਂ ਉਹੀ ਹਾਂ ! ..ਜਿਸ ਨੂੰ ਤੇਰੇ ਬਾਪ ਨੇ ਦਸ ਦੀਨਾਰ ਵਿੱਚ ਖਰੀਦਿਆ ਸੀ , 'ਤੇ ਸੌ ਦੀਨਾਰ ਵਿੱਚ ਤੇਰੇ ਕੋਲ਼ ਵੇਚ ਦਿੱਤਾ..!'





Monday, August 31, 2009

ਦਰਵੇਸ਼ - ਪ੍ਰਕਾਸ਼ਕਾਂ ਦੀ ਯਾਦ-ਸ਼ਕਤੀ ਦੀ ਬੱਲੇ-ਬੱਲੇ - ਦੇਵ

ਜਦੋਂ ਲੇਖਕ ਦੇਵ ਦੀ ਕਿਤਾਬ 'ਦੂਸਰੇ ਕਿਨਾਰੇ ਦੀ ਤਲਾਸ਼' ਛਪ ਰਹੀ ਸੀ ਤਾਂ ਉਹ ਆਪਣੇ ਪ੍ਰਕਾਸ਼ਕ ਨੂੰ ਮਿਲ਼ਣ ਗਿਆ।
ਪ੍ਰਕਾਸ਼ਕ ਨੇ ਵੇਖਦਿਆਂ ਹੀ ਤਪਾਕ ਨਾਲ਼ ਕਿਹਾ," ਆਉ! ਆਉ!! ਵੇਦ ਜੀ!"
...........
ਦੇਵ ਨੇ ਕਿਹਾ, " ਜੀ ਮੇਰਾ ਨਾਮ 'ਵੇਦ' ਨਹੀਂ ਦੇਵ ਹੈ!"
..............
ਪ੍ਰਕਾਸ਼ਕ ਨੇ ਕਿਹਾ," ਅੱਛਾ,ਅੱਛਾ ਦੇਵ ਜੀ, ਮੈਨੂੰ ਪਤਾ ਹੈ ਤੁਹਾਡੀ ਕਹਾਣੀਆਂ ਦੀ ਕਿਤਾਬ ਮੇਰੇ ਕੋਲ਼ ਛਪਦੀ ਪਈ ਹੈ!"
...............
ਦੇਵ ਇੱਕ ਵਾਰੀ ਤਾਂ ਬੌਖ਼ਲਾ ਗਿਆ, ਤੇ ਫੇਰ ਕਹਿਣ ਲੱਗਾ," ਨਹੀਂ ਜੀ, ਕਹਾਣੀਆਂ ਦੀ ਨਹੀਂ, ਕਵਿਤਾ ਦੀ ਕਿਤਾਬ ਛਪ ਰਹੀ ਹੈ...!"

Friday, August 21, 2009

ਦਰਵੇਸ਼ – "... ਜੇ ਮੁੱਖ ਬੰਦ ਨਹੀਂ ਲਿਖਣਾ ਤਾਂ ਖਰੜਾ ਵਾਪਸ ਹੀ ਕਰ ਦਿਓ..." – ਅਸ਼ਕ

ਹਿੰਦੀ ਦੇ ਪ੍ਰਸਿੱਧ ਲੇਖਕ ਉਪੇਂਦਰ ਨਾਥ ਅਸ਼ਕ ਇੱਕ ਵਾਰੀ ਆਪਣੀ ਕਿਸੇ ਪੁਸਤਕ ਦਾ ਮੁੱਖ-ਬੰਦ ਲਿਖਵਾਉਂਣ ਲਈ ਪੁਸਤਕ ਦਾ ਖਰੜਾ ਡਾ: ਮੋਹਨ ਸਿੰਘ ਦੀਵਾਨਾ ਨੂੰ ਦੇ ਗਏ। ਅਸ਼ਕ ਸਾਹਿਬ ਗਾਹੇ-ਬਗਾਹੇ ਉਨ੍ਹਾਂ ਦੇ ਘਰ ਦੇ ਚੱਕਰ ਲਾਉਂਦੇ ਰਹੇ ਤੇ ਡਾ: ਦੀਵਾਨਾ ਸਾਹਿਬ ਟਾਲ਼ਦੇ ਰਹੇ।

............

ਇੱਕ ਦਿਨ ਅਸ਼ਕ ਨੇ ਤੰਗ ਆ ਕੇ ਕਿਹਾ, “ ਜੇ ਮੁੱਖ ਬੰਦ ਨਹੀਂ ਲਿਖਣਾ ਤਾਂ ਖਰੜਾ ਵਾਪਸ ਹੀ ਕਰ ਦਿਓ!”

..............

ਡਾ: ਦੀਵਾਨਾ ਉਹਨੀਂ ਦਿਨੀਂ ਲਾਹੌਰ ‘ਚ ‘ਕਪੂਰਥਲਾ ਹਾਊਸ’ ਵਿਚ ਕਿਸੇ ਚੁਬਾਰੇ ‘ਚ ਰਿਹਾ ਕਰਦੇ ਸਨ।

“ਲਉ! ਲੈ ਜਾਓ,” ਕਹਿ ਕੇ ਉਹਨਾਂ ਖਰੜਾ ਉਪਰੋਂ ਹੀ ਵਗਾਹ ਕੇ ਥੱਲੇ ਮਾਰਿਆ ਜੋ ਹੇਠਾਂ ਖੜ੍ਹੇ ਅਸ਼ਕ ਦੇ ਪੈਰਾਂ ‘ਚ ਆ ਡਿੱਗਿਆ।




Thursday, August 13, 2009

ਦਰਵੇਸ਼ – “..ਇਤਨੀ ਹਲਕੀ ਸ਼ਾਇਰੀ ਕਰੋਗੇ ਤੋ ਯਹੀ ਹੋਗਾ..” – ਫ਼ਿਰਾਕ ਗੋਰਖਪੁਰੀ

ਇੱਕ ਵਾਰ ਫ਼ਿਰਾਕ ਗੋਰਖਪੁਰੀ ਸਾਹਿਬ ਸਾਹਿਰ ਲੁਧਿਆਣਵੀ ਦੇ ਘਰ ਠਹਿਰੇ ਹੋਏ ਸਨ। ਇੱਕ ਦਿਨ ਗੱਲਾਂ ਹੋ ਰਹੀਆਂ ਸਨ ਕਿ ਕਿਤਾਬਾਂ ਦੀ ਰਾਇਲਟੀ ਨਹੀਂ ਮਿਲ਼ਦੀ।

ਇਤਫ਼ਾਕ ਸੀ ਕਿ ਉਸੇ ਵੇਲ਼ੇ ਸਾਹਿਰ ਨੂੰ ਇੱਕ ਪ੍ਰਕਾਸ਼ਕ ਵੱਲੋਂ ਰਾਇਲਟੀ ਦੇ ਹਿਸਾਬ ਨਾਲ਼ ਮਨੀਆਰਡਰ ਆ ਗਿਆ।

.......

ਸਾਹਿਰ ਨੇ ਹੱਸ ਕੇ ਆਖਿਆ, “ ਦੇਖੋ ਫ਼ਿਰਾਕ! ਹਮੇਂ ਤੋ ਰਾਇਲਟੀ ਮਿਲਤੀ ਹੈ।”

........


ਫ਼ਿਰਾਕ ਸਾਹਿਬ ਨੇ ਇੱਕ ਸਿਗਰੇਟ ਸੁਲਗਾਇਆ ਤੇ ਇੱਕ ਲੰਬਾ ਕਸ਼ ਲੈ ਕੇ ਬੋਲੇ, “ ਹਾਂ ਬੇਟਾ! ਇਤਨੀ ਹਲਕੀ ਸ਼ਾਇਰੀ ਕਰੋਗੇ ਤੋ ਯਹੀ ਹੋਗਾ।”