ਪਿਕਾਸੋ ਦੀ ਇੱਕ ਪੇਂਟਿੰਗ ਇੱਕ ਅਮੀਰ ਵਿਧਵਾ ਅਮਰੀਕਨ ਔਰਤ ਨੇ ਵੀਹ ਹਜ਼ਾਰ ਡਾਲਰ ‘ਚ ਖਰੀਦ ਲਈ ਤੇ ਪੁੱਛਣ ਲੱਗੀ, “ਪਿਕਾਸੋ, ਇਸ ਪੇਂਟਿੰਗ ਦੇ ਕੀ ਅਰਥ ਨੇ?”...............
ਪਿਕਾਸੋ ਨੇ ਜਵਾਬ ਦਿੱਤਾ, “ਇਹਦੇ ਹੋਰ ਕੋਈ ਅਰਥ ਨਹੀਂ, ਸਿਰਫ਼ ਵੀਹ ਹਜ਼ਾਰ ਡਾਲਰ ਹੀ ਇਹਦੇ ਅਰਥ ਨੇ।”
ਇੱਕ ਵਾਰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਿਸੇ ਸਾਹਿਤਕ ਸਮਾਗਮ ਤੇ ਇਕੱਠੇ ਹੋਏ ਗ਼ਜ਼ਲਗੋ ਇਸ ਗੱਲ ਤੇ ਚਰਚਾ ਕਰ ਰਹੇ ਸਨ ਕਿ ਫਾਰਸੀ ਅਤੇ ਉਰਦੂ ‘ਚ ਲਿਖੀ ਜਾ ਰਹੀ ਗ਼ਜ਼ਲ ਦੇ ਮੁਕਾਬਲੇ ਪੰਜਾਬੀ ਗ਼ਜ਼ਲ ਘੱਟ ਮਕਬੂਲ ਕਿਉਂ ਹੈ। ਹਰੇਕ ਨੇ ਆਪੋ-ਆਪਣੇ ਵਿਚਾਰ ਦਿੱਤੇ। ਜਦੋਂ ਵਾਰੀ ਆਈ, “ਗੜਵਾ ਲੈ ਦੇ ਚਾਂਦੀ ਦਾ, ਲੱਕ ਹਿੱਲੇ ਮਜਾਜਣ ਜਾਂਦੀ ਦਾ’ ਵਾਲ਼ੇ ਇੰਦਰਜੀਤ ਹਸਨਪੁਰੀ ਦੀ, ਉਹ ਆਖਣ ਲੱਗਾ:
“ਯਾਰੋ! ਮੈਂ ਸੋਚਦਾਂ ...ਜੇ ਪੰਜਾਬੀ ਗ਼ਜ਼ਲ ਨੂੰ ਮਕਬੂਲ ਕਰਨੈਂ ਤਾਂ ਇਹਨੂੰ ‘ਢੱਡ-ਸਾਰੰਗੀ’ ਤੇ ਗਵਾਓ..ਪੰਜਾਬੀਆਂ ਨੂੰ ਤਾਂ ਹੀ ਸਮਝ ਪੈਣੀ ਆਂ...!”
ਚੁੱਪ-ਚਾਪ ਬੈਠੇ ਲੇਖਕਾਂ ‘ਚ ਹਾਸੜ ਮੱਚ ਗਈ।
ਇੱਕ ਦਿਨ ਮੇਰੇ ਦੋਸਤ ਦਾ ਫੋਨ ਆਇਆ ।
ਇੱਕ ਵਾਰ ਸਿੱਧੂ ਦਮਦਮੀ ਨੇ ਆਪਣੀ ਪਹਿਲੀ ਅਤੇ ਸ਼ਾਇਦ ਆਖ਼ਰੀ ਕਵਿਤਾ ਦੀ ਕਿਤਾਬ ਰਾਮ ਸਿੰਘ ਚਾਹਲ ਨੂੰ ਭੇਂਟ ਕਰਦਿਆਂ ਆਖਿਆ –"ਆਹ ਲੈ ਬਈ ਆਪਣਾ ਵੀ ਕਵਿਤਾ ਦਾ ਮਜ਼ਮੂਆਂ ਆ ਗਿਆ ਹੈ, ਦੇਖ ਜ਼ਰਾ! ਆਪਣੀ ਕਵਿਤਾ ਦਾ ਕਮਾਲ।"
.........
ਚਾਹਲ ਨੇ ਕਿਤਾਬ ਉਲਟਾ ਪੁਲਟਾ ਕੇ ਵੇਖੀ ਅਤੇ ਠੰਡੀ ਹੋ ਰਹੀ ਚਾਹ ਦਾ ਘੁੱਟ ਭਰਨ ਲੱਗ ਪਿਆ। ਦਮਦਮੀ ਨੇ ੫-੪ ਮਿੰਟ ਤਾਂ ਸਹਾਰਿਆ ਅਤੇ ਅਖ਼ੀਰ ਬੋਲ ਹੀ ਪਿਆ-
" ਕਮਾਲ ਐ ਯਾਰ ਇਹਨੂੰ ਫਰੋਲਕੇ ਤਾਂ ਵੇਖ ਲੈ, ਤੂੰ ਤਾਂ ਬਿਗਾਨਿਆਂ ਵਾਂਗ ਪਾਸੇ ਰੱਖ ਦਿੱਤੀ "।
..........
ਰਾਮ ਸਿੰਘ ਚਾਹਲ ਨੇ ਦੁਬਾਰਾ ਕਿਤਾਬ ਉਠਾਈ ਅਤੇ ਬੋਲਿਆ –
" ਹੈਂ!! ਇਹਦੇ 'ਚ ਕਿਤਾਬ ਵੀ ਐ , ਮੈਂ ਤਾਂ ਸੋਚਿਆ ਕਿ ਤੂੰ ਸਿਰਫ਼ ਟਾਈਟਲ ਅਤੇ ਜਿਲਦ ਵਿਖਾਉਣ ਹੀ ਆਇਐਂ ।”
ਕਿਉਂਕਿ ਕਿਤਾਬ ਸਿਰਫ਼ ੪੦ ਸਫਿਆਂ ਦੀ ਅਤੇ ਜਿਲਦ ਦਾ ਭਾਰ ੨੦੦ ਸਫ਼ਿਆਂ ਦੀ ਕਿਤਾਬ ਜਿੰਨਾ ਸੀ।
ਦਰਵੇਸ਼ ਜੀ ਦੀ ਭੇਜੀ 3 ਜੁਲਾਈ ਦੀ ਪੋਸਟ ਤੋਂ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਜੀ.ਬੀ.ਸ਼ਾਅ ਦੀ ਹਾਜ਼ਰ-ਜਵਾਬੀ ਦਾ ਇੱਕ ਹੋਰ ਵਾਕਿਆ ਯਾਦ ਆ ਗਿਆ ਹੈ। ਜੌਰਜ ਨੇ ਵਿਆਹ ਕਰਾਉਂਣਾ ਜ਼ਰੂਰੀ ਨਹੀਂ ਸਮਝਿਆ ਤੇ ਸਾਰੀ ਉਮਰ ਇਕੱਲਾ ਹੀ ਰਿਹਾ। .....................
ਕਹਿੰਦੇ ਨੇ ਇੱਕ ਸਮਾਗਮ ‘ਚ ਇੱਕ ਖ਼ੂਬਸੂਰਤ ਤੇ ਅਮੀਰ ਔਰਤ ਉਸਤੇ ਮਰ ਮਿਟੀ ਤੇ ਆਖਣ ਲੱਗੀ:
“ ਜੌਰਜ! ਜੇ ਤੇਰਾ-ਮੇਰਾ ਵਿਆਹ ਹੋ ਜਾਏ ਤਾਂ ਸੋਹਣੀਆਂ ਸੂਰਤਾਂ ਤੇ ਸੋਹਣੀਆਂ ਸੀਰਤਾਂ ਵਾਲ਼ੇ ਬੱਚੇ ਪੈਦਾ ਹੋਣਗੇ।”
...............
ਜੌਰਜ ਇੱਕ ਦਮ ਬੋਲਿਆ, “ ਇਹ ਤਾਂ ਠੀਕ ਹੈ, ਪਰ ਜੇ ਨਤੀਜੇ ਉਲਟ ਨਿੱਕਲ਼ੇ ....ਫੇਰ...???
ਉਹ ਔਰਤ ਨਿਰੁੱਤਰ ਹੋ ਕੇ ਚਲੀ ਗਈ।

ਇਕ ਵਾਰ ਜੌਰਜ ਬਰਨਾਅਰਡ ਸ਼ਾਅ ਬੁੱਕ ਸਟਾਲ ਤੇ ਪੁਰਾਣੀਆਂ ਕਿਤਾਬਾਂ ਫਰੋਲ਼ ਰਿਹਾ ਸੀ ਤਾਂ ਉਸਨੂੰ ਆਪਣੇ ਹੀ ਨਾਟਕਾਂ ਦੀ ਇਕ ਕਿਤਾਬ ਨਜ਼ਰ ਆਈ। ਕਿਤਾਬ ਦੇ ਅੰਦਰ ਉਸ ਆਪਣੇ ਹੀ ਹੱਥੀਂ ਲਿਖੀ ਭੇਂਟ-ਸਤਰ ਪੜ੍ਹੀ...“ ਪਿਆਰ ਨਾਲ਼....
ਜੀ.ਬੀ.ਸ਼ਾਅ ”
ਉਸਨੇ ਉਹ ਕਿਤਾਬ ਖਰੀਦ ਲਈ ਤੇ ਓਸੇ ਸਤਰ ਹੇਠਾਂ ਆਪਣੇ ਹੱਥੀਂ ਦਿੱਤਾ...
“ ਨਵੇਂ ਸਿਰਿਓਂ...
ਪਿਆਰ ਨਾਲ਼...
ਜੀ.ਬੀ. ਸ਼ਾਅ ”
ਅਤੇ ਉਹ ਪੁਸਤਕ ਮੁੜ ਆਪਣੇ ਓਸੇ ਮਿੱਤਰ ਨੂੰ ਭੇਜ ਦਿੱਤੀ।

ਜਦੋਂ ਅੰਮ੍ਰਿਤਾ ਪ੍ਰੀਤਮ ਮੈਨੂੰ ਪਹਿਲੀ ਵਾਰ ਮਿਲ਼ੀ ਤਾਂ ਇੰਝ ਜਾਪਿਆ, ਜਿਵੇਂ ਉਸਨੂੰ ਲੋਕਾਂ ਨੇ ‘ਸੋਹਣੀ ਸੋਹਣੀ’ ਆਖ ਚੰਭਲਾ ਰੱਖਿਆ ਹੋਵੇ! ਮੈਂ ਸਫ਼ੇ ਪਰਤਦਿਆਂ ਆਖਿਆ, “ ਕਿੰਨਾ ਕੁਝ ਫਾਲਤੂ!”
ਉਸਦੇ ਮੱਥੇ ਉੱਤੇ ਤਿਓੜੀ ਖਿੱਚੀ ਗਈ ਅਤੇ ਕੱਜਲ ਦੇ ਡੋਰੇ ਹੋਰ ਵੀ ਡੂੰਘੇ ਹੋ ਗਏ।
ਮੈਂ ਆਖਿਆ, “ਜਿਲਦ ਸੋਹਣੀ ਐ, ਕਾਗਜ਼ ਵਧੀਆ ਐ, ਪਰ ਕਵਿਤਾਵਾਂ – ਬਹੁਤ ਸਾਰੀਆਂ ਦਾ ਵਜ਼ਨ ਡੋਲਦਾ ਐ!”
“ ਪਰ ਮੈਂ ਤਾਂ ਵਜ਼ਨ ਤੋਂ ਬਗੈਰ ਹੀ ਲਿਖੀਆਂ ਨੇ।”
“ਤੁਹਾਡੀਆਂ ਕਵਿਤਾਵਾਂ ਦਾ ਵਜ਼ਨ ਗ਼ਲਤ ਐ,” ਮੈਂ ਬਹੁਤ ਰੁੱਖੇ ਜਿਹੇ ਲਹਿਜ਼ੇ ‘ਚ ਆਖਿਆ।
“ ਕੀ ਤੁਸੀਂ ਕਵਿਤਾ ਲਿਖਦੇ ਓ?” ਉਸ ਮਹਿਣਾ ਮਾਰਿਆ।
“ ਨਹੀਂ, ਪਰ ਪਰਖਦਾ ਹਾਂ।”
“ ਪ੍ਰੀਤਲੜੀ ਵਿਚ ਤਾਂ ਕਦੇ ਕਿਸੇ ਨੇ ਇਨ੍ਹਾਂ ਦੇ ਵਜ਼ਨ ‘ਚ ਗ਼ਲਤੀ ਨਹੀਂ ਕੱਢੀ।”
ਮੈਂ ਉੱਤਰ ਦਿੱਤਾ, “ ਪ੍ਰੀਤਲੜੀ ਦੇ ਕਰਤਿਆਂ ਧਰਤਿਆਂ ਨੂੰ ਕਵਿਤਾ ਦੇ ਮੀਟਰ ਦੀ ਘਟ ਹੀ ਸਮਝ ਐ। ਜਿਸ ਕਵਿਤਾ ਦਾ ਵਜ਼ਨ ਗ਼ਲਤ ਹੈ, ਉਹ ਉਸ ਘੜੀ ਵਾਂਗ ਹੈ ਜੋ ਗ਼ਲਤ ਵਕ਼ਤ ਦੱਸਦੀ ਹੋਵੇ। ਘੜੀ ਹੈ, ਸੂਈਆਂ ਹਨ, ਚਾਬੀ ਹੈ, ਇਹ ਟਿਕ-ਟਿਕ ਵੀ ਕਰਦੀ ਹੈ, ਪਰ ਜਦੋਂ ਵਕ਼ਤ ਈ ਗ਼ਲਤ ਦੱਸੇ ਤਾਂ ਅਜਿਹੀ ਘੜੀ ਦਾ ਕੀ ਫ਼ਾਇਦਾ?”
“ਮੈਂ ਆਪਣੀ ਕਵਿਤਾ ਨੂੰ ਰਵਾਇਤੀ ਵਜ਼ਨਾਂ ਤੇ ਛੰਦਾਂ ਉੱਤੇ ਨਹੀਂ ਢਾਲ਼ਦੀ। ਮੈਂ ਨਵੀਆਂ ਬਹਿਰਾਂ ‘ਚ ਤਜਰਬੇ ਕਰ ਰਹੀ ਹਾਂ।”
“ਪਹਿਲਾਂ ਤੁਸੀਂ ਪੁਰਾਣੇ ਬਹਿਰਾਂ ਤੇ ਛੰਦਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੋ। ਜੋ ਪੁਰਾਣੇ ਛੰਦਾਂ ਉੱਤੇ ਪੂਰੀ ਤਰ੍ਹਾਂ ਹਾਵੀ ਨਹੀਂ, ਉਹ ਨਵੇਂ ਤਜਰਬੇ ਵੀ ਨਹੀਂ ਕਰ ਸਕਦਾ।”
“ਕਿਉਂ? ਮੇਰੀ ਕਵਿਤਾ ਨਵੇਂ ਖ਼ਿਆਲਾਂ ਨੂੰ, ਨਵੇਂ ਵਲਵਲਿਆਂ ਨੂੰ ਪ੍ਰਗਟਾਉਂਦੀ ਐ, ਇਸ ਲਈ ਇਹਨਾਂ ਦੀ ਚਾਲ ਤੇ ਨੁਹਾਰ ਨਵੇਕਲ਼ੀ ਹੋਵੇਗੀ।”
“ ਤੁਸੀਂ ਅੱਡਰਾ ਵਜ਼ਨ ਚੁਣਦੇ ਓ, ਪਰ ਨਿਰਾ ਅੱਡਰਾ ਵਜ਼ਨ ਚੁਣਨ ਨਾਲ਼ ਕਵਿਤਾ ਵਿਚ ਉਹ ਗੱਲ ਨਹੀਂ ਆ ਸਕਦੀ, ਜਿਹੜੀ ਤੁਸੀਂ ਸੋਚਦੇ ਓ। ਤੁਹਾਡੇ ਮੀਟਰ ਵਿਚ ਕੱਚਾਪਨ ਹੈ ਕਿਵੇਂ ਕੱਚੇ-ਪਿੱਲੇ ਭਾਂਡੇ ਵਿਚ ਹੁੰਦਾ ਹੈ। ਰਤਾ ਕੁ ਟੁਣਕਾ ਕੇ ਵੇਖੋ ਤਾਂ ਇਹ ਖੜਕਦਾ ਨਹੀਂ। ਜੇ ਮੈਂ ਘੁਮਿਆਰਨ ਦੀ ਤੁਲਨਾ ਜਾਰੀ ਰੱਖਾਂ ਤਾਂ ਇਸ ਤਰ੍ਹਾਂ ਆਖਾਂਗਾ ਕਿ ਤੁਸੀਂ ਚੱਕ ਤੇ ਬੈਠ ਕੇ ਸੰਜਮ ਨਹੀਂ ਕੀਤਾ। ਏਸੇ ਕਰਕੇ ਤੁਹਾਡੀਆਂ ਝੱਜਰੀਆਂ ਸੁਰਾਹੀਆਂ ਦੇ ਕੰਢੇ ਟੇਢੇ ਮੇਢੇ ਹਨ। ਇਨ੍ਹਾਂ ਵਿਚ ਇੱਕ ਨਿਪੁੰਨ ਘੁਮਿਆਰਨ ਦੀਆਂ ਉਂਗਲਾਂ ਦੀ ਛੋਹ ਨਹੀਂ। ਤੁਹਾਡੀ ਕਵਿਤਾ ਦੇ ਸ਼ਬਦ ਇਕ ਦੂਜੇ ਨਾਲ਼ ਖਹਿ ਕੇ ਭਖਦੇ ਨਹੀਂ, ਉਨ੍ਹਾਂ ਵਿਚੋਂ ਚੰਗਿਆੜੇ ਨਹੀਂ ਨਿਕਲ਼ਦੇ।”
ਉਸ ਗ਼ਰੂਰ ਨਾਲ਼ ਪੱਲੇ ਵਿਚੋਂ ਝਾਕ ਕੇ ਆਖਿਆ, “ ਚੰਗਿਆੜੇ ਤਾਂ ਨਿਕਲ਼ਦੇ ਹਨ, ਪਰ ਮਹਿਸੂਸ ਕਰਨ ਦੀ ਗੱਲ ਹੈ।”
ਮੈਂ ਵਿਅੰਗ ਨਾਲ਼ ਆਖਿਆ, “ ਹਾਂ ਮਹਿਸੂਸ ਕਰਨ ਦੀ।”
ਉਸ ਫਿਰ ਸਿਰ ਚੁੱਕਿਆ, “ ਤੁਸੀਂ ਕਵਿਤਾ ਨਾ ਲਿਖਣਾ ਕਦੀ, ਨਹੀਂ ਤਾਂ ਤੁਹਾਡੀ ਕਵਿਤਾ ਦੇ ਚੰਗਿਆੜੇ ਲੋਕਾਂ ਨੂੰ ਸਾੜ ਦੇਣਗੇ।”
